ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 17 ਜਨਵਰੀ 2021-ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਹੁਣ ਪਿੰਡ-ਪਿੰਡ ਵਿੱਚ ਹੋਣ ਲੱਗਾ ਹੈ ਤੇ ਲੋਕ ਐਨੇ ਗੁੱਸੇ ਵਿੱਚ ਆ ਗਏ ਹਨ ਕਿ ਪਿੰਡਾਂ ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਖਿਲਾਫ ਬੋਰਡ ਲਗਾਏ ਜਾ ਰਹੇ ਹਨ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਸਾਡੇ ਪਿੰਡ ਵਿੱਚ ਨਾ ਵੜੇ। ਅਜਿਹੀ ਹੀ ਇੱਕ ਮਿਸਾਲ ਇਥੋਂ ਨਾਲ ਲੱਗਦੇ ਪਿੰਡ ਰਹੂੜਿਆਂਵਾਲੀ ਤੋਂ ਮਿਲੀ ਹੈ, ਜਿੱਥੇ ਪਿੰਡ ਦੀ ਪੰਚਾਇਤ , ਨੌਜਵਾਨ ਸਭਾ , ਮਜ਼ਦੂਰ ਯੂਨੀਅਨ ਤੇ ਕਿਸਾਨ ਯੂਨੀਅਨ ਨੇ ਪਿੰਡ ਦੀਆਂ ਪ੍ਰਮੱਖ ਥਾਵਾਂ ’ਤੇ ਸਿਆਸੀ ਲੋਕਾਂ ਲਈ ਨੋ ਐਂਟਰੀ ਦੇ ਬੈਨਰ ਲਗਾ ਦਿੱਤੇ ਹਨ । ਲੋਕਾਂ ਦਾ ਦੋਸ਼ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਕਿਸਾਨਾਂ ਦੇ ਵਿਰੋਧੀ ਹਨ ਤੇ ਰਲੇ ਮਿਲੇ ਹੋਏ ਹਨ, ਜਿਸ ਕਰਕੇ ਉਹ ਕਿਸੇ ਨੂੰ ਵੀ ਆਪਣੇ ਪਿੰਡ ਵਿੱਚ ਨਹੀਂ ਵੜਣ ਦੇਣਗੇ। ਸਰਪੰਚ ਮਨਮੋਹਨ ਸਿੰਘ , ਜਲਦੀਪ ਸਿੰਘ , ਹਰਮੀਤ ਸਿੰਘ , ਸੁਖਰਾਜ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੇ ਬੱਸ ਅੱਡੇ ਅਤੇ ਹੋਰਨਾਂ ਥਾਵਾਂ ’ਤੇ ਅਜਿਹੇ ਬੈਨਰ ਲਗਾਏ ਗਏ ਹਨ ਤੇ ਉਹ ਖੇਤੀ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਤੇ ਮੰਗ ਕਰਦੇ ਹਨ ਕਿ ਇਹ ਕਾਨੂੰਨ ਰੱਦ ਕੀਤੇ ਜਾਣ ।