← ਪਿਛੇ ਪਰਤੋ
ਚੰਡੀਗੜ੍ਹ, 15 ਅਕਤੂਬਰ, 2016 : ਪੰਜਾਬ ਸਰਕਾਰ ਉਤੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਰਨਾ ਲਗਾ ਕੇ ਬੈਠੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੰਗਾਂ ਨੂੰ ਅਣਗੋਲਿਆਂ ਕਰਨ ਦਾ ਇਲਜਾਮ ਲਗਾਉਦਿਆਂ ਆਮ ਆਦਮੀ ਪਾਰਟੀ ਨੇ ਸ਼ਨਿਵਾਰ ਨੂੰ ਬਾਦਲ ਸਰਕਾਰ ਦੀ ਕਰੜੇ ਸ਼ਬਦਾਂ ਵਿਚ ਨਿਖੇਦੀ ਕੀਤੀ। ਜੰਗੀ ਵਿਧਵਾਵਾਂ ਦੀਆਂ ਮੰਗਾਂ ਨੂੰ ਜਾਇਜ ਠਹਿਰਾਉਦਿਆਂ ਹੋਏ ਆਮ ਆਦਮੀ ਪਾਰਟੀ ਦੇ ਸਾਬਕਾ ਫੌਜੀ ਵਿੰਗ ਦੇ ਮੁੱਖੀ ਕੈਪਟਨ ਬਿਕਰਮਜੀਤ ਸਿੰਘ ਪਹੂਵਿੰਡੀਆ ਨੇ ਕਿਹਾ ਕਿ ਬਾਦਲ ਸਰਕਾਰ ਦੇਸ਼ ਦੀ ਰਾਖੀ ਲਈ ਆਪਣੀ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਧੋਖਾ ਕਰ ਰਹੀ ਹੈ। ਕੈਪਟਨ ਪਹੂਵਿੰਡੀਆ ਨੇ ਕਿਹਾ, ‘‘ਇਸ ਤੋਂ ਅਣਹੋਣੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਆਪਣੇ ਹੱਕ ਲੈਣ ਲਈ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ ਲਾਉਣਾ ਪਵੇ। ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਦਾ ਪਰਿਵਾਰਾਂ ਨੂੰ 10 ਕਿਲੇ ਜਮੀਨ ਦੀ ਥਾਂ 50 ਲੱਖ ਰੁਪਏ 20 ਲੱਖ ਅਤੇ 15-15 ਲੱਖ ਦੀਆਂ ਕਿਸ਼ਤਾਂ ਵਿਚ ਦੇਣ ਦਾ ਲਾਰਾ ਸਿਰਫ ਢਕੋਸਲਾ ਮਾਤਰ ਹੈ।’’ ਪਹੂਵਿੰਡੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਸਰਕਾਰ ਬਣਾਉਣ ਉਪਰੰਤ ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜਾ ਦੇਵੇਗੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਸੈਨਿਕਾਂ ਦੀ ਕੁਰਬਾਨੀ ਅਤੇ ਸਮਰਪਣ ਭਾਵਨਾ ਨੂੰ ਸਲਾਮ ਕਰਦੀ ਹੈ।
Total Responses : 267