ਅਸ਼ੋਕ ਵਰਮਾ
ਬਰਨਾਲਾ, 22 ਫਰਵਰੀ 2021 - ਬਰਨਾਲਾ ’ਚ ਕਿਸਾਨ ਮਜਦੂਰ ਏਕਤਾ ਮਹਾਂ ਰੈਲੀ ਵੱਲੋਂ ਵੱਖ ਵੱਖ ਮਤੇ ਪਾਸ ਕਰਕੇ ਸਿਆਸੀ ਧਿਰਾਂ ਤੇ ਫਿਰਕੂ ਤਾਕਤਾਂ ਤੋਂ ਦੂਰੀ ਰੱਖਣ ਅਤੇ ਸੰਘਰਸ਼ ਦੀ ਧਾਰ ਨੂੰ ਬੀਜੇਪੀ ਤੇ ਕਾਰਪੋਰੇਟ ਗੱਠਜੋੜ ਖਿਲਾਫ ਸੇਧਿਤ ਰੱਖਦਿਆਂ ਅਸੀ ਸਭਨਾਂ ਮਿਹਨਤਕਸ਼ ਤਬਕਿਆਂ ਨੂੰ ਖਾਸ ਕਰਕੇ ਸ਼ਹਿਰੀ ਤੇ ਪੇਂਡੂ ਗਰੀਬਾਂ ਨੂੰ ਨਾਲ ਲੈ ਕੇ ਇਸ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਅੱਜ ਪਾਸ ਕੀਤੇ ਮਤਿਆਂ ’ਚ ਆਖਿਆ ਗਿਆ ਹੈ ਕਿ ਸਾਡਾ ਖੇਤੀ ਕਾਰੋਬਾਰ ਕਾਰਪੋਰੇਟਾਂ ਨੂੰ ਲੁਟਾਉਣਾ ਚਾਹੁੰਦੀ ਮੋਦੀ ਸਰਕਾਰ ਮੂਹਰੇ ਸਾਡਾ ਸੰਘਰਸ਼ ਕੰਧ ਬਣਕੇ ਖੜ੍ਹ ਗਿਆ ਹੈ। ਸੰਘਰਸ਼ ਨੂੰ ਕੁਚਲ ਦੇਣਾ ਚਾਹੁੰਦੀ ਮੋਦੀ ਸਰਕਾਰ ਦੀ ਸਾਡੀ ਮਜਬੂਤ ਏਕਤਾ ਮੂਹਰੇ ਕੋਈ ਪੇਸ਼ ਨਹੀਂ ਜਾ ਰਹੀ। 26 ਜਨਵਰੀ ਦੇ ਦਿਨ ਅਜਿਹਾ ਮੋੜ ਸੀ ਜਦੋਂ ਸਰਕਾਰ ਨੇ ਇਨ੍ਹਾਂ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਦਾ ਰਾਹ ਲੱਭਣ ਦਾ ਯਤਨ ਕੀਤਾ ਸੀ।
ਲਾਲ ਕਿਲ੍ਹੇ ਦੀਆਂ ਘਟਨਾਵਾਂ ਰਾਹੀਂ ਸਰਕਾਰ ਸਾਡੇ ਸੰਘਰਸ਼ ਨੂੰ ਇੱਕ ਫਿਰਕੇ ਦੇ ਵੱਖਵਾਦੀ ਸੰਘਰਸ਼ ਵਜੋਂ ਪੇਸ਼ ਕਰਨਾ ਚਾਹੁੰਦੀ ਸੀ, ਜੋ ਕਿਸਾਨੀ ਮੰਗਾਂ ਲਈ ਨਾ ਹੋ ਰਿਹਾ ਹੋਵੇ ਸਗੋਂ ਇਸਦਾ ਕੋਈ ਸਿਆਸੀ ਮਕਸਦ ਹੋਵੇ। ਇਉਂ ਸਾਡੇ ਸੰਘਰਸ਼ ਨੂੰ ਹੋਰਨਾਂ ਸੂਬਿਆਂ ਦੇ ਕਿਸਾਨਾਂ ਦੀ ਸਾਂਝ ਤੋਂ ਨਿਖੇੜ ਕੇ ਫਿਰਕੂ-ਫਾਸ਼ੀ ਹਮਲੇ ਦੀ ਮਾਰ ਹੇਠ ਲਿਆਉਣ ਦੀ ਸਾਜ਼ਿਸ਼ ਘੜੀ ਗੲੀ ਸੀ।ਇਸ ਸਾਜ਼ਿਸ਼ ਦਾ ਹੱਥਾ ਉਹ ਅਨਸਰ ਬਣੇ ਸਨ ਜਿਹੜੇ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਸੰਘਰਸ਼ ਵਿਚ ਘੁਸੇ ਹੋਏ ਸਨ। ਸੰਘਰਸ਼ ਦੇ ਸ਼ੁਰੂ ਤੋਂ ਹੀ ਵੱਖਰੀਆਂ ਮੰਗਾਂ ਅਤੇ ਵੱਖਰੇ ਪਲੇਟਫਾਰਮਾਂ ਰਾਹੀਂ ਆਪਣੀ ਹੋਂਦ ਬਣਾ ਕੇ ਰੱਖ ਰਹੇ ਸਨ। ਸੰਘਰਸ਼ ਤੋਂ ਪਰਾਈਆਂ ਇਨ੍ਹਾਂ ਫਿਰਕੂ ਅਨਸਰਾਂ ਨੇ ਸਾਡੇ ਸੰਘਰਸ਼ ਨੂੰ ਹਮਲੇ ਹੇਠ ਲਿਆਉਣ ਲਈ ਸਰਕਾਰ ਦੇ ਹੱਥਾਂ 'ਚ ਖੇਡ ਕੇ ਉਸਨੂੰ ਬਹਾਨਾ ਦਿੱਤਾ।
ਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਝੁਲਾਉਣ ਦੀ ਗਲਤ ਕਾਰਵਾਈ ਨੇ ਸਾਡੇ ਸੰਘਰਸ਼ 'ਤੇ ਫਿਰਕੂ ਲੇਬਲ ਚਿਪਕਾਉਣ ਲਈ ਸਰਕਾਰ ਨੂੰ ਮੌਕ਼ਾ ਮੁਹੱਈਆ ਕਰਵਾਇਆ। ਮੋਦੀ ਹਕੂਮਤ ਦੇ ਨਾਲ ਇਹ ਫਿਰਕੂ ਸ਼ਕਤੀਆਂ ਵੀ ਸਾਡੇ ਸੰਘਰਸ਼ ਨੂੰ ਢਾਹ ਲਾਉਣ ਦੀਆਂ ਦੋਸ਼ੀ ਹਨ।ਅਸੀਂ ਅੱਜ ਦੀ ਰੈਲੀ 'ਚੋਂ ਇੱਕਜੁਟ ਐਲਾਨ ਕਰਦੇ ਹਾਂ ਕਿ ਇਹ ਸੰਘਰਸ਼ ਧਰਮ ਨਿਰਲੇਪ ਸੰਘਰਸ਼ ਹੈ।ਅਸੀਂ ਸਭਨਾਂ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਸੰਘਰਸ਼ ਦੀ ਧਰਮ ਨਿਰਲੇਪਤਾ ਦੀ ਰਾਖੀ ਲਈ ਦ੍ਰਿੜ੍ਹ ਹਾਂ।ਕਿਸੇ ਵੀ ਫਿਰਕੂ ਸ਼ਕਤੀ ਨੂੰ ਇਸ ਵਿਚ ਘੁਸਪੈਠ ਦੀ ਇਜਾਜ਼ਤ ਨਹੀਂ ਦੇਵਾਂਗੇ।ਇਸ ਵਿੱਚ ਪਾਟਕ ਪਾਉਣ ਦੀਆਂ ਹਰ ਕਿਸਮ ਦੀਆਂ ਕੋਸ਼ਿਸ਼ਾਂ ਨੂੰ ਮਾਤ ਦੇਵਾਂਗੇ।ਅਸੀ ਸਿਆਸੀ ਪਾਰਟੀਆਂ ਨੂੰ ਵੀ ਸੰਘਰਸ਼ ਅੰਦਰ ਘੁਸਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਨਾ ਹੀ ਦੇਵਾਂਗੇ।
ਇਸ ਸੰਘਰਸ਼ ਨੂੰ ਕਿਸੇ ਵੀ ਤਰ੍ਹਾਂ ਦੇ ਸੌੜੇ ਸਿਆਸੀ ਮਕਸਦਾਂ ਦਾ ਹੱਥਾ ਨਹੀਂ ਬਣਨ ਦੇਵਾਂਗੇ। ਅਸੀਂ ਭਾਜਪਾਈ ਹਕੂਮਤ ਦੀ ਝੂਠੀ ਦੇਸ਼ ਭਗਤੀ ਦੀ ਪਹਿਚਾਣ ਰੱਖਦੇ ਹਾਂ।ਇਹ ਅਖੌਤੀ ਦੇਸ਼ ਭਗਤੀ ਕਾਰਪੋਰੇਟਾਂ ਦੀ ਸੇਵਾ ਖਾਤਿਰ ਹੈ। ਇਸਨੂੰ ਬੇਨਕਾਬ ਕਰਨ ਲਈ ਅਸੀਂ ਦ੍ਰਿੜ੍ਹ ਹਾਂ ਤੇ ਸਾਮਰਾਜੀਆਂ ਦੀ ਲੁੱਟ ਖਿਲਾਫ਼ ਸੰਘਰਸ਼ ਨੂੰ ਅਸੀਂ ਖਰੀ ਦੇਸ਼ ਭਗਤੀ ਮੰਨਦੇ ਹਾਂ ਤੇ ਇਸਨੂੰ ਬੁਲੰਦ ਕਰਦੇ ਹਾਂ। ਸੰਘਰਸ਼ ਦੀ ਧਾਰ ਨੂੰ ਬੀਜੇਪੀ ਤੇ ਕਾਰਪੋਰੇਟ ਗੱਠਜੋੜ ਖਿਲਾਫ ਸੇਧਿਤ ਰੱਖਦਿਆਂ ਅਸੀ ਸਭਨਾਂ ਮਿਹਨਤਕਸ਼ ਤਬਕਿਆਂ ਨੂੰ ਖਾਸ ਕਰਕੇ ਸ਼ਹਿਰੀ ਤੇ ਪੇਂਡੂ ਗਰੀਬਾਂ ਨੂੰ ਨਾਲ ਲੈ ਕੇ ਇਸ ਸੰਘਰਸ਼ ਵਿਚ ਅੱਗੇ ਵੱਧਣ ਲਈ ਦ੍ਰਿੜ੍ਹ ਹਾਂ।