ਅਸ਼ੋਕ ਵਰਮਾ
ਬਰਨਾਲਾ, 21 ਜਨਵਰੀ 2021 - ਪੰਜਾਬ 30 ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ਦੌਰਾਨ ਕਿਸਾਨ ਬੁਲਾਰਿਆਂ ਨੇ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਮਨਾਉਣ ਅਤੇ ਉਹਨਾਂ ਵੱਲੋਂ ਅਜਾਦੀ ਦੀ ਲੜਾਈ ਦੌਰਾਨ ਘਾਲੀ ਘਾਲਣਾ ਤੋਂ ਪ੍ਰੇਰਣਾ ਲੈਕੇ ਕਿਸਾਨ ਮੋਰਚਾ ਮਘਾਉਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ 26 ਜਨਵਰੀ ਨੂੰ ਦਿੱਲੀ ’ਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਮਾਰਚ ਲਈ ਪੰਜਾਬ ਦੇ ਲੋਕ ਭਾਰੀ ਉਤਸ਼ਾਹ ’ਚ ਹਨ। ਓਧਰ ਧਰਨੇ ਦੇ ਅੱਜ 113ਵੇਂ ਅਤੇ ਭੁੱਖ ਹੜਤਾਲ ਦੇ32ਵੇਂ ਦਿਨ ਪੰਜ ਮੈਂਬਰੀ ਜੱਥਾ ਗੁਰਚਰਨ ਸਿੰਘ, ਭੋਲਾ ਸਿੰਘ, ਸੁਖਦੇਵ ਸਿੰਘ, ਜਗਰਾਜ ਸਿੰਘ ਅਤੇ ਬਲਦੇਵ ਸਿੰਘ ਭੁੱਖ ਹੜਤਾਲ ਉੱਪਰ ਬੈਠਿਆ।
ਅੱਜ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਸਾਹਿਬ ਸਿੰਘ ਬਡਬਰ, ਪ੍ਰੇਮਪਾਲ ਕੌਰ, ਅਮਰਜੀਤ ਕੌਰ, ਮੇਲਾ ਸਿੰਘ ਕੱਟੂ, ਜਸਵੰਤ ਸਿੰਘ ਅਸਪਾਲਕਲਾਂ, ਕੁਲਵੰਤ ਸਿੰਘ ਭਦੌੜ, ਜਗਰਾਜ ਰਾਮਾ, ਗੁਰਮੇਲ ਸ਼ਰਮਾਂ, ਸੁਖਦਰਸ਼ਨ ਗੁੱਡੂ ਨੇ ਮੋਦੀ ਹਕੂਮਤ ਦੇ ਤਿੰਨ ਮੰਤਰੀਆਂ ਵੱਲੋਂ ਸੰਯੂਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਕੀਤੀ ਮੀਟਿੰਗ ਵਿੱਚ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਦੋ ਸਾਲ ਲਈ ਮੁਅੱਤਲ ਕਰਨ ਅਤੇ ਸਾਂਝੀ ਕਮੇਟੀ ਬਨਾਉਣ ਉੱਪਰ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਕਿਹਾ ਕਿ ਸੰਯੁਕਤ ਮੋਰਚੇ ਦੀ ਮੰਗ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਅਤੇ ਘੱਟੋ-ਘੱਟ ਕੀਮਤ ਸਮੁੱਚੇ ਮੁਲਕ ਵਿੱਚ ਲਾਗੂ ਕਰਨ ਦਾ ਕਾਨੂੰਨ ਬਨਾਉਣਾ ਹੈ ਇਸ ਲਈ ਇਸ ਤੋਂ ਘੱਟ ਅਤੇ ਇਸ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।
ਉਹਨਾਂ ਆਖਿਆ ਕਿ ਸਾਂਝੇ ਕਿਸਾਨ ਮੋਰਚੇ ਦੇ ਵਿਸ਼ਾਲ ਸਿਰੜੀ ਸੰਘਰਸ਼ ਨੇ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਮੁਅੱਤਲ ਕਰਨ ਦਾ ਕੌੜਾ ਘੁੱਟ ਭਰਨ ਲਈ ਮਜਬੂਰ ਕੀਤਾ ਹੈ। ਆਗੂਆਂ ਕਿਹਾ ਕਿ ਅਸੀਂ ਸਹੇ ਦੀ ਲੜਾਈ ਨਹੀਂ , ਅਸੀਂ ਪਹੇ ਦੀ ਲੜਾਈ ਲੜ ਰਹੇ ਹਾਂ। ਜਮੀਨਾਂ ਬਚਾਉਣ ਦੀ ਲੜਾਈ ਪੇਂਡੂ ਤੇ ਸ਼ਹਿਰੀ ਸੱਭਿਅਤਾ ਬਚਾਉਣ ਦੀ ਲੜਾਈ ਹੈ। ਉਹਨਾਂ ਕਿਹਾ ਕਿ ਸਿੱਧੇ ਰੂਪ‘ਚ ਭਾਵੇਂ ਮੋਦੀ ਸਰਕਾਰ ਅਤੇ ਦਿਉਕੱਦ ਕਾਰਪੋਰੇਟ (ਅਡਾਨੀ-ਅੰਬਾਨੀ) ਘਰਾਣੇ ਇਹਨਾਂ ਖੇਤੀ ਕਾਨੂੰਨਾਂ ਨੂੰ ਲਿਆਉਣ ਵਾਲੇ ਜਾਪਦੇ ਹਨ, ਪਰ ਅਸਲ ਵਿੱਚ ਕੌਮਾਂਤਰੀ ਪੱਧਰ ਦੀਆਂ ਲੁਟੇਰੀਆਂ ਸੰਸਥਾਵਾਂ ਕੌਮਾਂਤਰੀ ਮੁਦਰਾ ਫੰਡ, ਸੰਸਾਰ ਬੈਂਕ, ਵਿਸ਼ਵ ਵਪਾਰ ਸੰਸਥਾਂ ਵਰਗੀਆਂ ਸਾਮਰਜੀ ਸੰਸਥਾਵਾਂ ਦੀਆਂ ਲੋਕ ਵਿਰੋਧੀ ਨੀਤੀਆਂ ਹਨ ਜੋ ਭਾਰਤ ਦੇ ਦਲਾਲ ਹਾਕਮਾਂ ਕੋਲੋਂ ਉਨਾਂ ਦੀ ਬਾਂਹ ਨੂੰ ਮਰੋੜਾ ਦੇਕੇ ਲਾਗੂੂ ਕਰਵਾ ਰਹੇ ਹਨ।
ਉਹਨਾਂ ਕਿਹਾ ਕਿ ਸਾਡੀ ਅਸਲ ਲੜਾਈ ਉਹਨਾਂ ਸਾਮਰਾਜੀਆਂ ਨਾਲ ਹੈ ਜਿਹਨਾਂ ਦੇ ਇਸ਼ਾਰੇ ਤੇ ਕਿਸਾਨਾਂ ਨੂੰ ਜਮੀਨਾਂ ਤੋਂ ਵਾਂਝੇ ਕਰਨ ਲਈ ਖੇਤੀ ਵਿਰੋਧੀ ਅਜਿਹੇ ਕਾਨੂੰਨ ਲਿਆਂਦੇ ਹਨ। ਨਵੀਂ ਸ਼ਕਲ ਦੇ ਧੰਨਾਂ ਸੇਠਾਂ ਖਿਲ਼ਾਫ ਚੱਲ ਰਹੀ ਵਡੇਰੇ ਹਿੱਤਾਂ ਦੀ ਜੰਗ ਦੀ ਚਰਚਾ ਕਰਦਿਆਂ ਆਗੂਆਂ ਕਿਹਾ ਕਿ ਇਹ ਲੜਾਈ ਨਾਜੁਕ ਦੌਰ ‘ਚ ਪੁੱਜ ਗਈ ਹੈ ਜਿਸ ਨੂੰ ਲੀਹੋਂ ਲਾਹੁਣ ਲਈ ਹਾਕਮ ਧੜਾ ਹਰ ਹਰਬਾ ਵਰਤ ਰਿਹਾ ਹੈ। ਉਹਨਾਂ ਦੱਸਿਆ ਕਿ 26 ਜਨਵਰੀ ਗਣਤੰਤਰ ਦਿਵਸ ਮੌਕੇ ਮੁਕਾਬਲੇ ਤੇ ਕਿਸਾਨ ਪਰੇਡ ਕੱਢਣ ਦੀਆਂ ਮੁਲਕ ਪੱਧਰੀਆਂ ਤਿਆਰੀਆਂ ਪੂਰੇ ਜੋਰ ਸ਼ੋਰ ਨਾਲ ਚੱਲ ਰਹੀਆਂ ਹਨ ਜਿਸ ’ਚ ਪੰਜਾਬ ਦਾ ਹਰ ਬਸ਼ਿੰਦਾ ਕਿਸੇ ਨਾਂ ਕਿਸੇ ਰੂਪ ਵਿੱਚ ਹਰ ਹਾਲਤ ਵਿੱਚ ਆਪਣਾ ਯੋਗਦਾਨ ਪਾਵੇਗਾ। ਉਹਨਾਂ ਸਮੂਹ ਮਿਹਨਤਕਸ਼ ਲੋਕਾਂ ਇਹਨਾਂ ਪ੍ਰੋਗਰਾਮਾਂ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ।
ਇਸੇ ਹੀ ਤਰਾਂ ਵੀਆਰਸੀ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋੋਂ ਅੱਜ 110ਵੇਂ ਦਿਨ ਘਿਰਾਓ ਜਾਰੀ ਰਿਹਾ। ਬੁਲਾਰਿਆਂ ਹਰਚਰਨ ਸਿੰਘ ਚੰਨਾ, ਰਾਮ ਸਿੰਘ ਕਲੇਰ, ਨਿਰਮਲ ਸਿੰਘ, ਬਲਵੀਰ ਸਿੰਘ ਪੱਪੂ, ਭੋਲਾ ਸਿੰਘ, ਅਜਮੇਰ ਸਿੰਘ ਕਰਮਗੜ ਅਤੇ ਮਨਜੀਤ ਸਿੰਘ ਕਰਮਗੜ ਆਦਿ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਨਾਲ ਕਿਸਾਨ ਆਗੂਆਂ ਦੀ ਮੀਟਿੰਗ22 ਜਨਵਰੀ ਨੂੰ ਫਿਰ ਹੋਵੇਗੀ ਪਰ ਮੋਦੀ ਹਕੂਮਤ ਦੀ ਮਨਸ਼ਾ ਸਾਫ ਨਹੀਂ ਹੈ। ਮੋਦੀ ਹਕੂਮਤ ਦੀਆਂ ਇਨਾਂ ਸਾਜਿਸ਼ਾਂ ਨੂੰ ਚਕਨਾਚੂਰ ਕਰਦਿਆਂ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਖਿਲ਼ਾਫ ਸੰਘਰਸ਼ ਨੂੰ ਹੋਰ ਵਧੇਰੇ ਵਿਸਾਲ ਅਤੇ ਤੇਜ ਕਰਨਾ ਹੋਵੇਗਾ। ਬੁਲਾਰਿਆਂ ਦਿੱਲੀ ਵਿਖੇ ਸਮਾਨੰਤਰ ਕਿਸਾਨ ਪਰੇਡ ਦੀਆਂ ਤਿਆਰੀਆਂ ਨੂੰ ਹੋਰ ਵਧੇਰੇ ਜਰਬਾਂ ਦੇਣ ਦੀ ਬੁਲਾਰਿਆਂ ਜੋਰਦਾਰ ਅਪੀਲ਼ ਕੀਤੀ।