ਮੁੱਖ ਮੰਤਰੀ ਦੇ ਹਲਕੇ ਲੰਬੀ ਵਿਖੇ ਬਿਨ੍ਹਾਂ ਟੈਂਟ ਤੋਂ ਧਰਨੇ ਤੇ ਬੈਠੇ ਸੁਵਿਧਾ ਕਰਮਚਾਰੀ।
ਲੁਧਿਆਣਾ, 2 ਅਕਤੂਬਰ, 2016 : ਸੂਬੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੁਵਿਧਾ ਕਰਮਚਾਰੀਆਂ ਨੂੰ ਮੀਟਿੰਗ ਲਈ ਬੁਲਾ ਕੇ 30 ਸਤੰਬਰ ਤੋਂ ਪਹਿਲਾਂ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਦਾ ਸਖਤ ਫੁਰਮਾਨ ਸੁਣਾਇਆ ਗਿਆ ਸੀ ਅਤੇ ਇਸ ਫੁਰਮਾਨ ਤੇ ਅਮਲ ਨਾ ਕਰਨ ਦੇ ਇਵਜ ਵਜੋਂ ਅਪਣੀ ਨੌਕਰੀ ਤੋਂ ਹੱਥ ਥੋਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਪਰ ਇਸ ਧਮਕੀ ਦਾ ਸੁਵਿਧਾ ਕਰਮਚਾਰੀਆਂ ਤੇ ਕੋਈ ਅਸਰ ਨਹੀ ਹੋਇਆ ਅਤੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਹਲਕੇ ਲੰਬੀ ਵਿਖੇ ਹੀ ਰੈਗੂਲਰ ਕਰਨ ਦੀ ਮੰਗ ਕਰਦਿਆਂ ਕਈ ਦਿਨਾਂ ਤੋਂ ਧਰਨਾ ਦੇ ਕੇ ਸਰਕਾਰ ਦੀ ਰੁਜਗਾਰ ਨੀਤੀ ਦੀ ਪੋਲ ਖੋਲੀ ਜਾ ਰਿਹਾ ਹੈ। ਏਹ ਵੀ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਧਰਨੇ ਵਾਲੀ ਥਾਂ ਤੇ ਟਂੈਟ ਤੱਕ ਨਹੀ ਲਗਾਉਣ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਹੁਣ ਕੜਕਦੀ ਧੁੱਪ ਵਿੱਚ ਹੀ ਖੁੱਲੇ ਅਸਮਾਨ ਥੱਲੇ ਧਰਨਾ ਦਿੱਤਾ ਜਾ ਰਿਹਾ ਹੈ।
ਇਸ ਗੱਲ ਦੀ ਪੁਸਟੀ ਕਰਦਿਆਂ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਅਤੇ ਸਰੱਹਦ ਤੇ ਖਰਾਬ ਹੋਏ ਮਾਹੌਲ ਦੇ ਬਾਵਯੂਦ ਸਾਰੇ ਸੁਵਿਧਾ ਕਰਮੀਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਅਪਣਾ 12 ਸਾਲ ਤੋਂ ਮੇਹਨਤ ਤੇ ਇਮਾਨਦਾਰੀ ਨਾਲ ਖੁਦ ਦਾ ਤਿਆਰ ਕੀਤਾ ਹੱਕ ਲੈਣ ਲਈ ਪੂਰੀ ਤਰ੍ਹਾਂ ਬਜਿੱਦ ਹਨ। ਉਨ੍ਹਾਂ ਦੱਸਿਆ ਕਿ ਜਿਸ ਪ੍ਰਕਾਰ ਵੀ ਸਾਥੀ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਂਦੀ ਹੈ ਉਹ ਉਸ ਤੇ ਪੂਰੀ ਏਕਤਾ ਤੇ ਅਨੁਸ਼ਾਸਨ ਨਾਲ ਪਹਿਰਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਸਰਕਾਰ ਦੇ ਕਿਸੇ ਵੀ ਲੁਭਾਊ ਵਾਅਦੇ ਵਿੱਚ ਨਹੀ ਆਉਣਗੇ ਤੇ ਰੇਗੂਲਰ ਹੋਣ ਦਾ ਨੋਟੀਫਿਕੇਸ਼ਨ ਲੈ ਕੇ ਹੀ ਵਾਪਿਸ ਕੰਮਾਂ ਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਸਰਕਾਰ ਦੀ ਢਿੱਲੀ ਕਾਰਵਾਈ ਕਾਰਨ ਸੂਬੇ ਭਰ ਵਿੱਚ ਲੋਕ ਸੇਵਾ ਕੇਂਦਰਾਂ ਤੇ ਕੰਮ ਨਾ ਹੋਣ ਕਾਰਨ ਪ੍ਰੇਸ਼ਾਨ ਹਨ ਜਿਨ੍ਹਾਂ ਦੀ ਸਰਕਾਰ ਨੂੰ ਕੋਈ ਵੀ ਪ੍ਰਵਾਹ ਨਹੀ ਹੈ। ਉਨ੍ਹਾਂ ਕਿਹਾ ਕਿ ਨਾ ਹੀ ਸਰਕਾਰ ਨੂੰ ਸਾਡੀ ਪ੍ਰਵਾਹ ਹੈ ਜਿਨ੍ਹਾਂ 12 ਸਾਲ ਸਖਤ ਮੇਹਨਤ ਕਰਕੇ ਸੁਵਿਧਾ ਸੈਂਟਰਾਂ ਨੂੰ ਕਾਮਯਾਬ ਕਰਨ ਵਿੱਚ ਕੋਈ ਕਮੀਂ ਬਾਕੀ ਨਹੀ ਛੱਡੀ ਤੇ ਇਨ੍ਹਾਂ ਦੀ ਸਫਲਤਾ ਤੇ ਤਜੁਰਬੇ ਤੋਂ ਬਾਅਦ ਹੀ ਸਰਕਾਰ ਨੂੰ ਸੇਵਾ ਕੇਂਦਰ ਖੋਲਣ ਦਾ ਖਿਆਲ ਆਇਆ। ਉਨ੍ਹਾਂ ਦੱਸਿਆ ਕਿ ਅਪਣਾ ਹੱਕ ਪ੍ਰਾਪਤ ਕਰਨ ਨਹੀ ਉਨ੍ਹਾਂ ਵੱਲੋਂ ਹੜਤਾਲ ਵਿੱਚ 8 ਅਕਤੂਬਰ ਤੱਕ ਵਾਧਾ ਕਰ ਦਿੱਤਾ ਗਿਆ ਹੈ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ 4 ਅਕਤੂਬਰ ਤੋਂ ਲੰਬੀ ਵਿਖੇ ਹੀ ਸੁਵਿਧਾ ਕਰਮਚਾਰੀ ਭੁੱਖ ਹੜਤਾਲ ਸੁਰੂ ਕਰਨਗੇ। ਉਨ੍ਹਾਂ ਦੱਸਿਆ ਕਿ ਅੱਤ ਦੀ ਗਰਮੀਂ ਕਾਰਨ ਅਤੇ ਖੁੱਲੇ ਅਸਮਾਨ ਵਿੱਚ ਦਿੱਤੇ ਧਰਨੇ ਕਾਰਨ ਉਨ੍ਹਾਂ ਦੇ ਕਈ ਸਾਥੀਆਂ ਖਾਸ ਕਰ ਮਹਿਲਾ ਮੁਲਾਜਮਾਂ ਦੀ ਹਾਲਤ ਖਰਾਬ ਹੋ ਗਈ ਸੀ ਅਤੇ ਹੁਣ ਭੁੱਖ ਹੜਤਾਲ ਕਾਰਨ ਜੇਕਰ ਕੋਈ ਵੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਸ ਦੇ ਲਈ ਸਰਕਾਰ ਤੇ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਅਪਣਾ ਹੱਕ ਲੈਣ ਲਈ ਜੇਕਰ ਉਨ੍ਹਾਂ ਨੂੰ ਤਿੱਖਾ ਸੰਘਰਸ਼ ਵੀ ਕਰਨਾ ਪਿਆ ਉਹ ਉਸ ਤੋਂ ਪਿਛੇ ਨਹੀ ਹੱਟਣਗੇ ਅਤੇ ਇਸਦੇ ਲਈ ਸੁਵਿਧਾ ਕਰਮੀਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਰ ਪੱਖੋਂ ਤਿਆਰ ਬਰ ਤਿਆਰ ਹਨ। ਉਨ੍ਹਾਂ ਅਪਣੇ ਸਾਥੀਆਂ ਨੂੰ ਜਿਥੇ ਸੋਸ਼ਲ ਮੀਡੀਆ ਤੇ ਸਰਕਾਰ ਵਿਰੋਧੀ ਪ੍ਰਚਾਰ ਨੂੰ ਹੋਰ ਤੇਜ਼ ਕਰਨ ਲਈ ਕਿਹਾ ਉਥੇ ਹੀ ਸੁਵਿਧਾ ਕਰਮੀਆਂ ਦੇ ਭਵਿੱਖ ਨੂੰ ਬਚਾਉਣ ਦੀ ਗੁਹਾਰ ਲਗਾਉਂਦਿਆਂ ਅਤੇ ਸੂਬੇ ਦੀ ਜਨਤਾ ਦੀ ਬੇਹਤਰੀ ਲਈ ਮੰਗ ਨੂੰ ਮੰਨੇ ਜਾਣ ਦੀ ਸਰਕਾਰ ਨੂੰ ਅਪੀਲ ਵੀ ਕੀਤੀ।