ਪੰਜਾਬਣ ਮੁਟਿਆਰ ਨੇ ਕਿਸਾਨਾਂਦੀ ਹਮਾਇਤ ’ਚ 18 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਕੀਤਾ ਪ੍ਰਦਰਸ਼ਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 19 ਜਨਵਰੀ 2021
ਦੁਨੀਆ ਭਰ ਵਿੱਚੋਂ ਭਾਰਤ ‘ਚ ਚਲ ਰਹੇ ਕਿਸਾਨਾਂ ਦੇ ਸੰਘਰਸ਼ ਵਿੱਚ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ ਤਾਂ ਕਿ ਕਿਸੇ ਤਰ੍ਹਾਂ ਮੋਦੀ ਸਰਕਾਰ ਨੂੰ ਸਮਝ ਆਵੇ ਅਤੇ ਆਪਣੇ ਕਾਲੇ ਕਾਨੂੰਨ ਵਾਪਸ ਲਵੇ।
ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਰੋਜ਼ਾਨਾ ਰੋਸ਼ ਰੈਲੀਆਂ, ਮੁਜ਼ਾਹਰੇ ਅਤੇ ਹੋਰ ਪ੍ਰਦਰਸ਼ਨ ਹੋ ਰਹੇ ਹਨ। ਇਸੇ ਲੜੀ ਅਧੀਨ ਕਿਸਾਨ ਮੋਰਚੇ ਦੇ ਹੱਕ ਵਿੱਚ ਪ੍ਰਚਾਰ ਲਈ ਫਰਿਜ਼ਨੋ, ਕੈਲੀਫੋਰਨੀਆਂ ਨਿਵਾਸੀ ਮਨਜੋਤ ਕੌਰ ਸਪੁੱਤਰੀ ਧਰਮਿੰਦਰ ਸਿੰਘ ਗਿੱਲ ਨੇ ਭਾਰਤ ਵਿੱਚ ਖੇਤੀ ਸੰਬੰਧੀ ਬਣੇ ਕਾਨੂੰਨ ਖਿਲਾਫ ਪ੍ਰਦਰਸ਼ਨ ਕਰਦੇ ਹੋਏ 18 ਹਜ਼ਾਰ ਦੀ ਉਚਾਈ ਤੋਂ ਆਪਣੀ ਕੱਪੜਿਆਂ ‘ਤੇ ਕਿਰਸਾਨੀ ਦੇ ਨਾਅਰੇ ‘No Farmers - No Food’ ਪਹਿਨ ਕੇ ‘World High Skydiving‘ ਛਾਲ ਮਾਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਪਰਿਵਾਰ ਕਿਰਸਾਨੀ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬ ਤੋਂ ਪਿਛੋਕੜ ਪਿੰਡ ਚੜਿੱਕ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲਾ ਹੈ। ਜੋ ਹੁਣ ਕਾਫੀ ਅਰਸੇ ਤੋਂ ਕੈਲੀਫੌਰਨੀਆਂ ਸ਼ਹਿਰ ਫਰਿਜ਼ਨੋ ਵਿਖੇ ਰਹਿ ਰਿਹਾ ਹੈ।ਨਵਜੋਤ ਦਾ ਪੜਦਾਦਾ ਬਰਤਾਨਵੀ ਆਰਮੀ ਵਿਚ ਸੀ ਅਤੇ ਉਹਨਾਂ ਨੇ ‘ਵਰਲਡ ਵਾਰ-2’ ਦੀ ਲੜਾਈ ਲੜੀ ਅਤੇ ਦਾਦਾ ਵੀ ਇੰਡੀਅਨ ਆਰਮੀ ‘ਚ 1965-71 ਦੀ ਜੰਗ ਲੜ ਚੁੱਕੇ ਹਨ। ਹੁਣ ਮਨਜੋਤ ਕੌਰ ਦਾ ਵੱਡਾ ਭਰਾ ਹਰਜੋਤ ਸਿੰਘ ਗਿੱਲ ‘ਅਮੈਰੀਕਨ ਆਰਮੀ’ (ਫੌਜ਼) ਵਿੱਚ ਸੇਵਾਵਾ ਨਿਭਾ ਪਰਿਵਾਰ ਦਾ ਨਾਂ ਚਮਕਾ ਰਿਹਾ ਹੈ। ਮਨਜੋਤ ਅਨੁਸਾਰ ਭਾਰਤੀ ਮੀਡੀਆ ਵੱਲੋਂ ਕਿਸਾਨਾਂ ਨੂੰ ਅੱਤਵਾਦੀ ਕਹਿਣ ਵਰਗੇ ਸ਼ਬਦ ਨਿੰਦਣਯੋਗ ਹਨ। ਕਿਸਾਨ ਹਮੇਸ਼ਾ ਮਿਹਨਤ ਦੀ ਕਮਾਈ ਕਰਦਾ ਹੈ, ਜਿਸ ਨਾਲ ਉਹ ਆਪਣੇ ਪਰਿਵਾਰ ਅਤੇ ਦੁਨੀਆ ਦਾ ਢਿੱਡ ਭਰਦਾ ਹੈ। ਜਿਸ ਦੀ ਮਿਸਾਲ ਅੱਜ ਵੀ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਆਪਣੀ ਕਿਰਤ ਕਮਾਈ ਵਿੱਚੋਂ ਕੁਝ ਹਿੱਸਾ ਸਮੇਂ-ਸਮੇਂ ਲੋੜਵੰਦਾ ਲਈ ਭੇਜਦੇ ਰਹਿੰਦੇ ਹਨ। ਮਨਜੋਤ ਦੇ ਪਰਿਵਾਰ ਵੱਲੋਂ ਵੀ ਪੰਜਾਬ ਵਿੱਚ ਚਲ ਰਹੇ ਸਾਂਝੇ ਕਾਰਜਾਂ ਵਿੱਚ ਅੱਗੇ ਹੋ ਕੇ ਹਿੱਸਾ ਪਾਇਆ ਜਾਂਦਾ ਹੈ। ਸੋ ਕਿਸਾਨ ਅੰਦੋਲਨ ਵਿੱਚ ਹਿੱਸਾ ਪਾਉਂਦਿਆਂ ਮਨਜੋਤ ਕੌਰ ਦੇ ਇਸ ਪ੍ਰਦਰਸ਼ਨ ਦੀ ਸਮੁੱਚੇ ਭਾਰਤੀ ਅਤੇ ਸਥਾਨਿਕ ਅਮੈਰੀਕਨ ਭਾਈਚਾਰੇ ਵਿੱਚ ਭਰਪੂਰ ਸ਼ਲਾਘਾ ਹੋ ਰਹੀ ਹੈ। ਜਦ ਕਿ ਸਮੇਂ ਦੀਆਂ ਭਾਰਤੀ ਸਰਕਾਰਾ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਨੂੰਖਤਮ ਕਰਨ ‘ਤੇ ਲੱਗੀਆਂ ਹੋਈਆ ਹਨ, ਪਰ ਭਵਿੱਖ ਦੇ ਵਾਰਸ਼ ਵਿਦੇਸ਼ੀ ਜਨਮੇ ਬੱਚੇ ਵੀ ਆਪਣੀ ਕਿਰਸਾਨੀ ਅਤੇ ਸੱਭਿਆਚਾਰਕ ਵਿਰਸ਼ੇ ਦੀਆਂ ਕਦਰਾਂ-ਕੀਮਤਾਂ ਨੂੰ ਸਮਝਦੇ ਹੋਏ, ਬਚਾਉਣ ਲਈ ਅੱਗੇ ਆ ਰਹੇ ਹਨ। ਅਜਿਹੇ ਬੱਚੇ ਹਰ ਦੇਸ਼ ਅਤੇ ਸੱਭਿਆਚਾਰ ਦਾ ਮਾਣ ਹੁੰਦੇ ਹਨ।
ਮਨਜੋਤ ਕੌਰ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ
ਫੋਟੋ-ਨੀਟਾ ਮਾਛੀਕੇ