ਅੰਮ੍ਰਿਤਸਰ, 7 ਸਤੰਬਰ, 2016 : ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਰਕਿੰਗ ਪੱਤਰਕਾਰਾਂ ਦੇ ਹਿਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਅਨੇਕਾਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਮੁਫ਼ਤ ਬੱਸ ਸਫਰ ਦੀ ਸਹੂਲਤ, 5 ਲੱਖ ਰੁਪਏ ਦਾ ਦੁਰਘਟਨਾ ਬੀਮਾ, ਜ਼ਿਲ੍ਹਿਆਂ ਵਿੱਚ ਪ੍ਰੈੱਸ ਕਲੱਬਾਂ ਦੀ ਸਥਾਪਨਾ, ਸਮਾਰਟ ਕਾਰਡ, ਮਾਨਤਾ ਪ੍ਰਾਪਤ ਪੱਤਰਕਾਰਾਂ ਲਈ ਸਰਕਟ ਹਾਊਸਾਂ ਵਿੱਚ ਰਿਆਇਤੀ ਦਰਾਂ 'ਤੇ ਠਹਿਰਾਅ ਆਦਿ ਵਰਗੀਆਂ ਸਹੂਲਤਾਂ ਸ਼ਾਮਿਲ ਹਨ।
ਅੱਜ ਚੰਡੀਗੜ੍ਹ-ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਸ: ਮਜੀਠੀਆ ਨੂੰ ਅਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਮੈਮੋਰੰਡਮ ਦਿੱਤਾ ਗਿਆ ਜਿਸ ਨੂੰ ਸ: ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਅਤੇ ਓ ਐੱਸ ਡੀ ਕਰਨਲ ਸੰਤੋਖ ਸਿੰਘ ਨੇ ਹਾਸਲ ਕੀਤਾ। ਇਸ ਮੌਕੇ ਪ੍ਰੋ: ਸਰਚਾਂਦ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਪੱਤਰਕਾਰ ਭਾਈਚਾਰੇ ਦੀਆਂ ਜਾਇਜ਼ ਮੰਗਾਂ 'ਤੇ ਸਰਕਾਰ ਜ਼ਰੂਰ ਵਿਚਾਰ ਕਰੇਗੀ।
ਇਸ ਮੌਕੇ ਸ: ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ. ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੱਤਰਕਾਰਾਂ ਲਈ ਮੁਫ਼ਤ ਬੱਸ ਸਫਰ ਦੀ ਰਕਮ ਨੂੰ ਵਧਾ ਕੇ ਹੈੱਡ ਕੁਆਰਟਰ ਦੇ ਪੱਤਰਕਾਰਾਂ ਲਈ 1600 ਰੁਪਏ ਅਤੇ ਜ਼ਿਲ੍ਹਿਆਂ ਵਿਚਲੇ ਪੱਤਰਕਾਰਾਂ ਲਈ 1200 ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਹੈੱਡ ਕੁਆਰਟਰ 'ਤੇ ਡੈਸਕ ਪੱਤਰਕਾਰਾਂ ਨੂੰ ਸਿਰਫ਼ 1200 ਰੁਪਏ ਅਤੇ ਜ਼ਿਲ੍ਹਿਆਂ ਵਿਚਲੇ ਪੱਤਰਕਾਰਾਂ ਨੂੰ ਕੇਵਲ 800 ਰੁਪਏ ਦੀ ਮੁਫ਼ਤ ਬੱਸ ਸਫਰ ਦੀ ਸਹੂਲਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੱਤਰਕਾਰਾਂ ਨੂੰ ਐਚ. ਵੀ. ਏ. ਸੀ ਏਅਰ ਕੰਡੀਸ਼ਨਰ ਬੱਸਾਂ ਵਿੱਚ ਵੀ ਮੁਫ਼ਤ ਸਫਰ ਦੀ ਸਹੂਲਤ ਮੁਹੱਈਆ ਕਰਵਾਈ ਹੈ।
ਸ. ਮਜੀਠੀਆ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਮੁਫ਼ਤ ਬੱਸ ਸਫਰ ਸਹੂਲਤ ਦੀ ਰਕਮ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਹੈ ਅਤੇ ਇਸ ਨੂੰ 1200 ਰੁਪਏ ਤੋਂ ਵਧਾ ਕੇ 2400 ਅਤੇ 1600 ਤੋਂ ਵਧਾ ਕੇ 3200 ਰੁਪਏ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਅਕਾਲੀ-ਭਾਜਪਾ ਸਰਕਾਰ ਹੀ ਹੈ, ਜਿਸ ਨੇ ਅਖ਼ਬਾਰਾਂ ਦੇ ਪਰੂਫ਼ ਰੀਡਰਾਂ ਅਤੇ ਉਪ ਸੰਪਾਦਕਾਂ ਨੂੰ ਵੀ ਮੁਫ਼ਤ ਬੱਸ ਸਫਰ ਦੀ ਸਹੂਲਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਸਾਲ ਮੀਡੀਆ ਕਰਮੀਆਂ ਦੇ ਮੁਫ਼ਤ ਬੱਸ ਸਫਰ 'ਤੇ 5 ਲੱਖ ਰੁਪਏ ਖ਼ਰਚ ਕਰ ਰਹੀ ਹੈ।
ਇਸ ਸਬੰਧੀ ਹੋਰ ਵਿਸਥਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੱਤਰਕਾਰਾਂ ਦੀ ਸੁਰੱਖਿਆ ਦੀ ਕੋਈ ਪਰਵਾਹ ਨਹੀਂ ਕੀਤੀ ਜਦਕਿ ਇਹ ਅਕਾਲੀ-ਭਾਜਪਾ ਸਰਕਾਰ ਹੀ ਹੈ, ਜਿਸ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਮਾਨਤਾ ਪ੍ਰਾਪਤ ਪੱਤਰਕਾਰਾਂ ਲਈ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਅਤੇ ਹਰੇਕ ਸਾਲ 3900 ਪੱਤਰਕਾਰਾਂ ਨੂੰ ਇਸ ਦੇ ਘੇਰੇ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੁੱਖ ਮੰਤਰੀ ਨੇ ਯੈਲੋ ਕਾਰਡ ਵਾਲੇ ਪੱਤਰਕਾਰਾਂ ਲਈ ਵੀ ਇਹ ਸਹੂਲਤ ਸ਼ੁਰੂ ਕਰ ਦਿੱਤੀ ਜਿਸ ਤਹਿਤ ਇਸ ਸਾਲ 4000 ਤੋਂ ਵੱਧ ਪੱਤਰਕਾਰਾਂ ਦਾ 5 ਲੱਖ ਰੁਪਏ ਦਾ ਬੀਮਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਦੁਰਘਟਨਾ ਕਵਰ ਦੇਣ ਲਈ 8.87 ਲੱਖ ਰੁਪਏ ਦਾ ਪ੍ਰੀਮੀਅਮ ਜਮਾਂ ਕਰਵਾਇਆ ਹੈ।
ਸ. ਮਜੀਠੀਆ ਨੇ ਕਿਹਾ ਕਿ ਹਿੰਦੁਸਤਾਨ ਟਾਈਮਜ਼ ਦੇ ਜਲੰਧਰ ਤੋਂ ਬਿਊਰੋ ਚੀਫ਼ ਜਸਦੀਪ ਸਿੰਘ ਮਲਹੋਤਰਾ ਦੀ ਦੁਰਘਟਨਾ ਵਿੱਚ ਹੋਈ ਦੁਖਦਾਈ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਸੀ। ਇਸੇ ਤਰ੍ਹਾਂ ਇੰਡੀਅਨ ਐਕਸਪ੍ਰੈੱਸ ਦੀ ਲੁਧਿਆਣਾ ਤੋਂ ਪੱਤਰਕਾਰ ਅਮ੍ਰਿਤਾ ਚੌਧਰੀ ਦੇ ਪਰਿਵਾਰ ਨੂੰ ਵੀ 5 ਲੱਖ ਰੁਪਏ ਦੀ ਸਹਾਇਤਾ ਮੁਹੱਈਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਦੀਪਕ ਸ਼ਰਮਾ, ਜਿਨ੍ਹਾਂ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ, ਦੇ ਪਰਿਵਾਰ ਨੂੰ ਵੀ 2 ਲੱਖ ਰੁਪਏ ਦੀ ਸਹਾਇਤਾ ਮੁਹੱਈਆ ਕਰਵਾਈ। ਇਸੇ ਤਰ੍ਹਾਂ ਮੂਣਕ (ਸੰਗਰੂਰ) ਤੋਂ ਅਕਾਲੀ ਪੱਤ੍ਰਕਾ ਦੇ ਪੱਤਰਕਾਰ ਦਰਸ਼ਨ ਸਿੰਘ ਦੀਵਾਨਾ ਅਤੇ ਗੁਰਦਾਸਪੁਰ ਤੋਂ ਅਜੀਤ ਦੇ ਪੱਤਰਕਾਰ ਸੋਨੀ ਨਦਾਰੀਆ ਦੇ ਪਰਿਵਾਰਾਂ ਨੂੰ ਵੀ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ।
ਸ. ਮਜੀਠੀਆ ਨੇ ਕਿਹਾ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਪੱਤਰਕਾਰਾਂ ਨੂੰ ਆਮ ਪੇਪਰ ਦੇ ਕਾਰਡਾਂ ਦੀ ਥਾਂ ਸਮਾਰਟ ਐਕਰੀਡੇਸ਼ਨ ਕਾਰਡ ਅਤੇ ਸਮਾਰਟ ਯੈਲੋ ਕਾਰਡ ਜਾਰੀ ਕਰਨੇ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਹਰੇਕ ਸਾਲ ਸੂਬੇ ਭਰ ਵਿੱਚ 4 ਹਜ਼ਾਰ ਸਮਾਰਟ ਕਾਰਡ ਪੱਤਰਕਾਰਾਂ ਨੂੰ ਜਾਰੀ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਜ਼ਿਲ੍ਹਿਆਂ ਵਿੱਚ ਮੀਡੀਆ ਲਈ ਸਰਕਾਰੀ ਘਰ ਉਪਲਬਧ ਕਰਵਾਉਣ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਸਰਕਟ ਹਾਊਸਾਂ, ਪੰਜਾਬ ਭਵਨ ਨਵੀਂ ਦਿੱਲੀ ਅਤੇ ਸਿਡਾਰ ਗੈਸਟ ਹਾਊਸ ਸ਼ਿਮਲਾ ਵਿੱਚ ਬਹੁਤ ਘੱਟ ਰੇਟਾਂ 'ਤੇ ਠਹਿਰਾਅ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਸ. ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਟਿਆਲਾ ਅਤੇ ਬਠਿੰਡਾ ਵਿੱਚ ਸਰਕਾਰੀ ਇਮਾਰਤਾਂ ਵਿੱਚ ਪ੍ਰੈੱਸ ਕਲੱਬਾਂ ਦੀ ਸਥਾਪਨਾ ਕੀਤੀ ਹੈ ਅਤੇ ਪ੍ਰੈੱਸ ਕਲੱਬ ਅੰਮ੍ਰਿਤਸਰ ਦਾ ਕੰਮ ਮੁਕੰਮਲ ਹੋਣ ਕੰਢੇ ਹੈ।