ਅੰਮ੍ਰਿਤਸਰ, 22 ਅਗਸਤ, 2016 : ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕਰਨ ਉਪਰੰਤ ਫੈਸਲਾ ਲਿਆ ਗਿਆ ਕਿ ਮੰਗ ਪੱਤਰ ਦੇਣ ਦੀ ਪ੍ਰੀਕਿਰਿਆ ਨੂੰ ਛੱਡ ਕੇ ਮੁੱਖ ਮੰਤਰੀ ਤੇ ਮੰਤਰੀਆ ਦਾ ਘਿਰਾਉ ਕੀਤਾ ਜਾਵੇ ਤੇ ਇਹ ਪਹਿਲਕਦਮੀ ਲੋਕ ਸੰਪਰਕ ਵਿਭਾਗ ਦੇ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਤੋ ਹੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।
ਐਸੋਸ਼ੀਏਸ਼ਨ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੰਬੋਧਨ ਕਰਦਿਆ ਵੱਖ-ਵੱਖ ਸਟੇਸ਼ਨਾਂ ਤੋ ਆਏ ਪੱਤਰਕਾਰਾਂ ਨੇ ਸੰਬੋਧਨ ਕਰਦਿਆ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਜਾਣ 'ਤੇ ਜ਼ੋਰ ਦਿੱਤਾ ਕਿ ਹਾਕਮ ਧਿਰ ਨਾਲ ਸਬੰਧਿਤ ਕਈ ਆਗੂ ਪੱਤਰਕਾਰਾਂ ਨੂੰ ਟਿੱਚ ਜਾਣਦੇ ਹਨ ਅਤੇ ਖਬਰਾਂ ਨੂੰ ਲੈ ਕੇ ਪੱਤਰਕਾਰਾਂ ਨਾਲ ਕਈ ਵਾਰੀ ਉਲਝ ਵੀ ਪੈਦੇ ਹਨ। ਇਥੋ ਤੱਕ ਕਈ ਥਾਵਾਂ ਤੇ ਤਾਂ ਪੱਤਰਕਾਰਾਂ ਦੀ ਮਾਰ ਕੁੱਟਾਈ ਵੀ ਕਰ ਦਿੱਤੀ ਜਾਂਦੀ ਹੈ ਪਰ ਪੁਲੀਸ ਕੋਈ ਕਾਰਵਾਈ ਕਰਨ ਲਈ ਇਸ ਕਰਕੇ ਤਿਆਰ ਨਹੀ ਹੁੰਦੀ ਕਿਉਕਿ ਪੁਲੀਸ ਨੂੰ ਅੱਜ ਸਿਆਸੀ ਆਗੂਆਂ ਨੇ ਪੂਰੀ ਤਰ੍ਹਾ ਰਖੇਲ ਬਣਾ ਕੇ ਰੱਖਿਆ ਹੋਇਆ ਹੈ। ਮੀਟਿੰਗ ਵਿੱਚ ਥਾਣਾ ਮਹਿਤਾ ਦੇ ਥਾਣਾ ਮੁੱਖੀ ਨੂੰ ਵੀ ਤਾੜਨਾ ਕੀਤੀ ਗਈ ਕਿ ਉਹ ਪੱਤਰਕਾਰ ਨੂੰ ਨਜਾਇਜ਼ ਪਰੇਸ਼ਾਨ ਕਰਨਾ ਬੰਦ ਕਰੇ ਨਹੀ ਤਾਂ ਉਸ ਦੀ ਸ਼ਕਾਇਤ ਜਿਥੇ ਮੁੱਖ ਮੰਤਰੀ ਤੇ ਡੀ.ਜੀ.ਪੀ ਪੰਜਾਬ ਨੂੰ ਕੀਤੀ ਜਾਵੇਗੀ ਉਥੇ ਪੱਤਰਕਾਰ ਭਾਈਚਾਰ ਕਰੀਬ ਅੱਠ ਸਾਲ ਪਹਿਲਾਂ ਵਾਲਾ ਅਧਿਆਇ ਬਿਆਸ ਬਟਾਲਾ ਰੋਡ ਮਹਿਤਾ ਚੌਕ ਬੰਦ ਕਰਕੇ ਦੁਹਰਾਏਗਾ ਤੇ ਉਸ ਤੋ ਨਿਕਲਣ ਵਾਲੇ ਸਿੱਟਿਆ ਲਈ ਥਾਣਾ ਮੁੱਖੀ ਜਿੰਮੇਵਾਰ ਹੋਵੇਗਾ।
ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਸੁਝਾ ਦਿੱਤਾ ਕਿ ਹੁਣ ਤੱਕ ਉਹ ਮੰਗ ਪੱਤਰ ਬਹੁਤ ਸਾਰੀਆ ਥਾਵਾਂ ਤੇ ਦੇ ਚੁੱਕੇ ਹਨ ਪਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀ ਸਰਕੀ। ਮੁੱਖ ਮੰਤਰੀ ਨੇ ਵੀ ਐਲਾਨ ਕੀਤਾ ਸੀ ਕਿ ਪੱਤਰਕਾਰਾਂ ਵਾਸਤੇ ਉਹਨਾਂ ਨੇ ਬੜੇ ਗੱਫੇ ਰੱਖੇ ਪਰ ਉਹ ਗੱਫੇ ਅੱਜ ਸਿਰਫ ਊਠ ਦਾ ਬੁੱਲ ਬਣ ਕੇ ਰਹਿ ਗਏ। ਕੱਥੂਨੰਗਲ ਤੋ ਵੀ ਪੱਤਰਕਾਰਾਂ ਨੇ ਸੁਝਾ ਦਿੱਤਾ ਕਿ ਉਹ ਵੀ ਦੋ ਵਾਰੀ ਲੋਕ ਸੰਪਰਕ ਵਿਭਾਗ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੰਗ ਪੱਤਰ ਦੇ ਚੁੱਕੇ ਹਨ ਪਰ ਉਸ ਵੱਲੋ ਕੋਈ ਕਾਰਵਾਈ ਨਹੀ ਕੀਤੀ ਗਈ। ਉਹਨਾਂ ਸੁਝਾ ਦਿੱਤਾ ਕਿ ਹੁਣ ਮੰਤਰੀ ਦੇ ਘਰ ਦੇ ਘਿਰਾਉ ਕੀਤਾ ਜਾਵੇ ਤੇ ਉਸ ਨਾਲ ਅਪੀਲ ਦਲੀਲਾਂ ਦਾ ਸਿਲਸਿਲਾ ਬੰਦ ਕਰਕੇ ਆਰ ਪਾਰ ਦੀ ਲੜਾਈ ਲੜੀ ਜਾਵੇ। ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੱਤਰਕਾਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕ ਸੇਵਾ ਕਰਦੇ ਹਨ ਪਰ ਉਹਨਾਂ ਦੀ ਸੁਰੱਖਿਆ ਦੇ ਮੁੱਦੇ ਤੇ ਸਰਕਾਰਾਂ ਚੁੱਪੀ ਧਾਰ ਲੈਦੀਆ ਹਨ ਜਿਹੜਾ ਹੁਣ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੱਤਰਕਾਰਾਂ ਨੂੰ 58 ਸਾਲ ਦੀ ਉਮਰ ਤੋ ਬਾਅਦ ਦਸ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ ਤੇ ਹਰੇਕ ਪੱਤਰਕਾਰ ਦਾ ਦਸ ਲੱਖ ਦੇ ਦੁਰਘਟਨਾ ਬੀਮੇ ਦੇ ਨਾਲ ਨਾਲ ਮੈਡੀਕਲ ਵੀ ਕਰਵਾਇਆ ਜਾਵੇ, ਪੱਤਰਕਾਰਾਂ ਨੂੰ ਹਰੇਕ ਸ਼ਹਿਰ ਵਿੱਚ ਮਕਾਨ ਬਣਾਉਣ ਲਈ ਸਰਕਾਰੀ ਕੀਮਤ ਤੇ ਪਲਾਟ ਦਿੱਤੇ ਜਾਣ ਅਤੇ ਪ੍ਰੈਸ ਕਲੋਨੀ ਬਣਾਈ ਜਾਵੇ, ਟੋਲ ਪਲਾਜ਼ਾ ਮੁਆਫ ਕੀਤਾ ਜਾਵੇ ਕਿਉਕਿ ਪੱਤਰਕਾਰ ਜਦੋ ਵੀ ਜਾਂਦਾ ਹੈ ਤੇ ਉਹ ਸਰਕਾਰੀ ਜਾਂ ਲੋਕ ਹਿੱਤਾਂ ਦੇ ਮੁੱਦਿਆ ਦੀ ਸਾਰ ਲੈਣ ਹੀ ਜਾਂਦਾ ਹੈ, ਰੇਲਵੇ ਦੇ ਪਾਸ ਦੀ ਸਹੂਲਤ ਵੀ ਸਾਰੇ ਪੱਤਰਕਾਰਾਂ ਨੂੰ ਦਿੱਤੀ ਜਾਵੇ , ਐਕਰੀਡੇਸ਼ਨ ਤੇ ਪੀਲੇ ਸਰਕਾਰੀ ਕਾਰਡ ਬਣਾਉਣ ਲਈ ਪਾਰਦਰਸ਼ੀ ਨੀਤੀ ਅਖਤਿਆਰ ਕੀਤੀ ਜਾਵੇ ਤੇ ਇਹ ਅਧਿਕਾਰ ਜਿਲ੍ਹਾ ਪੱਧਰ ਤੇ ਜਿਲ੍ਹਾ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਜਾਂ ਡਿਪਟੀ ਕਮਿਸ਼ਨਰ ਨੂੰ ਦਿੱਤੇ ਜਾਣ।
ਮੀਟਿੰਗ ਨੂੰ ਪ੍ਰਧਾਨ ਜਸਬੀਰ ਸਿੰਘ ਪੱਟੀ, ਜਿਲ੍ਹਾ ਪ੍ਰਧਾਨ( ਦਿਹਾਤੀ) ਬਲਵਿੰਦਰ ਸਿੰਘ ਸੰਧੂ, ਜਿਲ੍ਹਾ ਪਰਧਾਨ (ਸ਼ਹਿਰੀ) ਜਗਜੀਤ ਸਿੰਘ ਜੱਗਾ, ਸਤਨਾਮ ਸਿੰਘ ਜੱਜ ਮਹਿਤਾ, ਪਾਲ ਮਹਿਤਾ, ਜਗਦੀਸ਼ ਸਿੰਘ ਬਮਰਾਹ, ਗੁਰਿੰਦਰ ਸਿੰਘ ਬਾਠ, ਜਥੇਬੰਦੀ ਦੇ ਕਨਵੀਨਰ ਵਿਜੈ ਪੰਕਜ਼ ਅਜਨਾਲਾ, ਜਿਲ੍ਹਾ ਗੁਰਦਾਸਪੁਰ ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਸਾਰੰਗਲ, ਵਿਧਾਨ ਸਭਾ ਹਲਕਾ ਦੱਖਣੀ ਦੇ ਪ੍ਰਧਾਨ ਰਾਜੇਸ਼ ਡੈਨੀ ਪਹਿਲਵਾਨ, ਪ੍ਰਧਾਨ ਫਤਹਿਗੜ੍ਹ ਚੂੜੀਆ ਹਰਜਿੰਦਰ ਸਿੰਘ ਖਹਿਰਾ, ਬਲਜੀਤ ਸਿੰਘ ਜੈਂਤੀਪੁਰ, ਵਰਿੰਦਰ ਸਿੰਘ ਜੰਡਿਆਲਾ ਗੁਰੂ, ਫੁਲਜੀਤ ਸਿੰਘ ਵਰਪਾਲ, ਡਾਂ ਦਿਲਬਾਗ ਸਿੰਘ ਰਮਦਾਸ, ਗੁਰਨਾਮ ਸਿੰਘ ਤਰਨ ਤਾਰਨ, ਹਰਜੀਤ ਸਿੰਘ ਹਰੀਕੇ, ਅਮਨ ਦੇਵਗਨ, ਨਰਿੰਦਰਜੀਤ ਸਿੰਘ, ਭੁਪਿੰਦਰ ਸਿੰਘ ਉਰਫ ਸਰਪੰਚ, ਬਲਵਿੰਦਰ ਕੁਮਾਰ ਭੱਲਾ ਬਟਾਲਾ, ਅੰਮ੍ਰਿਤਪਾਲ ਸਿੰਘ, ਅਮਰੀਕ ਸਿੰਘ ਵੱਲਾ, ਸੁਨੀਲ ਦੇਵਗਨ, ਪਰਮਜੀਤ ਸਿੰਘ ਬੱਗਾ ਆਦਿ ਨੇ ਸੰਬੋਧਨ ਕੀਤਾ। ਕਈ ਪੱਤਰਕਾਰਾਂ ਨੇ ਕੁਝ ਸੁਝਾ ਵੀ ਪੇਸ਼ ਕੀਤੇ ਜਿਹਨਾਂ ਤੇ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਵਿੱਚ ਵਿਚਾਰ ਚਰਚਾ ਕਰਨ ਦੇ ਫੈਸਲਾ ਕੀਤਾ ਗਿਆ ਅਤੇ ਨਵੇਂ ਸ਼ਾਮਲ ਹੋਏ ਪੱਤਰਕਾਰਾਂ ਨੂੰ ਸਿਰੋਪੇ ਵੀ ਭੇਂਟ ਕੀਤੇ ਗਏ।