ਚੰਡੀਗੜ੍ਹ, 24 ਸਤੰਬਰ, 2016 : ਅੱਜ ਜਲੰਧਰ ’ਚ ਵਾਪਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਗਵਦ ਗੀਤਾ ਦੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਕਿਹਾ ਹੈ ਕਿ ਇਸ ਤੋਂ ਅਜਿਹਾ ਸੰਕੇਤ ਮਿਲਦਾ ਹੈ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਡੂੰਘੀ ਸਾਜ਼ਿਸ਼ ਰਚੀ ਗਈ ਹੈ। ਵੜੈਚ ਨੇ ਕਿਹਾ,‘‘ਇਹ ਘਟਨਾ ਬੇਹੱਦ ਨਿਖੇਧੀਯੋਗ ਅਤੇ ਮੰਦਭਾਗੀ ਹੈ ਕਿ ਕੁਝ ਵਿਅਕਤੀਆਂ ਨੇ ਬੇਅਦਬੀ ਦੇ ਅਜਿਹੇ ਘਿਨਾਉਣੇ ਅਪਰਾਧ ਨੂੰ ਅੰਜਾਮ ਦਿੱਤਾ, ਜਿਸ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾ ਸਕਦਾ।’’ ਉਨਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਕੇ ਲੋਕਾਂ ਸਾਹਮਣੇ ਲਿਆਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਵੜੈਚ ਨੇ ਕਿਹਾ ਕਿ ਬੇਅਦਬੀ ਦੀ ਅਜਿਹੀ ਘਟਨਾ ਕੋਈ ਪਹਿਲੀ ਵਾਰ ਨਹੀਂ ਵਾਪਰੀ, ਕੁਝ ਮਹੀਨੇ ਪਹਿਲਾਂ ਅਜਿਹੀਆਂ ਅਨੇਕਾਂ ਵਾਰਦਾਤਾਂ ਪੰਜਾਬ ਦੇ ਵੱਖੋ-ਵੱਖਰੇ ਸ਼ਹਿਰਾਂ ਵਿੱਚ ਵਾਪਰੀਆਂ ਸਨ ਅਤੇ ਜੇ ਕਿਤੇ ਸੂਬਾ ਸਰਕਾਰ ਅਜਿਹੇ ਮਾਮਲਿਆਂ ਦਾ ਹੱਲ ਲੱਭਣ ਪ੍ਰਤੀ ਗੰਭੀਰ ਹੁੰਦੀ, ਤਾਂ ਪਹਿਲੇ ਮਾਮਲਿਆਂ ਦੇ ਦੋਸ਼ੀ ਹੁਣ ਤੱਕ ਕਦੋਂ ਦੇ ਫੜੇ ਜਾ ਚੁੱਕੇ ਹੋਣੇ ਸਨ ਅਤੇ ਫਿਰ ਕਿਸੇ ਨੇ ਅਜਿਹਾ ਨਿਖੇਧੀਯੋਗ ਅਪਰਾਧ ਕਰਨ ਦੀ ਹਿੰਮਤ ਨਹੀਂ ਕਰਨੀ ਸੀ। ਵੜੈਚ ਨੇ ਸੁਆਲ ਕੀਤਾ ਕਿ ਬਰਗਾੜੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਕਿੱਥੇ ਹਨ? ਜੇ ਉਨਾਂ ਨੂੰ ਗਿ੍ਰਫ਼ਤਾਰ ਕਰ ਕੇ ਉਨਾਂ ਨੂੰ ਮਿਸਾਲਯੋਗ ਸਜ਼ਾ ਦਿੱਤੀ ਗਈ ਹੁੰਦੀ, ਤਾਂ ਅਜਿਹੀ ਵਾਰਦਾਤ ਨੂੰ ਦੋਬਾਰਾ ਅੰਜਾਮ ਦੇਣ ਦੀ ਕਿਸੇ ਨੂੰ ਵੀ ਹਿੰਮਤ ਨਾ ਪੈਂਦੀ।
ਉਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਚਿਤ ਰਾਖੀ ਕਰਨਾ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕੀ ਕਮੇਟੀਆਂ ਦੀ ਹੈ, ਤਾਂ ਜੋ ਅਜਿਹੀ ਘਟਨਾ ਦੋਬਾਰਾ ਕਦੇ ਨਾ ਵਾਪਰੇ। ਵੜੈਚ ਨੇ ਕਿਹਾ ਕਿ ਪੰਜਾਬ ਵਿੱਚ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੀ ਬੇਅਦਬੀ ਨਹੀਂ ਹੋਈ, ਸਗੋਂ ਹੋਰਨਾਂ ਧਰਮਾਂ ਦੇ ਪਵਿੱਤਰ ਗ੍ਰੰਥਾਂ; ਜਿਵੇਂ ਕੁਰਾਨ-ਏ-ਸ਼ਰੀਫ਼ ਅਤੇ ਭਗਵਦ ਗੀਤਾ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕਿਹਾ,‘‘ਅਸੀਂ ਸੂਬਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲਵੇ ਅਤੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗਿ੍ਰਫ਼ਤਾਰ ਕਰੇ; ਤਾਂ ਜੋ ਅਥਾਹ ਤਸੀਹੇ ਝੱਲ ਕੇ ਹਾਸਲ ਕੀਤੀ ਪੰਜਾਬ ਦੀ ਸ਼ਾਂਤੀ ਅਜਿਹੇ ਲੋਕ ਭੰਗ ਨਾ ਕਰ ਸਕਣ।’’