ਲੁਧਿਆਣਾ, 23 ਅਗਸਤ, 2016 : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਸਪੱਸ਼ਟ ਕੀਤਾ ਹੈ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਸੂਚੀਬੱਧ ਕੀਤੇ ਗਏ ਹਸਪਤਾਲਾਂ ਵੱਲੋਂ ਜੇਕਰ ਇਸ ਯੋਜਨਾ ਦੇ ਲਾਭਪਾਤਰੀ ਮਰੀਜ਼ਾਂ ਨਾਲ ਕਿਸੇ ਵੀ ਤਰ੍ਹਾਂ ਦੀ ਠੱਗੀ ਕੀਤੀ ਜਾਂਦੀ ਹੈ ਤਾਂ ਅਜਿਹੇ ਹਸਪਤਾਲਾਂ ਨੂੰ ਸੂਚੀ ਵਿੱਚੋਂ ਬਾਹਰ ਕਰਨ ਦੇ ਨਾਲ-ਨਾਲ ਸੰਬੰਧਤ ਮਾਲਕ ਡਾਕਟਰ ਖਿਲਾਫ਼ ਕਾਨੂੰਨੀ ਸਖ਼ਤੀ ਅਤੇ ਹਸਪਤਾਲ ਦੀ ਰਜਿਸਟਰੇਸ਼ਨ ਰੱਦ ਕਰਨ ਬਾਰੇ ਵੀ ਕਾਰਵਾਈ ਕੀਤੀ ਜਾਵੇਗੀ। ਲੋਕ ਅਜਿਹੇ ਹਸਪਤਾਲਾਂ ਬਾਰੇ ਟੋਲ ਫਰੀ ਨੰਬਰ 104 'ਤੇ ਫੋਨ ਕਰਕੇ ਸ਼ਿਕਾਇਤ ਕਰ ਸਕਦੇ ਹਨ।
ਅੱਜ ਸਥਾਨਕ ਕਾਲਜ ਸੜਕ 'ਤੇ ਇੱਕ ਹਸਪਤਾਲ ਵੱਲੋਂ ਰੱਖੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਸ੍ਰੀ ਜਿਆਣੀ ਦੇ ਜਦ ਧਿਆਨ ਵਿੱਚ ਲਿਆਂਦਾ ਗਿਆ ਕਿ ਕੁਝ ਹਸਪਤਾਲ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਆੜ ਵਿੱਚ ਲਾਭਪਾਤਰੀ ਮਰੀਜ਼ਾਂ ਨੂੰ ਹਨੇਰੇ ਵਿੱਚ ਰੱਖ ਕੇ ਨਾਲੇ ਤਾਂ ਉਨ੍ਹਾਂ ਤੋਂ ਪੈਸੇ ਲਈ ਜਾ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਬੀਮੇ ਦਾ ਕਲੇਮ ਵੀ ਲਈ ਜਾ ਰਹੇ ਹਨ। ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈਂਦਿਆਂ ਸ੍ਰੀ ਜਿਆਣੀ ਨੇ ਸਪੱਸ਼ਟ ਕੀਤਾ ਕਿ ਅਜਿਹੇ ਹਸਪਤਾਲਾਂ ਨੂੰ ਇਸ ਯੋਜਨਾ ਤਹਿਤ ਬਣਾਈ ਗਈ ਸੂਚੀ ਵਿੱਚੋਂ ਤੁਰੰਤ ਬਾਹਰ ਕਰਨ ਦੇ ਨਾਲ-ਨਾਲ ਸੰਬੰਧਤ ਮਾਲਕ ਡਾਕਟਰ ਖ਼ਿਲਾਫ਼ ਕਾਨੂੰਨੀ ਸਖ਼ਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਜਿਹੇ ਹਸਪਤਾਲ ਦੀ ਰਜਿਸਟਰੇਸ਼ਨ ਰੱਦ ਕਰਨ ਬਾਰੇ ਵੀ ਲੋੜੀਂਦੀ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਦੀ ਲੋਕ ਹਿੱਤ ਵਿੱਚ ਚਾਲੂ ਕੀਤੀ ਗਈ ਬਹੁਤ ਹੀ ਮਹੱਤਵਪੂਰਨ ਯੋਜਨਾ ਹੈ, ਜਿਸ ਦੀ ਆੜ ਵਿੱਚ ਹਸਪਤਾਲਾਂ ਨੂੰ ਅਜਿਹੀ ਠੱਗੀ ਠੋਰੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਜਿਹਾ ਕੋਈ ਵੀ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਤੁਰੰਤ ਟੋਲ ਫਰੀ ਨੰਬਰ 104 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਜਿਸ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਕੁਝ ਪਿੰਡਾਂ ਨੂੰ ਪਿੰਡ ਵਾਸੀਆਂ ਨੇ ਵਿਕਾਊ ਐਲਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਦੀਆਂ ਕੋਝੀਆਂ ਚਾਲਾਂ ਹਨ। ਕੁਝ ਲੋਕ ਜਾਣ ਬੁੱਝ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਅਜਿਹੀਆਂ ਕਹਾਣੀਆਂ ਬਣਾ ਰਹੇ ਹਨ, ਜਿਨ੍ਹਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਸੂਬੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਹਰੇਕ ਖੇਤਰ ਅਤੇ ਵਰਗ ਦੇ ਲੋਕ ਖੁਸ਼ ਹਨ। ਜਦ ਪੰਜਾਬ ਵਿਕਾਸ ਦੀਆਂ ਲੀਹਾਂ 'ਤੇ ਦੌੜ ਰਿਹਾ ਹੈ ਤਾਂ ਵਿਰੋਧੀ ਪਾਰਟੀਆਂ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਵਿੱਚ ਤੀਜੀ ਵਾਰ ਅਕਾਲੀ ਭਾਜਪਾ ਗਠਜੋੜ ਸਰਕਾਰ ਬਣੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲ ਬਹੁਤ ਵਧੀਆ ਸੇਵਾਵਾਂ ਦੇ ਰਹੇ ਹਨ। ਲੋਕਾਂ ਦਾ ਸਰਕਾਰੀ ਹਸਪਤਾਲਾਂ ਵਿੱਚ ਦਿੱਤੀਆਂ ਜਾਂਦੀਆਂ ਸੇਵਾਵਾਂ ਪ੍ਰਤੀ ਨਜ਼ਰੀਆ ਸੰਤੁਸ਼ਟੀਜਨਕ ਹੈ ਅਤੇ ਉਨ੍ਹਾਂ ਦਾ ਰੁਝਾਨ ਸਰਕਾਰੀ ਹਸਪਤਾਲਾਂ ਵੱਲ ਵਧ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਮੌਸਮੀ ਬਿਮਾਰੀ ਨਾਲ ਨਿਪਟਣ ਦੇ ਸਾਰੇ ਮੁਕੰਮਲ ਪ੍ਰਬੰਧ ਕੀਤੇ ਹੋਏ ਹਨ। ਇਸ ਤੋਂ ਬਚਣ ਲਈ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।