ਮੋਗਾ, 30 ਸਤੰਬਰ, 2016 : ਬਾਰਡਰ 'ਤੇ ਰਹਿਣ ਵਾਲੇ ਪੰਜਾਬ ਦੇ ਲੋਕ ਕਿਸ ਵੀ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਬਹੁਤ ਬਹਾਦਰ ਹਨ। ਸਰਜੀਕਲ ਆਪ੍ਰੇਸ਼ਨ ਲਈ ਭਾਰਤੀ ਫੌਜ਼ਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰੇਕ ਭਾਰਤੀ ਨੂੰ ਉਨ੍ਹਾਂ 'ਤੇ ਮਾਣ ਹੈ ਅਤੇ ਉਹ ਨੇੜਲੇ ਭਵਿਖ 'ਚ ਵੀ ਉਨ੍ਹਾਂ ਦੀ ਹਰ ਤਰ੍ਹਾਂ ਦੀ ਸਫਲਤਾ ਲਈ ਕਾਮਨਾ ਕਰਦੇ ਹਨ। ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਰਾਸ਼ਟਰ ਹਿੱਤ 'ਚ ਇਕਜੁੱਟ ਹੋ ਕੇ ਅੱਗੇ ਆਉਣ ਅਤੇ ਮਾਮਲੇ ਦਾ ਸਿਆਸੀਕਰਨ ਨਾ ਕਰਨ ਦੀ ਅਪੀਲ ਕੀਤੀ ਹੈ। ਕਾਂਗਰਸ ਪਾਰਟੀ ਇਨ੍ਹਾਂ ਹਾਲਾਤਾਂ 'ਚ ਪਰਿਵਾਰਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ 'ਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਪੂਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਵਾਸਤੇ ਨੌਜ਼ਵਾਨਾਂ ਦੀ ਫੌਜ਼ ਨਾਲ ਤਿਆਰ ਹਨ। ਨਾਗਰਿਕਾਂ ਦੀ ਸਹਾਇਤਾ ਲਈ ਸਰਕਾਰ ਉਨ੍ਹਾਂ ਦੇ ਨੌਜ਼ਵਾਨਾਂ ਨੂੰ ਕਿਥੇ ਵੀ ਤੈਨਾਤ ਕਰ ਸਕਦੀ ਹੈ।
ਚੰਨੀ ਨੇ ਸਰਹੱਦੀ ਹਲਕਿਆਂ ਦੇ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਨਾਲ ਵੀ ਗੱਲ ਕੀਤੀ ਹੈ ਅਤੇ ਉਨ੍ਹਾਂ ਤੋਂ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ, ਜਿਹੜੇ ਇਸ ਸਮੇਂ ਆਪਣੇ ਘਰਾਂ ਤੋਂ ਵਾਂਝੇ ਹੋ ਚੁੱਕੇ ਹਨ। ਚੰਨੀ ਨੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੂੰ ਵਿਅਕਤੀਗਤ ਤੌਰ 'ਤੇ ਪਰਿਵਾਰਾਂ ਕੋਲ ਜਾਣ ਅਤੇ ਸੂਬਾ ਸਰਕਾਰ ਵੱਲੋਂ ਖਾਸ ਕਰਕੇ ਬੱਚਿਆਂ ਤੇ ਔਰਤਾਂ ਨੂੰ ਹਰ ਮੁਮਕਿਨ ਸਹਾਇਤਾ ਦੇਣ ਲਈ ਕਿਹਾ ਹੈ। ਬੱਚਿਆਂ ਤੇ ਔਰਤਾਂ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਉਮੀਦ ਕੀਤੀ ਹੈ ਕਿ ਜ਼ਲਦੀ ਹੀ ਇਨ੍ਹਾਂ ਹਾਲਾਤਾਂ ਦਾ ਕੋਈ ਹੱਲ ਨਿਕਲੇਗਾ। ਉਹ 3 ਅਕਤੂਬਰ ਨੂੰ ਸੰਪੂਰਨ ਹੋ ਰਹੇ ਯਾਤਰਾ ਦੇ ਪਹਿਲੇ ਪੜਾਅ ਤੋਂ ਬਾਅਦ ਪਰਿਵਾਰਾਂ ਕੋਲ ਵੀ ਜਾਣਗੇ।
ਚੰਨੀ ਅੱਜ ਆਪਣੀ ਜਵਾਨੀ ਸੰਭਾਲ ਯਾਤਰਾ ਦੇ ਚੌਥੇ ਦਿਨ 'ਚ ਦਾਖਲ ਹੋ ਗਏ, ਜਿਹੜੀ ਜਗਰਾਉਂ ਤੋਂ ਸ਼ੁਰੂ ਹੋ ਕੇ ਮੋਗਾ ਪਹੁੰਚੀ। ਇਸ ਦੌਰਾਨ ਚੰਨੀ ਨੇ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਵੀ ਮੱਥਾ ਟੇਕਿਆ ਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਰਸਤੇ 'ਚ ਯਾਤਰਾ ਨੂੰ ਕਾਂਗਰਸੀ ਆਗੂਆਂ ਤੇ ਲੋਕਾਂ ਦਾ ਸ਼ਾਨਦਾਰ ਸਮਰਥਨ ਮਿਲਿਆ। ਚੰਨੀ ਨੇ ਰਸਤੇ 'ਚ ਲੋਕਾਂ ਨਾਲ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਹਰ ਤਰ੍ਹਾਂ ਦੀ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ।