ਚੰਡੀਗੜ੍ਹ, 18 ਸਤੰਬਰ, 2016 : ਸਿਆਸੀ ਮੈਦਾਨ 'ਚੋਂ ਗ਼ਾਇਬ ਰਹਿਣ ਬਾਰੇ ਬਾਦਲਾਂ ਦੀ ਤਿੱਖੀ ਟਿੱਪਣੀ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ,''ਬਾਦਲਾਂ ਨੂੰ ਮੇਰੀ ਚਿੰਤਾ ਕਿਉਂ ਲੱਗੀ ਹੋਈ ਹੈ, ਉਨ੍ਹਾਂ ਨੂੰ ਆਪਣੇ ਉਹ ਕੰਮ ਕਰਨੇ ਚਾਹੀਦੇ ਹਨ, ਜਿਨ੍ਹਾਂ ਲਈ ਉਹ ਚੁਣੇ ਗਏ ਸਨ।''
ਮੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਦੇ ਹਵਾਲੇ ਨਾਲ ਭਗਵੰਤ ਮਾਨ ਨੇ ਕਿਹਾ,''ਮੈਂ ਸਿਆਸੀ ਦ੍ਰਿਸ਼ ਤੋਂ ਇਸ ਲਈ ਬਾਹਰ ਸਾਂ ਕਿਉਂਕਿ ਮੈਂ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਮਿਲਣਾ ਸੀ ਅਤੇ ਨਾਲੇ ਬਾਦਲ ਨੂੰ ਮੇਰੀ ਫ਼ਿਕਰ ਕਿਉਂ ਹੈ।'' ਇੱਥੇ ਵਰਣਨਯੋਗ ਹੈ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ 'ਭਗਵੰਤ ਮਾਨ ਦੇ ਗ਼ਾਇਬ ਹੋਣ ਦੀ ਜਾਂਚ ਲਈ ਲਿਖਤੀ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ।'
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਜੇ ਬਾਦਲ ਨੂੰ ਪੰਜਾਬ ਦੀ ਸੱਚਮੁਚ ਗੰਭੀਰ ਚਿੰਤਾ ਹੈ, ਤਾਂ ਉਨ੍ਹਾਂ ਨੂੰ ਅਜਿਹੇ ਦੋਸ਼ੀਆਂ ਨੂੰ ਲੱਭਣਾ ਚਾਹੀਦਾ ਹੈ, ਜਿਹੜੇ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ, ਉਨ੍ਹਾਂ 'ਅਣਪਛਾਤੇ' ਪੁਲਿਸ ਮੁਲਾਜ਼ਮਾਂ ਦੀ ਸ਼ਨਾਖ਼ਤ ਕਰਨੀ ਚਾਹੀਦੀ ਹੈ, ਜਿਨ੍ਹਾਂ ਸ਼ਾਂਤੀਪੂਰਨ ਰੋਸ-ਮੁਜ਼ਾਹਰਾਕਾਰੀਆਂ 'ਤੇ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਦੀ ਜਾਨ ਲੈ ਲਈ ਸੀ, ਉਨ੍ਹਾਂ ਸ਼ਰਾਰਤੀ ਅਨਸਰਾਂ ਦਾ ਪਤਾ ਲਾਉਣਾ ਚਾਹੀਦਾ ਹੈ, ਜਿਹੜੇ ਮਾਲੇਰਕੋਟਲਾ 'ਚ ਕੁਰਾਨ-ਏ-ਸ਼ਰੀਫ਼ ਦੀ ਬੇਅਦਬੀ ਲਈ ਜ਼ਿੰਮੇਵਾਰ ਹਨ।
ਭਗਵੰਤ ਮਾਨ ਨੇ ਕਿਹਾ,''ਬਾਦਲ ਨੂੰ ਆਪਣਾ ਜ਼ੋਰ ਉਨ੍ਹਾਂ ਨੂੰ ਲੱਭਣ ਲਈ ਲਾਉਣਾ ਚਾਹੀਦਾ ਹੈ, ਜਿਹੜੇ 12,000 ਕਰੋੜ ਰੁਪਏ ਦੇ ਅਨਾਜ ਘੁਟਾਲ਼ੇ ਲਈ ਜ਼ਿੰਮੇਵਾਰ ਸਨ, ਇਸ ਤੋਂ ਇਲਾਵਾ ਉਨ੍ਹਾਂ ਨੂੰ ਬੇਰੋਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਲੱਭਣੀਆਂ ਚਾਹੀਦੀਆਂ ਹਨ, ਪਠਾਨਕੋਟ ਹਮਲੇ ਨਾਲ ਸਿੱਧੇ ਤੌਰ 'ਤੇ ਜੁੜੇ ਐਸ.ਪੀ. ਸਲਵਿੰਦਰ ਸਿੰਘ ਨੂੰ 'ਕਲੀਨ ਚਿਟ' ਦੇਣ ਦੇ ਕਾਰਨਾਂ ਦੀ ਜਾਂਚ ਕਰਨੀ ਚਾਹੀਦੀ ਹੈ।'' ਉਨ੍ਹਾਂ ਕਿਹਾ ਕਿ ਬਾਦਲ ਨੂੰ ਸਗੋਂ ਪੰਜਾਬ ਵਿੱਚ ਬਹੁ-ਕਰੋੜੀ ਡਰੱਗ ਘੁਟਾਲੇ ਵਿੱਚ ਸ਼ਾਮਲ ਅਸਲ ਵਿਅਕਤੀਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਬਾਦਲ ਨੂੰ ਉਹ ਸਾਰੇ ਕਾਰਨ ਲੱਭਣੇ ਚਾਹੀਦੇ ਹਨ, ਜਿਨ੍ਹਾਂ ਕਰ ਕੇ ਕਿਸਾਨ ਆਤਮ-ਹੱਤਿਆਵਾਂ ਜਿਹੇ ਕਦਮ ਚੁੱਕਣ ਲਈ ਮਜਬੂਰ ਹੋਏ।
ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਬਾਰੇ ਕੀਤੇ ਗਏ ਉਸ ਦਾਅਵੇ ਕਿ ''ਝਾੜੂ ਹਣ ਤੀਲੇ-ਤੀਲੇ ਹੋ ਗਿਆ ਹੈ,'' ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ,''ਜੇ ਝਾੜੂ ਦੇ ਦੋ ਤੀਲੇ ਨਿੱਕਲ ਵੀ ਜਾਣ, ਤਾਂ ਵੀ ਝਾੜੂ, ਝਾੜੂ ਹੀ ਰਹਿੰਦਾ ਹੈ, ਪਰ ਜੇ ਤੱਕੜੀ ਦੀ ਰੱਸੀ ਟੁੱਟ ਜਾਵੇ, ਤਾਂ ਉਸ ਨਾਲ ਤੋਲਿਆ ਨਹੀਂ ਜਾ ਸਕਦਾ, ਜੇ ਕਿਤੇ ਪੰਜੇ ਦੀ ਇੱਕ ਉਂਗਲ਼ ਵੱਢੀ ਜਾਵੇ, ਤਾਂ ਉਹ ਪੰਜਾ ਨਹੀਂ ਰਹਿੰਦਾ, ਚੌਕਾ ਬਣ ਜਾਂਦਾ ਹੈ।''