ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 21 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਵੱਲੋਂ ਅੱਜ ਇਸ ਖੇਤਰ ਦੇ ਇਕ ਦਰਜਨ ਤੋ ਵੱਧ ਪਿੰਡਾਂ ਵਿਚ ਟਰੈਕਟਰ ਮਾਰਚ ਕੱਢਿਆ ਗਿਆ। ਪਹਿਲਾਂ ਵੱਡੀ ਗਿਣਤੀ ਵਿਚ ਕਿਸਾਨ ਭਾਗਸਰ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਤੇ ਇੱਥੇ ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਉਸ ਤੋਂ ਬਾਅਦ ਸੈਕੜੇ ਟਰੈਕਟਰਾਂ ਦਾ ਕਾਫਲਾ ਇੱਥੋਂ ਰਵਾਨਾ ਹੋਇਆ ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਵਿਚ ਸ਼ਮੂਲੀਅਤ ਕੀਤੀ। ਭਾਗਸਰ ਤੋਂ ਸ਼ੁਰੂ ਹੋਇਆ ਇਹ ਟਰੈਕਟਰ ਮਾਰਚ ਪਿੰਡ ਰਹੂੜਿਆਂਵਾਲੀ, ਮਹਾਂਬੱਧਰ, ਭੰਗਚੜੀ, ਦਬੜਾ, ਤਾਮਕੋਟ, ਚੱਕ ਤਾਮਕੋਟ ਨਾਨੂੰਵਾਲਾ, ਖੁੰਡੇਹਲਾਲ, ਚਿੱਬੜਾਂਵਾਲੀ, ਚੱਕ ਸ਼ੇਰੇਵਾਲਾ, ਗੰਧੜ, ਪਿੰਡ ਲੱਖੇਵਾਲੀ, ਮੰਡੀ ਲੱਖੇਵਾਲੀ, ਮਦਰੱਸਾ, ਕੌੜਿਆਂਵਾਲੀ ਤੇ ਰਾਮਗੜ ਚੂੰਘਾਂ ਵਿਖੇ ਗਿਆ।
ਹਰੇਕ ਪਿੰਡ ਵਿਚੋਂ ਟਰੈਕਟਰਾਂ ਦੇ ਕਾਫਲੇ ਹੋਰ ਨਾਲ ਰਲਦੇ ਗਏ ਤੇ ਕਿਸਾਨਾਂ ਲਈ ਲੋਕਾਂ ਨੇ ਲੰਗਰ ਪਾਣੀ ਦਾ ਪ੍ਰਬੰਧ ਪਿੰਡਾਂ ਵਿਚ ਕੀਤਾ। ਕਿਸਾਨ ਆਗੂਆਂ ਨੇ ਸਾਰੇ ਹੀ ਪਿੰਡਾਂ ਵਿਚ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਖੇਤੀ ਕਾਨੂੰਨ ਹਰੇਕ ਵਰਗ ਦੇ ਲੋਕਾਂ ਲਈ ਬੇਹੱਦ ਮਾੜੇ ਹਨ। ਆਗੂਆਂ ਨੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀ ਕਰਦੀ, ਉਨਾ ਚਿਰ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਜਾਰੀ ਰਹੇਗਾ। ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਗਈ ਕਿ ਉਹ 26 ਜਨਵਰੀ ਨੂੰ ਦਿੱਲੀ ਵਿਖੇ ਕੀਤੇ ਜਾ ਰਹੇ ਟਰੈਕਟਰ ਮਾਰਚ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਇਸ ਟਰੈਕਟਰ ਮਾਰਚ ਵਿਚ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਗੁਰਾਂਦਿੱਤਾ ਸਿੰਘ ਭਾਗਸਰ, ਕਾਮਰੇਡ ਜਗਦੇਵ ਸਿੰਘ, ਬਲਾਕ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ, ਸੁਖਰਾਜ ਸਿੰਘ ਰਹੂੜਿਆਂਵਾਲੀ, ਇਕਾਈ ਪ੍ਰਧਾਨ ਹਰਫ਼ੂਲ ਸਿੰਘ ਭਾਗਸਰ, ਹਰਚਰਨ ਸਿੰਘ ਲੱਖੇਵਾਲੀ ਆਦਿ ਹਾਜ਼ਰ ਸਨ
ਟਰੈਕਟਰ ਮਾਰਚ ਦੌਰਾਨ ਕਿਸਾਨੀ ਝੰਡਿਆਂ ਦੀ ਘਾਟ ਦਾ ਮਸਲਾ ਉਠਿਆ
ਇਸ ਵੇਲੇ ਕਿਸਾਨੀ ਸੰਘਰਸ਼ ਪੂਰਾ ਭੱਖਿਆ ਹੋਇਆ ਹੈ ਤੇ ਹਰ ਵਰਗ ਦੇ ਲੋਕ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੋਧ ਵਿਚ ਹੋਏ ਪਏ ਹਨ ਤੇ ਆਪਣੇ ਘਰਾਂ ਅਤੇ ਵਾਹਨਾਂ ’ਤੇ ਕਿਸਾਨੀ ਝੰਡੇ ਲਗਾ ਰਹੇ ਹਨ, ਪਰ ਕਿਸਾਨਾਂ ਦੇ ਦੱਸਣ ਮੁਤਾਬਕ ਕਿਸਾਨੀ ਝੰਡਿਆਂ ਦੀ ਭਾਰੀ ਘਾਟ ਆ ਰਹੀ ਹੈ। ਜਿਸ ਕਰਕੇ ਕਈ ਕਿਸਾਨ ਨਿਰਾਸ਼ ਵੀ ਹਨ, ਕਿਉਂਕਿ ਉਨ੍ਹਾਂ ਨੂੰ ਕਿਸੇ ਪਾਸਿਓਂ ਵੀ ਕਿਸਾਨੀ ਝੰਡੇ ਮਿਲ ਨਹੀ ਰਹੇ। ਅੱਜ ਜਦੋਂ ਇਸ ਖੇਤਰ ਦੇ ਪਿੰਡਾਂ ਵਿਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਸੀ ਤਾਂ ਕਈ ਟਰੈਕਟਰਾਂ ’ਤੇ ਲਾਉਣ ਲਈ ਵੀ ਝੰਡਿਆਂ ਦੀ ਘਾਟ ਰੜਕ ਰਹੀ ਹੈ ਅਤੇ ਕਈ ਵਿਅਕਤੀਆਂ ਨੇ ਆਪਣੇ ਘਰਾਂ ਦੇ ਬੂਹਿਆਂ ’ਤੇ ਲੱਗੇ ਹੋਏ ਕਿਸਾਨੀ ਝੰਡਿਆਂ ਨੂੰ ਲਾਹ ਕੇ ਆਪਣੇ ਟਰੈਕਟਰਾਂ ’ਤੇ ਲਾਇਆ ਅਤੇ ਫਿਰ ਉਹ ਟਰੈਕਟਰ ਮਾਰਚ ਵਿਚ ਸ਼ਾਮਲ ਹੋਏ। ਕਿਸਾਨ ਬੀ.ਕੇ.ਯੂ. ਆਗੂਆਂ ਦੇ ਕੋਲੋਂ ਵੀ ਇਹ ਮੰਗ ਕਰਦੇ ਨਜ਼ਰ ਆ ਰਹੇ ਸਨ ਕਿ ਝੰਡਿਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਹਰ ਕੋਲ ਕਿਸਾਨੀ ਝੰਡਾ ਪੁੱਜ ਸਕੇ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਝੰਡੇ ਤਿਆਰ ਕਰਵਾਏ ਗਏ ਹਨ। ਪਰ ਫਿਰ ਵੀ ਲੋਕਾਂ ਦੀ ਮੰਗ ਮੁਤਾਬਕ ਘਾਟ ਮਹਿਸੂਸ ਹੋ ਰਹੀ ਹੈ। ਪਰ ਇਸ ਘਾਟ ਨੂੰ ਜਲਦ ਹੀ ਦੂਰ ਕਰ ਦਿੱਤਾ ਜਾਵੇਗਾ।