ਖੇਮਕਰਨ (ਤਰਨਤਾਰਨ), 4 ਅਕਤੂਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਣ ਲਈ ਕਿਹਾ ਹੈ ਕਿ ਕੀ ਭਾਰਤ ਦੀ ਪਾਕਿਸਤਾਨ ਨਾਲ ਲੜਾਈ ਹੋ ਰਹੀ ਹੈ। ਕੈਪਟਨ ਅਮਰਿੰਦਰ ਨੇ ਸਰਹੱਦੀ ਇਲਾਕਿਆਂ ਦੇ ਪਿੰਡਾਂ ਨੂੰ ਜ਼ਬਰਦਸਤੀ ਖਾਲ੍ਹੀ ਕਰਵਾਏ ਜਾਣ ਦਾ ਜ਼ਿਕਰ ਕਰਦਿਆਂ ਮੋਦੀ ਤੋਂ ਪੁੱਛਿਆ ਹੈ ਕਿ ਕੀ ਅਸੀਂ ਪਾਕਿਸਤਾਨ ਨਾਲ ਲੜ ਰਹੇ ਹਾਂ?
ਅੰਤਰ ਰਾਸ਼ਟਰੀ ਸਰਹੱਦ ਨਾਲ ਲੱਗਦੇ ਖੇਮਕਰਨ ਤੇ ਤਰਨਤਾਰਨ ਇਲਾਕਿਆਂ 'ਚ ਪਿੰਡਾਂ ਕਾਲਸ, ਖਾਲੜਾ, ਛਿੰਨੀ ਬਿਧੀ ਚੰਦ, ਹਵੇਲੀਆਂ ਤੇ ਨੋਸ਼ੇਰਾ ਡੱਲਾ 'ਚ ਲੜੀਵਾਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਜੰਗ ਤੋਂ ਬੱਚਣ ਦੀ ਲੋੜ 'ਤੇ ਜ਼ੋਰ ਦੇ ਰਹੇ ਹਨ, ਲੇਕਿਨ ਦੂਜੇ ਪਾਸੇ ਗਰੀਬ ਪਿੰਡ ਵਾਲਿਆਂ ਤੋਂ ਜਬਰਦਸਤੀ ਜਗ੍ਹਾ ਖਾਲ੍ਹੀ ਕਰਵਾਈ ਜਾ ਰਹੀ ਹੈ। ਮੋਦੀ ਜੀ, ਕਿਰਪਾ ਕਰਕੇ ਆਪਣਾ ਪੱਖ ਸਪੱਸ਼ਟ ਕਰੋ।
ਉਨ੍ਹਾਂ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੀ ਪਾਰਟੀ ਨੇ ਜ਼ੋਰਦਾਰ ਤਰੀਕੇ ਨਾਲ ਸਰਜੀਕਲ ਸਟ੍ਰਾਇਕਾਂ ਦਾ ਸਮਰਥਨ ਕੀਤਾ ਸੀ ਅਤੇ ਜੇ ਭਵਿੱਖ 'ਚ ਵੀ ਲੋੜ ਪੈਂਦੀ ਹੈ, ਤਾਂ ਉਹ ਵੀ ਇਸਦਾ ਸਮਰਥਨ ਕਰਨਗੇ। ਲੇਕਿਨ ਅਸੀਂ ਲੋਕਾਂ ਦੀ ਜ਼ਿੰਦਗੀ ਦੀ ਲਾਗਤ 'ਤੇ ਸਿਆਸੀ ਫਾਇਦਾ ਚੁੱਕਣ ਦੀਆਂ ਕੋਸ਼ਿਸ਼ਾਂ ਦਾ ਕਿਸੇ ਵੀ ਕੀਮਤ 'ਤੇ ਸਮਰਥਨ ਨਹੀਂ ਕਰਾਂਗੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਵੀ ਕਿਹਾ ਕਿ ਕਾਂਗਰਸ ਸ਼ਾਸਨ ਵੇਲੇ ਵੀ ਕੰਟਰੋਲ ਰੇਖਾ ਤੋਂ ਪਾਰ ਸਰਜੀਕਲ ਸਟ੍ਰਾਈਕ ਹੁੰਦੀਆਂ ਸਨ, ਲੇਕਿਨ ਕਿਸੇ ਨੇ ਇਨ੍ਹਾਂ ਤੋਂ ਸਿਆਸੀ ਫਾਇਦਾ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ ਸੀ।
ਇਸ ਮੌਕੇ ਲੋਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਸਰਹੱਦੀ ਇਲਾਕਿਆਂ ਦੇ ਨਿਵਾਸੀਆਂ ਨੇ ਦੱਸਿਆ ਕਿ ਉਹ ਆਪਣੇ ਘਰ ਛੱਡਣਾ ਨਹੀਂ ਚਾਹੁੰਦੇ। ਉਨ੍ਹਾਂ ਦੀਆਂ ਫਸਲਾਂ ਪੱਕ ਚੁੱਕੀਆਂ ਹਨ ਤੇ ਵਾਢੀ ਵਾਸਤੇ ਤਿਆਰ ਖੜ੍ਹੀਆਂ ਹਨ। ਉਨ੍ਹਾਂ ਵਾਸਤੇ ਇਸ ਸਟੇਜ 'ਤੇ ਆਪਣੇ ਪਿੰਡ ਝੱਡਣਾ ਖਤਰਨਾਕ ਹੋਵੇਗਾ ਅਤੇ ਉਦੋਂ ਜਦੋਂ ਉਨ੍ਹਾਂ ਨੂੰ ਪਿੰਡ ਛੱਡਣ ਦੀ ਲੋੜ ਨਹੀਂ ਮਹਿਸੂਸ ਹੋ ਰਹੀ ਹੈ।
ਕੈਪਟਨ ਅਮਰਿੰਦਰ ਨੇ ਪਿੰਡ ਵਾਲਿਆਂ ਨੂੰ ਆਪਣੇ ਘਰਾਂ 'ਚ ਹੀ ਬਣੇ ਰਹਿਣ ਤੇ ਆਪਣੀ ਵਾਢੀ ਕਰਨ ਦੀ ਅਪੀਲ ਕੀਤੀ ਹੈ। ਉਹ 10 ਅਕਤੂਬਰ ਤੋਂ ਉਨ੍ਹਾਂ ਨਾਲ ਹੀ ਠਹਿਰਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਉੱਤਰ ਪ੍ਰਦੇਸ਼ ਤੇ ਪੰਜਾਬ ਦੀਆਂ ਚੋਣਾਂ 'ਤੇ ਨਜ਼ਰਾਂ ਰੱਖੇ ਬੈਠੇ ਜਾਣਬੁਝ ਕੇ ਜੰਗ ਵਾਲਾ ਮਹੌਲ ਬਣਾ ਰਹੇ ਹਨ। ਲੇਕਿਨ ਅਫਸੋਸਜਨਕ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਖਾਂ ਬੰਦ ਕਰਕੇ ਮੋਦੀ ਤੇ ਭਾਜਪਾ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ, ਜਿਨ੍ਹ੍ਟਾਂ ਨੂੰ ਇਸ ਗੱਲ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ ਕਿ ਲੋਕਾਂ ਤੇ ਖਾਸ ਕਰਕੇ ਕਿਸਾਨਾਂ ਜਿਨ੍ਹਾਂ ਦੀਆਂ ਫਸਲਾਂ ਵਾਢੀ ਨੂੰ ਤਿਆਰ ਖੜ੍ਹੀਆਂ ਹਨ, ਨੂੰ ਕਿੰਨੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਸਰਹੱਦ 'ਤੇ ਇਧਰ ਜਾਂ ਉਧਰ ਦੋਵੇਂ ਪਾਸੋਂ ਫੌਜ਼ ਦੀ ਕੋਈ ਹਲਚਲ ਨਜ਼ਰ ਨਹੀਂ ਆ ਰਹੀ ਹੈ। ਇਸ ਤੋਂ ਇਲਾਵਾ, ਦੋਨਾਂ ਦੇਸ਼ਾਂ ਦੀਆਂ ਫੌਜ਼ਾਂ ਸ਼ਾਂਤੀ ਨਾਲ ਬੈਠੀਆਂ ਹੋਈਆਂ ਹਨ। ਜਿਨ੍ਹਾਂ ਨੇ ਅੰਤਰ ਰਾਸ਼ਟਰੀ ਸਰਹੱਦ ਨੇੜੇ ਪਿੰਡ ਛੀਨਾ ਬਿਧੀ ਚੰਦ ਵਿਖੇ ਪਿੰਡ ਵਾਲਿਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਤੁਹਾਨੂੰ ਇਥੋਂ ਹਟਾਉਣ ਦਾ ਇਕੋਮਾਤਰ ਉਦੇਸ ਜੰਗ ਦੇ ਹਾਲਾਤ ਪੈਦਾ ਕਰਨਾਂ ਹੈ, ਤਾਂ ਜੋ ਭਾਜਪਾ ਨੂੰ ਯੂ.ਪੀ ਚੋਣਾਂ 'ਚ ਕੁਝ ਫਾਇਦਾ ਮਿਲ ਸਕੇ। ਇਸ ਮੌਕੇ ਲੋਕਾਂ ਤੇ ਆਪਣੇ ਖੇਤਾਂ 'ਚ ਕੰਮ ਕਰ ਰਹੇ ਕਿਸਾਨਾਂ ਵੱਲੋਂ ਗੱਲਬਾਤ ਕਰਨ ਲਈ ਕੈਪਟਨ ਅਮਰਿੰਦਰ ਨੂੰ ਪਿੰਡਾਂ ਵਿਚਾਲੇ ਕਈ ਸਥਾਨਾਂ 'ਤੇ ਰੋਕਿਆ ਗਿਆ। ਹਰ ਥਾਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਬਿਨ੍ਹਾਂ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ 'ਤੇ ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕਿਥੇ ਵੀ ਜਾਣ ਦੀ ਲੋੜ ਨਹੀਂ ਹੈ ਅਤੇ ਉਹ ਇਥੇ ਹੀ ਠੀਕ ਹਨ। ਇਸ ਦੌਰਾਨ ਕੈਪਟਨ ਅਮਰਿੰਦਰ ਨਾਲ ਸੀਨੀਅਰ ਆਗੂਆਂ 'ਚ ਹੋਰਨਾਂ ਤੋਂ ਇਲਾਵਾ, ਗੁਰਚੇਤ ਸਿੰਘ ਭੁੱਲਰ, ਡਾ. ਧਰਮਵੀਰ ਅਗਨੀਹੋਤਰੀ, ਸੁਖਪਾਲ ਭੁੱਲਰ, ਹਰਮਿੰਦਰ ਗਿੱਲ ਵੀ ਮੌਜ਼ੂਦ ਰਹੇ।