ਅਸ਼ੋਕ ਵਰਮਾ
ਮੋਗਾ, 3 ਜਨਵਰੀ 2021 - ਮੋਗਾ ’ਚ ਅੱਜ ਭਾਰਤੀ ਜੰਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਤੀਕਸ਼ਣ ਸੂਦ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਘਿਰਾਓ ਕਰਨ ਲਈ ਪੁੱਜੇ ਕਿਸਾਨਾਂ ਤੇ ਪੁਲਿਸ ਨੇ ਲਾਠੀਚਾਰਜ ਕੀਤਾ । ਇਸ ਮੌਕੇ ਮਹੌਲ ਤਣਾਅਪੂਰਨ ਬਣ ਗਿਆ ਜਿਸ ਨੂੰ ਸੰਭਾਲਣ ਅਈ ਫਰੀਦਕੋਟ ਰੇਂਜ ਦੇ ਆਈਜੀ ਮੌਕੇ ਤੇ ਪੁੱਜੇ । ਜਦੋਂ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦਿਖਾਈ ਦਿੱਤੇ ਤਾਂ ਦੂਸਰੇ ਜਿਲ੍ਹਿਆਂ ਚੋਂ ਪੁਲਿਸ ਮੰਗਵਾਉਣੀ ਪਈ। ਇਸ ਮੌਕੇ ਭਾਜਪਾ ਵਰਕਰਾਂ ਨੇ ਮੋਦੀ ਸਰਕਾਰ ਜਿੰਦਬਾਦ ਦੇ ਨਾਅਰੇ ਲਾਏ ਤਾਂ ਕਿਸਾਨ ਭੜਕ ਗਏ ਜਿਹਨਾਂ ਪੁਲਿਸ ਅਤੇ ਪੰਜਾਬ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ। ਇਸ ਮੌਕੇ ਭਾਜਪਾ ਵਰਕਰਾਂ ਦੀਆਂ ਪੁਲਿਸ ਨਾਲ ਝੜਪਾਂ ਵੀ ਹੋਈਆਂ।
ਜਾਣਕਾਰੀ ਅਨੁਸਾਰ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਦੂਸਰੇ ਆਗੂਆਂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਉਹਨਾਂ ਨੂੰ ਥਾਪੜਾ ਦੇਣ ਲਈ ਆਉਣ ਦਾ ਪ੍ਰੋਗਰਾਮ ਰੱਖਿਆ ਸੀ ਜਿਸ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਮੋਗਾ ਸ਼ਹਿਰ ਦੀ ਪੂਰੀ ਤਰਾਂ ਕਿਲਬੰਦੀ ਕੀਤੀ ਹੋਈ ਸੀ। ਸ਼ਹਿਰ ’ਚ ਨਾਕੇ ਆਕੇ ਹਰ ਆਉਣ ਜਾਣ ਵਾਲੇ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਸੀ। ਸਾਦੇ ਕੱਪੜਿਆਂ ’ਚ ਪੁਲਿਸ ਮੁਲਾਜਮ ਅਤੇ ਖੁਫੀਆ ਵਿਭਾਗ ਦੇ ਕਰਮਚਾਰੀ ਹਰ ਕਿਸੇ ਨੂੰ ਪੈਨੀਆਂ ਨਜ਼ਰਾਂ ਨਾਲ ਵਾਚ ਰਹੇ ਸਨ। ਖਾਸ ਤੌਰ ਤੇ ਕਿਸਾਨ ਦਿਖਾਈ ਦੇਣ ਵਾਲਿਆਂ ਨੂੰ ਰੋਕ ਕੇ ਜਾਣਕਾਰੀ ਲਈ ਜਾ ਰਹੀ ਸੀ।
ਭਾਵੇਂ ਪੁਲਿਸ ਨੇ ਚਾਕ ਚੌਬੰਦ ਪ੍ਰਬੰਧ ਕੀਤੇ ਸਨ ਪਰ ਭਾਜਪਾ ਲੀਡਰਸ਼ਿਪ ਦੇ ਆਉਣ ਦੀ ਭਿਣਕ ਪੈਂਦਿਆਂ ਕਿਸਾਨ ਮੌਕੇ ਤੇ ਪਹੁੰਚ ਗਏ ਅਤੇ ਵਿਨੈ ਸ਼ਰਮਾ ਦੀ ਕੋਠੀ ਦਾ ਘਿਰਾਓ ਲਿਆ। ਮੌਕੇ ’ਤੇ ਤਾਇਨਾਤ ਪੁਲਿਸ ਨੇ ਭਾਜਪਾ ਆਗੂਆਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਕੋਠੀ ਚੋਂ ਕੱਢ ਲਿਆ ਅਤੇ ਪ੍ਰੋਗਰਾਮ ਵਾਲੇ ਹੋਟਲ ’ਚ ਪਹੰਚਾ ਦਿੱਤਾ। ਕਿਸਾਨਾਂ ਨੇ ਪਤਾ ਲੱਗਦਿਆਂ ਹੋਟਲ ਦੇ ਬਾਹਰ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ। ਹਾਲਾਤ ਵਿਗੜਦਿਆਂ ਦੇਖ ਪੁਲਿਸ ਨੇ ਕਿਸਾਨਾਂ ਤੇ ਲਾਠੀਆਂ ਚਲਾ ਦਿੱਤੀਆਂ। ਇਸ ਮੌਕੇ ਦੋਵਾਂ ਧਿਰਾਂ ਵਿਚਕਾਰ ਧੱਕਾ ਮੁੱਕੀ ਵੀ ਹੋਈ। ਕਿਸਾਨਾਂ ਨੇ ਕਿਹਾ ਕਿ ਉਹਨਾਂ ਦਾ ਵਿਰੋਧ ਸ਼ਾਤਮਈ ਹੈ ਜਦੋਂਕਿ ਜਦਕਿ ਭਾਜਪਾ ਆਗੂ ਜਾਣ-ਬੁੱਝ ਕੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਹਿੰਸਕ ਰੰਗਤ ਦੇਣ ਦੇ ਯਤਨ ਕਰ ਰਹੇ ਹਨ।
ਉਹਨਾਂ ਆਖਿਆ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਵਾਪਿਸ ਨਹੀਂ ਲੈਂਦੀ ਭਾਜਪਾ ਦਾ ਵਿਰੋਧ ਅਤੇ ਉਸ ਦੇ ਲੀਡਰਾਂ ਨੂੰ ਘੇਰਨ ਦਾ ਸਿਲਸਿਲਾ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਬਲੌਰ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਆਗੂਆਂ ਵੱਲੋਂ ਸਾਜਿਸ਼ ਤਹਿਤ ਮਹੌਲ ਵਿਗਾੜਨ ਦੀ ਨੀਅਤ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਭਾਜਪਾ ਆਗੂ ਪੰਜਾਬ ’ਚ ਮੱਤਾਂ ਦੇਣ ਆ ਜਾਂਦੇ ਹਨ ਜਦੋਂਥ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਮੋਦੀ ਨੂੰ ਮੱਤ ਦੇਣ ਅਤੇ ਖੇਤੀ ਕਾਨੂੰਨ ਵਾਪਿਸ ਲੈਣ ਲਈ ਕਹਿਣ।
ਉਹਨਾਂ ਦੋਸ਼ ਲਾਇਆ ਕਿ ਪੁਲਿਸ ਕਿਸਾਨਾਂ ਨੂੰ ਰਾਹਾਂ ’ਚ ਰੋਕਕੇ ਪ੍ਰੇਸ਼ਾਨ ਕਰ ਰਹੀ ਹੈ ਤਾਂਕਿ ਕਿਸਾਨ ਭਾਜਪਾ ਵਿਰੋਧ ਨਾ ਕਰ ਸਕਣ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਭਾਜਪਾ ਦੇ ਪੈਰ ਜਮਾਉਣ ਲਈ ਪੁਲਿਸ ਦੀ ਵਰਤੋਂ ਬੰਦ ਨਾਂ ਕੀਤੀ ਤਾਂ ਅਗਲਾ ਪ੍ਰੋਗਰਾਮ ਉਲੀਕਿਆ ਜਾਏਗਾ। ਖਬਰਾਂ ਲਿਖੇ ਜਾਣ ਤੱਕ ਭਜਪਾ ਆਗੂ ਵਿਨੇ ਸ਼ਰਮਾ ਦੇ ਘਰ ਲਾਗੇ ਕਿਸਾਨਾਂ ਦਾ ਧਰਨਾ ਜਾਰੀ ਸੀ।