ਚੰਡੀਗੜ੍ਹ, 28 ਅਗਸਤ, 2016 : ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਸਬੰਧਤ ਵਿਭਾਗਾਂ ਵੱਲੋਂ ਕਰਵਾਏ ਜਾਣ ਵਾਲੇ ਆਪੋ-ਆਪਣੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕੀ ਗਈ ਜਿਹੜੇ ਮਹੀਨਾ ਭਰ ਚੱਲਣਗੇ। ਇਨ੍ਹਾਂ ਪ੍ਰੋਗਰਾਮਾਂ ਬਾਰੇ ਖੁੱਲ੍ਹ ਕੇ ਵਿਚਾਰਾਂ ਕਰਨ ਲਈ ਅੱਜ ਇਥੇ ਪੰਜਾਬ ਭਵਨ ਵਿਖੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਪ੍ਰੋਗਰਾਮ ਉਲੀਕਣ ਵਾਲੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਉਚ ਅਧਿਕਾਰੀਆਂ ਸਮੇਤ ਸਬੰਧਤ ਵਿਭਾਗਾਂ ਦੇ ਸਕੱਤਰ ਤੇ ਮੁਖੀ ਸ਼ਾਮਲ ਹੋਏ।
ਮੀਟਿੰਗ ਉਪਰੰਤ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਡਾ.ਚੀਮਾ ਨੇ ਦੱਸਿਆ ਕਿ ਪਹਿਲੀ ਨਵੰਬਰ 2016 ਨੂੰ ਪੰਜਾਬੀ ਸੂਬੇ ਬਣੇ ਨੂੰ 50 ਵਰ੍ਹੇ ਹੋ ਜਾਣਗੇ। ਇਸ ਸਬੰਧੀ ਮਹੀਨਾ ਭਰ ਸਮਾਗਮ ਕਰਵਾਏ ਜਾਣਗੇ ਜੋ ਸੂਬੇ ਦੀਆਂ ਵੱਖ-ਵੱਖ ਥਾਵਾਂ 'ਤੇ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਸਕੂਲ ਸਿੱਖਿਆ, ਉਚੇਰੀ ਸਿੱਖਿਆ ਤੇ ਭਾਸ਼ਾਵਾਂ, ਪੇਂਡੂ ਵਿਕਾਸ ਤੇ ਪੰਚਾਇਤ, ਇਸਤਰੀ ਤੇ ਬਾਲ ਵਿਕਾਸ, ਸੂਚਨਾ ਤੇ ਲੋਕ ਸੰਪਰਕ, ਖੇਡ ਅਤੇ ਐਨ.ਆਰ.ਆਈ.ਵਿਭਾਗ ਸ਼ਾਮਲ ਹਨ। ਅੱਜ ਦੀ ਮੀਟਿੰਗ ਵਿੱਚ ਸਭ ਵਿਭਾਗਾਂ ਵੱਲੋਂ ਆਪੋ-ਆਪਣੇ ਪ੍ਰੋਗਰਾਮਾਂ ਦਾ ਵੇਰਵਾ ਵਿਸਥਾਰ ਵਿੱਚ ਦਿੱਤਾ ਗਿਆ ਜਿਸ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ। ਉਨ੍ਹਾਂ ਦੱਸਿਆ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਦਾ ਇਕ ਸਾਂਝਾ ਕੈਲੰਡਰ ਤਿਆਰ ਕੀਤਾ ਜਾਵੇਗਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦੇ ਸਮਾਗਮ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਜਾਨਾਂ ਵਾਰਨ ਵਾਲੇ ਸੰਘਰਸ਼ੀ ਯੋਧਿਆਂ ਨੂੰ ਸਮਰਪਿਤ ਹੋਣਗੇ ਅਤੇ ਇਨ੍ਹਾਂ ਸਮਾਗਮਾਂ ਜ਼ਰੀਏ ਇਨ੍ਹਾਂ ਯੋਧਿਆਂ ਨੂੰ ਯਾਦ ਕਰਵਾਇਆ ਜਾਵੇਗਾ। ਇਨ੍ਹਾਂ ਸਮਾਗਮਾਂ ਦੌਰਾਨ ਸੰਘਰਸ਼ੀ ਯੋਧਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇਕ ਨੂੰ ਜੋੜਿਆ ਜਾ ਰਿਹਾ ਹੈ। ਵੱਡੇ ਉਦਘਾਟਨੀ ਤੇ ਸਮਾਪਤੀ ਸਮਾਰੋਹ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਸਮਾਗਮ ਕਰਵਾਏ ਜਾਣਗੇ ਜਿਨ੍ਹਾਂ ਰਾਹੀਂ ਸੂਬੇ ਦੇ ਹਰ ਵਸਨੀਕ ਨੂੰ ਜੋੜਿਆ ਜਾਵੇਗਾ। ਇਨ੍ਹਾਂ ਸਮਾਗਮਾਂ ਰਾਹੀਂ ਨਵੀਂ ਪੀੜ੍ਹੀਂ ਨੂੰ ਪੰਜਾਬੀ ਸੂਬੇ ਦੇ ਇਤਿਹਾਸ, ਕੁਰਬਾਨੀਆਂ ਅਤੇ ਅਹਿਮੀਅਤ ਤੋਂ ਜਾਣੂੰ ਕਰਵਾਇਆ ਜਾਵੇਗਾ। ਮਾ-ਬੋਲੀ, ਸਾਹਿਤ, ਸੱਭਿਆਚਾਰ, ਅਮੀਰ ਪੰਜਾਬੀ ਵਿਰਸੇ ਨਾਲ ਸਬੰਧਤ ਸਮਾਗਮਾਂ ਤੋਂ ਇਲਾਵਾ ਪ੍ਰਦਰਸ਼ਨੀਆਂ, ਮੇਲੇ, ਡਾਕੂਮੈਂਟਰੀ ਫਿਲਮਾਂ, ਪੰਜਾਬੀ ਸੂਬੇ ਨਾਲ ਸਬੰਧਤ ਕਿਤਾਬਾਂ ਦੀ ਪ੍ਰਕਾਸ਼ਨਾ ਆਦਿ ਇਨ੍ਹਾਂ ਸਮਾਗਮਾਂ ਦੇ ਮੁੱਖ ਖਿੱਚ ਦਾ ਕੇਂਦਰ ਹੋਣਗੇ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ, ਸੱਭਿਆਚਾਰ ਮਾਮਲੇ ਸ੍ਰੀਮਤੀ ਅੰਜਲੀ ਭਾਵੜਾ, ਪ੍ਰਮੁੱਖ ਸਕੱਤਰ, ਐਨ.ਆਰ.ਆਈ. ਸ੍ਰੀ ਸੰਜੇ ਕੁਮਾਰ, ਸਕੱਤਰ, ਖੇਡਾਂ ਸ੍ਰੀ ਵੀ.ਪੀ.ਸਿੰਘ, ਸਕੱਤਰ, ਸੂਚਨਾ ਤੇ ਲੋਕ ਸੰਪਰਕ ਸ੍ਰੀ ਰਾਹੁਲ ਤਿਵਾੜੀ, ਵਧੀਕ ਸਕੱਤਰ, ਸ਼ਿਕਾਇਤ ਨਿਵਾਰਨ ਸ੍ਰੀਮਤੀ ਰੁਪਾਂਜਲੀ ਕਾਰਥਿਕ, ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਡਾ.ਸੇਨੂੰ ਦੁੱਗਲ, ਡਾਇਰੈਕਟਰ, ਖੇਡਾਂ ਸ੍ਰੀ ਰਾਹੁਲ ਗੁਪਤਾ, ਡੀ.ਪੀ.ਆਈ. (ਕਾਲਜਾਂ) ਸ੍ਰੀ ਟੀ.ਕੇ.ਗੋਇਲ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਪੰਕਜ ਸ਼ਰਮਾ, ਸੰਯੁਕਤ ਡਾਇਰੈਕਟਰ, ਪੇਂਡੂ ਵਿਕਾਸ ਤੇ ਪੰਚਾਇਤਾਂ ਸ੍ਰੀਮਤੀ ਰਾਮਿੰਦਰ ਕੌਰ ਬੁੱਟਰ, ਪ੍ਰਸਿੱਧ ਇਤਿਹਾਸਕ ਸ. ਹਰਵਿੰਦਰ ਸਿੰਘ ਖਾਲਸਾ, ਡਿਪਟੀ ਡਾਇਰੈਕਟਰ, ਐਸ.ਸੀ.ਈ.ਆਰ.ਟੀ. ਡਾ.ਗਿੰਨੀ ਦੁੱਗਲ, ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਸ੍ਰੀ ਮੇਵਾ ਸਿੰਘ ਸਿੱਧੂ ਤੋਂ ਇਲਾਵਾ ਉਤਰੀ ਜ਼ੋਨ ਸੱਭਿਆਚਾਰ ਕੇਂਦਰ, ਪੰਜਾਬ ਕਲਾ ਪ੍ਰੀਸ਼ਦ ਦੇ ਨੁਮਾਇੰਦੇ ਵੀ ਹਾਜ਼ਰ ਸਨ।