ਚੰਡੀਗੜ੍ਹ, 10 ਅਗਸਤ, 2016 : 'ਆਮ ਆਦਮੀ ਪਾਰਟੀ' (ਆਪ) ਦੇ ਸੰਗਰੂਰ ਤੋਂ ਐਮ.ਪੀ. ਭਗਵੰਤ ਮਾਨ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਉੱਤੇ ਉਨ੍ਹਾਂ ਦੀਆਂ ਬਚਕਾਨਾ ਟਿੱਪਣੀਆਂ ਕਾਰਨ ਰੱਜ ਕੇ ਵਰ੍ਹੇ, ਜਿਨ੍ਹਾਂ ਵਿੱਚ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਹ ਆਖਣ ਦੀ ਜੁੱਰਅਤ ਕੀਤੀ ਸੀ ਕਿ ਉਹ ਦੇਸ਼ ਅਤੇ ਸੂਬੇ ਲਈ ਪਾਏ ਯੋਗਦਾਨ ਗਿਣਾਉਣ।
ਆਮ ਆਦਮੀ ਪਾਰਟੀ ਦੀ ਚੋਣ-ਪ੍ਰਚਾਰ ਮੁਹਿੰਮ ਕਮੇਟੀ ਦੇ ਮੁਖੀ ਮਾਨ ਨੇ ਕਿਹਾ ਕਿ ਬਾਦਲ ਦੀਆਂ ਟਿੱਪਣੀਆਂ ਤੋਂ ਨਿਰਾਸ਼ਾ ਅਤੇ ਬੇਉਮੀਦੀ ਝਲਕਦੀ ਹੈ ਕਿ ਉਨ੍ਹਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਅਪਮਾਨਜਨਕ ਹਾਰ ਹੋਣ ਦਾ ਅਹਿਸਾਸ ਹੋ ਗਿਆ ਹੈ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੇਵਲ ਚਾਰ ਸਾਲ ਪੁਰਾਣੀ ਹੈ, ਜਿਸ ਨੇ ਕੇਜਰੀਵਾਲ ਦੀ ਅਗਵਾਈ ਹੇਠ ਭ੍ਰਿਸ਼ਟ ਪ੍ਰਣਾਲੀ ਵਿਰੁੱਧ ਆਪਣੀ ਜੰਗ ਵਿੱਢੀ ਹੈ ਅਤੇ ਉਹ ਗ਼ਰੀਬਾਂ ਅਤੇ ਸੁੱਖ-ਸਹੂਲਤਾਂ ਤੋਂ ਹੁਣ ਤੱਕ ਵਾਂਝੇ ਰਹਿਣ ਵਾਲੇ ਲੋਕਾਂ ਲਈ ਅਣਥੱਕ ਲੜਾਈ ਲੜ ਰਹੇ ਹਨ। ਪਰ ਬਾਦਲ ਦਾ ਆਪਣਾ ਯੋਗਦਾਨ ਕੇਵਲ ਇੰਨਾ ਕੁ ਹੈ ਉਨ੍ਹਾਂ ਨੇ ਪੰਜਾਬ ਵਿੱਚ ਆਪਣੇ ਪਰਿਵਾਰ ਅਤੇ ਮਾਫ਼ੀਆ ਦਾ ਰਾਜ ਫੈਲਾਇਆ ਹੈ। ਬਾਦਲ ਦਾ ਕੇਵਲ ਇਹੋ ਯੋਗਦਾਨ ਹੈ, ਜਿਸ ਨੇ ਪੰਜਾਬ ਕੈਬਿਨੇਟ ਨੂੰ 'ਬਾਦਲ ਐਂਡ ਸੰਨ ਪ੍ਰਾਈਵੇਟ ਲਿਮਿਟੇਡ ਕੰਪਨੀ' ਬਣਾ ਕੇ ਰੱਖ ਦਿੱਤਾ ਹੈ।
ਬਾਦਲ ਉਸ ਜਨਤਾ ਦੇ ਫ਼ੈਸਲੇ ਦਾ ਮਾਣ ਰੱਖਣ ਤੋਂ ਅਸਮਰੱਥ ਰਹੇ ਹਨ, ਜਿਸ ਨੇ ਉਨ੍ਹਾਂ ਵਿੱਚ ਭਰੋਸਾ ਪ੍ਰਗਟਾ ਕੇ ਉਨ੍ਹਾਂ ਨੂੰ ਪੰਜਵੀਂ ਵਾਰ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਸੀ। ਮਾਨ ਨੇ ਸੁਆਲ ਕੀਤਾ,''ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦੀ ਥਾਂ ਉਹ ਕੇਵਲ ਆਪਣੇ ਪਰਿਵਾਰ ਦੇ ਹਿਤਾਂ ਨੂੰ ਹੀ ਪੂਰਦੇ ਰਹੇ ਹਨ। ਭਾਰਤ ਵਿੱਚ ਹੋਰ ਕਿਤੇ ਵੀ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ, ਜਿੱਥੇ ਪਿਤਾ ਮੁੱਖ ਮੰਤਰੀ ਹੋਵੇ ਤੇ ਪੁੱਤਰ (ਭਾਵ ਸੁਖਬੀਰ ਬਾਦਲ) ਉੱਪ-ਮੁੱਖ ਮੰਤਰੀ।'' ਮਾਨ ਨੇ ਕਿਹਾ ਕਿ ਬਾਦਲ ਸਾਹਿਬ ਇੱਥੇ ਹੀ ਨਹੀਂ ਰੁਕਦੇ। ਉਨ੍ਹਾਂ ਅਗਾਂਹ ਵਧਦੇ ਹੋਏ ਆਪਣੀ ਨੂੰਹ (ਹਰਸਿਮਰਤ ਕੌਰ ਬਾਦਲ) ਨੂੰ ਵੀ ਕੇਂਦਰੀ ਮੰਤਰੀ ਅਤੇ ਜਵਾਈ (ਆਦੇਸ਼ ਪ੍ਰਤਾਪ ਸਿੰਘ ਕੈਰੋਂ) ਨੂੰ ਕੈਬਿਨੇਟ ਮੰਤਰੀ ਵੀ ਬਣਾਇਆ। ਹੋਰ ਤਾਂ ਹੋਰ ਉਨ੍ਹਾਂ ਸੁਖਬੀਰ ਬਾਦਲ ਦੇ ਸਾਲ਼ੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਕੈਬਿਨੇਟ ਵਿੱਚ ਜਗ੍ਹਾ ਦਿੱਤੀ।
ਬਾਦਲ ਸਰਕਾਰ ਅਧੀਨ ਹੀ ਮਾਫ਼ੀਆ ਰਾਜ ਪ੍ਰਫ਼ੁੱਲਤ ਹੋਇਆ ਅਤੇ ਉਸ ਨੇ ਪੰਜਾਬ ਵਿੱਚ ਆਪਣਾ ਸ਼ਿਕੰਜਾ ਮਜ਼ਬੂਤ ਕੀਤਾ। ਇਸ ਲਈ ਸਿੱਧੇ ਤੌਰ 'ਤੇ ਬਾਦਲ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਦੀ ਨੱਕ ਹੇਠ ਨਸ਼ੇ, ਗ਼ੈਰ-ਕਾਨੂੰਨੀ ਰੇਤਾ ਤੇ ਬਜਰੀ ਦੀ ਪੁਟਾਈ, ਸ਼ਰਾਬ ਦੀ ਸਮੱਗਲਿੰਗ, ਟਰਾਂਸਪੋਰਟ ਅਤੇ ਕੇਬਲ ਮਾਫ਼ੀਆ ਨੇ ਆਪਣੀਆਂ ਜੜ੍ਹਾਂ ਮਜ਼ਬੂਤ ਕੀਤੀਆਂ। ਮਾਨ ਨੇ ਇਹ ਵੀ ਆਖਿਆ,''ਬਾਦਲ ਸਰਕਾਰ ਅਧੀਨ ਹੀ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਕਾਰਨ ਸਭ ਤੋਂ ਵੱਧ ਗਿਣਤੀ ਵਿੱਚ ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਦੀ ਮੌਤ ਹੋਈ। ਬਾਦਲ ਦੀ ਹਕੂਮਤ ਅਧੀਨ ਹੀ ਸਮੁੱਚੇ ਪੰਜਾਬ ਵਿੱਚ ਨਸ਼ੇੜੀਆਂ ਦੇ ਮੁੜ ਵਸੇਬੇ ਲਈ ਵਿਸ਼ੇਸ਼ ਕੇਂਦਰ ਖੋਲ੍ਹਣੇ ਪਏ। ਅਜਿਹਾ ਇੱਕ ਕੇਂਦਰ ਲੜਕੀਆਂ ਲਈ ਵੀ ਅੰਮ੍ਰਿਤਸਰ 'ਚ ਖੋਲ੍ਹਣਾ ਪਿਆ ਹੈ।''
ਮਾਨ ਨੇ ਅੱਗੇ ਕਿਹਾ ਕਿ ਬਾਦਲ ਖ਼ੁਦ ਨੂੰ 'ਕਿਸਾਨਾਂ ਦਾ ਮਸੀਹਾ' ਹੋਣ ਦਾ ਦਾਅਵਾ ਕਰਦੇ ਰਹੇ ਹਨ ਪਰ ਅਸਲ ਵਿੱਚ ਉਹ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡੇ ਹਨ। ''ਬਾਦਲ ਨੇ ਸਮੁੱਚੇ ਪੰਜਾਬ ਵਿੱਚ ਕਦੇ ਵੀ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਰੋਕਣ ਦੀ ਕੋਈ ਗੰਭੀਰ ਕੋਸ਼ਿਸ਼ ਨਹੀਂ ਕੀਤੀ। ਬਾਦਲ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਵਾਉਣ ਲਈ ਵੀ ਕੱਖ ਨਹੀਂ ਕੀਤਾ, ਜੇ ਉਹ ਇੰਝ ਕਰਦੇ ਤਾਂ ਉਨ੍ਹਾਂ ਨੂੰ ਕੁਝ ਰਾਹਤ ਤਾਂ ਜ਼ਰੂਰ ਮਿਲਦੀ। ਬਾਦਲ ਨੇ ਤਾਂ ਕਿਸਾਨਾਂ ਤੋਂ ਕਰਜ਼ਿਆਂ ਦੀ ਵਾਪਸੀ ਉੱਤੇ ਇੱਕ ਸਾਲ ਦੀ ਰੋਕ ਲਾਉਣ ਦਾ ਐਲਾਨ ਵੀ ਨਹੀਂ ਕੀਤਾ, ਜਦ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਸਲਾਹ ਦਿੱਤੀ ਸੀ ਕਿਉਂਕਿ ਇਸ ਤਰ੍ਹਾਂ ਖ਼ੁਦਕੁਸ਼ੀਆਂ ਰੁਕ ਸਕਦੀਆਂ ਸਨ।''
ਬਾਦਲ ਨੇ ਆਪਣੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ, ਜਿਨ੍ਹਾਂ ਨੇ ਕਿਸਾਨਾਂ ਨੂੰ ਅਜਿਹੇ ਨਕਲੀ ਬੀਜ ਤੇ ਕੀਟਨਾਸ਼ਕ ਸਪਲਾਈ ਕੀਤੇ ਕਿ ਜਿਨ੍ਹਾਂ ਨਾਲ ਉਨ੍ਹਾਂ ਦੀ ਨਰਮੇ ਦੀ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਤੇ ਜਿਸ ਕਰ ਕੇ ਬਹੁਤੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਕਰਨੀਆਂ ਪਈਆਂ।
ਬਾਦਲ ਨੇ ਪੰਜਾਬ ਦੇ ਸਿੱਖ ਧਾਰਮਿਕ ਸੰਸਥਾਨਾਂ ਉੱਤੇ ਵੀ ਆਪਣਾ ਕਬਜ਼ਾ ਕੀਤਾ ਹੋਇਆ ਹੈ ਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਮੁਤਾਬਕ ਹੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਰ ਕੇ ਸਮੁੱਚੇ ਵਿਸ਼ਵ ਦੇ ਸਿੱਖਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਅਤੇ ਇਸੇ ਲਈ ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ ਦੇ ਇੱਕ ਹੈੱਡ-ਗ੍ਰੰਥੀ ਨੇ ਤਾਂ ਉਨ੍ਹਾਂ ਨੂੰ ਬੀਤੇ ਜੂਨ ਮਹੀਨੇ ਸਿਰੋਪਾਓ ਬਖ਼ਸ਼ਿਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਬਾਦਲ ਦਾ ਸਭ ਤੋਂ ਸ਼ਾਨਦਾਰ ਯੋਗਦਾਨ ਇਹ ਹੈ ਕਿ ਉਹ ਇਸ ਵੇਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਪੰਜਾਬ ਅਤੇ ਪੰਜਾਬ ਦੇ ਵੋਟਰਾਂ ਨੂੰ ਮੂਰਖ ਬਣਾ ਰਹੇ ਹਨ।
ਮਾਨ ਨੇ ਕਿਹਾ,''10 ਸਾਲਾਂ ਤੱਕ ਬਾਦਲ ਕੇਵਲ ਪੰਜਾਬ ਦੀ ਜਨਤਾ ਨੂੰ ਇਹ ਆਖ ਕੇ ਬੁੱਧੂ ਬਣਾਉਂਦਾ ਰਿਹਾ ਕਿ ਉਹ ਭ੍ਰਿਸ਼ਟ ਅਮਰਿੰਦਰ ਵਿਰੁੱਧ ਜੰਗ ਲੜ ਰਿਹਾ ਹੈ, ਜਿਸ ਵਿਰੁੱਧ ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੀ 360 ਕਰੋੜ ਰੁਪਏ ਦੀ 32.10 ਏਕੜ ਜ਼ਮੀਨ ਇੱਕ ਪ੍ਰਾਈਵੇਟ ਬਿਲਡਰ ਨੂੰ ਦੇਣ ਦੇ ਮਾਮਲੇ 'ਚ ਕੇਸ ਦਰਜ ਕੀਤਾ ਸੀ। ਪਰ ਹੁਣ 10 ਸਾਲਾਂ ਬਾਅਦ ਚੁੱਪਕੀਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਉਹ ਕੇਸ ਵਾਪਸ ਲੈ ਲਿਆ ਗਿਆ ਹੈ ਅਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਕੁਝ ਗ਼ਲਤ ਕੀਤਾ ਹੀ ਨਹੀਂ। ਇਸ ਤੋਂ ਸਪੱਸ਼ਟ ਹੈ ਕਿ ਬਾਦਲ ਅਤੇ ਕੈਪਟਨ ਅਮਰਿੰਦਰ ਹੁਣ ਪੂਰੀ ਤਰ੍ਹਾਂ ਇੱਥ ਹਨ ਤੇ ਉਹ ਮਿਲ ਕੇ ਆਮ ਆਦਮੀ ਪਾਰਟੀ ਨਾਲ ਲੜ ਰਹੇ ਹਨ।''