ਚੰਡੀਗੜ੍ਹ, 17 ਅਗਸਤ, 2016 : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਮੁਫਤ ਅਤੇ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਉਲੀਕੀ ਗਈ ਸੀ, ਜੋ ਕਿ 31 ਅਕਤੂਬਰ ਨੂੰ ਸਮਾਪਤ ਹੋ ਰਹੀ ਸੀ ਅਤੇ ਸਰਕਾਰ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਇਸ ਸਕੀਮ ਦੀ ਮਿਆਦ ਇੱਕ ਨਵੰਬਰ ਤੋਂ ਇੱਕ ਸਾਲ ਲਈ ਵਧਾ ਦਿੱਤੀ ਹੈ। ਕਿਸਾਨ ਪੱਖੀ ਇਸ ਸਿਹਤ ਬੀਮਾ ਯੋਜਨਾ ਸਕੀਮ ਤਹਿਤ ਪੰਜਾਬ ਮੰਡੀ ਬੋਰਡ ਵੱਲੋਂ 4.33 ਲੱਖ ਕਿਸਾਨਾਂ ਦੇ ਨਾਂ ਦਰਜ ਕੀਤੇ ਗਏ ਸੀ, ਸਰਕਾਰ ਵਲੋ ਇਸ ਸਕੀਮ ਤਹਿਤ ਤਕਰੀਬਨ 10.82 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਬੀਮਾ ਯੋਜਨਾ ਲਈ ਸਾਲਾਨਾ ਪ੍ਰੀਮੀਅਮ ਦੀ ਕਿਸ਼ਤ ਸਬੰਧਤ ਮਾਰਕਿਟ ਕਮੇਟੀ ਦੁਆਰਾ ਭਰੀ ਜਾਂਦੀ ਹੈ। ਇਸ ਸਕੀਮ ਤਹਿਤ ਪਰਿਵਾਰ ਦੇ ਮੁੱਖੀ ਦੀ ਮੌਤ ਹੋਣ ਦੀ ਸੂਰਤ ਵਿੱਚ ਜਾਂ ਦੋ ਅੰਗ ਕੱਟੇ ਜਾਣ ਜਾਂ 100 ਫੀਸਦੀ ਨਕਾਰਾ ਹੋਣ ਦੀ ਸੂਰਤ ਵਿੱਚ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸਾਲ ਵਿੱਚ ਕਿਸਾਨ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਲਈ 50 ਹਜ਼ਾਰ ਰੁਪਏ ਤੱਕ ਦਾ ਮੁੱਫਤ ਡਾਕਟਰੀ ਇਲਾਜ ਵੀ ਸਰਕਾਰੀ ਪੱਧਰ 'ਤੇ ਕਰਵਾਇਆ ਜਾਂਦਾ ਹੈ।ਹੁੱਣ ਸਰਕਾਰ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਸਿਹਤ ਕਾਰਡ ਵਿੱਚ ਪਰਿਵਾਰਕ ਮੁੱਖੀ ਦੇ ਨਾਮ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਨਾਮ ਵੀ ਦਰਜ਼ ਕੀਤੇ ਜਾਣ।
ਰਾਜ ਦੇ ਕਿਸਾਨ ਇਸ ਸਕੀਮ ਤਹਿਤ ਆਪਣੇ ਪਰਿਵਾਰਕ ਮੈਂਬਰਾਂ ਦਾ ਨਾਮ ਦਰਜ਼ ਕਰਵਾਉਣ ਲਈ ਸਬੰਧਤ ਮਾਰਕਿਟ ਕਮੇਟੀਆਂ ਵਿਚ ਸੰਪਰਕ ਕਰਨ ਤਾਂ ਜੋ ਕਿਸਾਨ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।ਬੁਲਾਰੇ ਨੇ ਦੱਸਿਆ ਕਿ ਰਾਜ ਵਿਚ ਤਕਰੀਬਨ 153 ਮਾਰਕਿਟ ਕਮੇਟੀਆਂ ਹਨ।