ਚੰਡੀਗੜ੍ਹ, 21 ਸਤੰਬਰ, 2016 : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਪਾਰਟੀ ਆਗੂ ਅਤੇ ਵਰਕਰਾਂ ਨੂੰ 25 ਤੋਂ 30 ਸਤੰਬਰ ਤੱਕ ਸੂਬਾ ਭਰ ਵਿਚ 'ਸੰਪਰਕ ਮੁਹਿੰਮ' ਚਲਾਉਣ ਦਾ ਸੱਦਾ ਦਿੱਤਾ ਹੈ। ਅੱਜ ਇਥੇ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਆਹੁਦੇਦਾਰਾਂ, 33 ਜਥੇਬੰਦਕ ਜਿਲ੍ਹਿਆਂ ਦੇ ਇੰਚਾਰਜਾਂ ਅਤੇ 23 ਵਿਧਾਨ ਸਭਾ ਹਲਕਿਆਂ ਦੇ ਜਥੇਬੰਦਕ ਇੰਚਾਰਜਾਂ ਨੂੰ ਸੰਬੋਧਨ ਕਰਦਿੰਆਂ ਵਿਜੇ ਸਾਂਪਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਹਾੜੇ, ਡਾ. ਭੀਮ ਰਾਓ ਅੰਬੇਦਕਰ ਜੀ ਦੇ 125ਵੇਂ ਜਨਮ ਦਿਹਾੜੇ ਅਤੇ ਏਕਤਾ ਦਾ ਸੰਦੇਸ਼ ਦੇਣ ਵਾਲੇ ਪੰਡਿਤ ਦੀਨ ਦਿਆਲ ਉਪਾਧਿਆਏ ਦੀ 100ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਇਹ ਸੰਪਰਕ ਮੁਹਿੰਮ ਚਲਾਈ ਜਾਵੇਗੀ, ਜਿਸ ਦੌਰਾਨ ਪਾਰਟੀ ਵਰਕਰ ਘਰ-ਘਰ ਵਿਚ ਏਕਤਾ ਦਾ ਸੰਦੇਸ਼ ਦੇਣਗੇ।
ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਇਸ ਮੀਟਿੰਗ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਪਰਕ ਅਭਿਆਨ ਤਹਿਤ ਪੰਜਾਬ ਭਰ ਵਿਚ 25 ਤੋਂ 30 ਸਤੰਬਰ ਤੱਕ ਹਰੇਕ ਕਸਬੇ ਤੇ ਵੱਡੇ ਪਿੰਡਾਂ ਵਿਚ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ਵਿਚ ਪਾਰਟੀ ਵਰਕਰਾਂ ਤੋਂ ਇਲਾਵਾ ਹਰ ਵਰਗ ਦੇ ਆਮ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਮੀਟਿੰਗ ਵਿਚ ਸੂਬਾ ਜਥੇਬੰਦਕ ਜਨਰਲ ਸਕੱਤਰ ਦਿਨੇਸ਼ ਕੁਮਾਰ ਨੇ ਮੁੱਖ ਬਿੰਦੁਆਂ 'ਤੇ ਚਾਨਣਾ ਪਾਇਆ ਅਤੇ ਬਾਅਦ ਵਿਚ ਪਾਰਟੀ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਭਾਜਪਾ ਵਲੋਂ ਪਿਛਲੇ ਸਮੇਂ ਦੌਰਾਨ ਚਲਾਈ ਤਿਰੰਗਾ ਯਾਤਰਾ ਅਤੇ ਗ੍ਰਾਮ ਉਦੇ-ਭਾਰਤ ਉਦੇ ਮੁਹਿੰਮ ਆਗੂਆਂ ਤੇ ਵਰਕਰਾਂ ਦੀ ਲਗਨ ਤੇ ਮਿਹਨਤ ਸਦਕਾ ਸਫ਼ਲ ਰਹੀ ਹੈ, ਜਿਸਦੀ ਕੇਂਦਰੀ ਲੀਡਰਸ਼ਿਪ ਵਲੋਂ ਵੀ ਪ੍ਰਸ਼ੰਸਾ ਕੀਤੀ ਗਈ ਹੈ। ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਮਿਸ਼ਨ-2017 ਲਈ ਡਟ ਜਾਣ ਦਾ ਸੱਦਾ ਦਿੱਤਾ। ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਉਜਵਲਾਂ ਸਕੀਮ ਤਹਿਤ ਪੰਜਾਬ ਦੀਆਂ ਤਕਰੀਬਨ ਸਵਾ 9 ਲੱਖ ਗਰੀਬ ਮਹਿਲਾਵਾਂ ਨੂੰ ਗੈਸ ਕੁਨੈਕਸ਼ਨ ਮੁਫ਼ਤ ਦਿੱਤੇ ਜਾ ਰਹੇ ਹਨ, ਜਿਸ ਸਬੰਧੀ ਜਾਗਰੂਕ ਕਰਕੇ ਸਾਰੇ ਲਾਭਪਾਤਰੀ ਪਰਿਵਾਰਾਂ ਨੂੰ ਕੁਨੈਕਸ਼ਨ ਮਿਲਣੇ ਯਕੀਨੀ ਬਨਾਉਣ ਵਿਚ ਮਦਦ ਕੀਤੀ ਜਾਵੇ।