ਨਵਾਂਸ਼ਹਿਰ 31 ਜਨਵਰੀ 2021 - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਨਵਾਂਸ਼ਹਿਰ ਦੇ ਪਿੰਡ ਕਾਜਮਪੁਰ ਦੇ ਤਿਹਾੜ ਜੇਲ੍ਹ ‘ਚ ਬੰਦ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ । ਪਿਛਲੇ ਦਿਨੀਂ ਗਣਤੰਤਰ ਦਿਵਸ ‘ਤੇ ਕਿਸਾਨਾਂ ਵੱਲੋਂ ਕੱਢੀ ਟਰੈਕਟਰ ਪਰੇਡ ਦੌਰਾਨ ਗ੍ਰਿਫ਼ਤਾਰ ਕੀਤੇ ਨੌਜਵਾਨ ਰਣਜੀਤ ਸਿੰਘ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ।
ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਟਰੈਕਟਰ ਪਰੇਡ ਦੌਰਾਨ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਅਕਾਲੀ ਦਲ ਕਾਨੂੰਨੀ ਪੈਂਰਵੀ ਕਰਕੇ ਇਨਸਾਫ਼ ਦਿਵਾਏਗਾ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਪਿੰਡ-ਪਿੰਡ ਜਾ ਕੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮਿਲਕੇ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸ਼ਾ ਦਿੱਤਾ ਜਾ ਰਿਹਾ ਹੈ।ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਨੌਜਵਾਨ ਸਾਡਾ ਭਵਿੱਖ ਹਨ, ਅਸੀਂ ਆਪਣੇ ਭਵਿੱਖ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਜਾਂ ਤਸ਼ਦੱਦ ਬਰਦਾਸ਼ਤ ਨਹੀਂ ਕਰਾਂਗੇ।
ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਸ਼ੰਘਰਸ ਕਰ ਰਹੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਕੇਂਦਰ ਸਰਕਾਰ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਰੱਦ ਕਰਵਾਉਣ ਲਈ ਅੱਜ ਪੂਰਾ ਦੇਸ਼ ਕਿਸਾਨਾਂ ਦੇ ਨਾਲ ਖੜ੍ਹਾ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਡਾਨੀ, ਅੰਬਾਨੀ ਵਰਗੇ ਅਮੀਰ ਕਾਰਪੋਰੇਟ ਘਰਾਣਿਆੰ ਦੇ ਹੱਥਾਂ ‘ਚ ਦੇਸ਼ ਦੇ ਕਿਸਾਨਾਂ ਨੂੰ ਵੇਚਣ ਦੀ ਚਾਲ ਕਦੇ ਪੂਰੀ ਨਹੀਂ ਹੌਵੇਗੀ। ਉਨ੍ਹਾਂ ਕਿਹਾ ਕਿ ਗਿਣਵੇਂ-ਚੁਣਵੇਂ ਕਾਰਪੋਰੇਟ ਘਰਾਣਇਆਂ ਨੂੰ ਲਾਹਾ ਦੇਣ ਲਈ ਸਰਕਾਰ ਵੱਲੋਂ ਸ਼ਾਂਤੀ ਨਾਲ ਧਰਨੇ ‘ਤੇ ਬੈਠੇ ਕਿਸਾਨਾਂ ਉੱਪਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਤਸ਼ਦੱਦ ਢਾਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਨ੍ਹਾਂ ਘਟਨਾਵਾਂ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਵੱਲੋਂ ਜ਼ੋਰ ਜਬਰਦਸਤੀ ਕਿਸਾਨ ਸ਼ੰਘਰਸ ਨੂੰ ਲੀਹੋ ਲਹਾਉਣ ‘ਤੇ ਆਕਾਲੀ ਦਲ ਚੁੱਪ ਨਹੀ ਬੈਠੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਕਿਸਾਨਾਂ ਦੀਆੰ ਮੰਗਾਂ ਲਈ ਸ਼ੰਘਰਸ ਲੜ੍ਹੇ ਹਨ ਅਤੇ ਭਵਿੱਖ ਵਿੱਚ ਲੜ੍ਹਦਾ ਰਹੇਗਾ। ਇਸ ਸਮੇੰ ਉਨ੍ਹਾਂ ਨਾਲ ਹਲਕਾ ਇੰਚਾਰਜ਼ ਜਰਨੈਲ ਸਿੰਘ ਵਾਹਿਦ, ਅਕਾਲੀ ਆਹੁਦੇਦਾਰ ਅਤੇ ਵਰਕਰ ਸ਼ਾਮਿਲ ਸਨ।