← ਪਿਛੇ ਪਰਤੋ
ਅਸ਼ੋਕ ਵਰਮਾ
ਨਵੀਂ ਦਿੱਲੀ ,21 ਫਰਵਰੀ 2021:ਪੰਜਾਬ ਕਿਸਾਨ ਸਭਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਆਖਿਆ ਹੈ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਅੱਗੇ ਝੁਕਣ ਲਈ ਮਜਬੂਰ ਹੋਵੇਗੀ ਤੇ ਕਿਸਾਨ ਅੰਤਮ ਜਿੱਤ ਤੱਕ ਡਟੇ ਰਹਿਣ ਲਈ ਦਿ੍ਰੜ ਸੰਕਲਪ ਹਨ ਅਤੇ ਉਹ ਜਿੱਤਕੇ ਹੀ ਘਰ ਵਾਪਸੀ ਕਰਨਗੇ। ਸਾਬਕਾ ਵਿਧਾਇਕ ਅਰਸ਼ੀ ਨੇ ਟਿਕਰੀ ਬਾਰਡਰ ਤੇ ਸੰਬੋਧਨ ਦੌਰਾਨ ਮੋਦੀ ਸਰਕਾਰ ਨੂੰ ਕਿਸਾਨੀ ਸੰਘਰਸ਼ ਦਾ ਸ਼ੀਸ਼ਾ ਦਿਖਾਇਆ ਅਤੇ ਆਖਿਆ ਕਿ ਹਕੂਮਤ ਇਸ ਭੁਲੇਖੇ ’ਚ ਨਾਂ ਰਹੇ ਕਿ ਗਰਮੀ ਕਾਰਨ ਕਿਸਾਨ ਘਰੋ ਘਰੀ ਚਲੇ ਜਾਣਗੇ। ਉਹਨਾਂ ਕਿਹਾ ਕਿ ਗਰਮੀ ਨਾਲ ਟਾਕਰੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਸੇ ਵੀ ਕੀਮਤ ਤੇ ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਦੇ ਕਾਫਲੇ ਘਟਣ ਨਹੀਂ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਜੋ ਲੋਕ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਹਰ ਤਰਾਂ ਦੇ ਮੌਸਮ ਨਾਲ ਟੱਕ ਲੈਂਦਿਆਂ ਫਸਲਾਂ ਪਾਲਦੇ ਹਨ ਉਨ੍ਹਾਂ ਲਈ ਕੋਈ ਵੀ ਮੌਸਮ ਮਾਇਨੇ ਨਹੀਂ ਰੱਖਦਾ ਹੈ।ਮੋਦੀ ਸਰਕਾਰ ਨੂੰ ਲਲਕਾਰਦਿਆਂ ਅਰਸ਼ੀ ਨੇ ਕਿਹਾ ਕਿ ਜਿਸ ਤਰਾਂ ਤਿੰਨ ਮਹੀਨਿਆਂ ਤੋਂ ਕਿਸਾਨ ਕਾਲੇ ਖੇਤੀ ਕਾਨੂੰਨਾ ਵਿਰੁੱਧ ਸੰਘਰਸ਼ਸ਼ੀਲ ਹਨ,ਇਸ ਦੀ ਮਿਸਾਲ ਦੁਨੀਆਂ ਵਿੱਚ ਕਿਧਰੇ ਵੀ ਨਹੀ ਮਿਲਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸੰਘਰਸ਼ਾਂ ਨੂੰ ਕੌਮੀ ਅਤੇ ਕੌਂਮਾਤਰੀ ਮੰਚਾਂ ਤੋਂ ਕਦੇ ਐਨੀ ਵਿਸ਼ਾਲ ਹਮਾਇਤ ਨਹੀਂ ਮਿਲੀ ਹੈ ਜਿਸ ਕਰਕੇ ਅੰਦੋਲਨ ਤੋ ਭੈ ਭੀਤ ਮੋਦੀ ਸਰਕਾਰ ਪੂਰੀ ਤਰਾਂ ਘਬਰਾਈ ਤੇ ਬੁਖਲਾਈ ਹੋਈ ਹੈ। ਉਹਨਾਂ ਕਿਹਾ ਕਿ ਇਸੇ ਬੁਖਲਾਹਟ ’ਚ ਹੁਣ ਮੁਟਿਆਰਾਂ ਲੜਕੀਆਂ ਖਿਲਾਫ ਵੀ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕੀਆਂ ਦਾ ਇਹ ਕਸੂਰ ਹੈ ਕਿ ਉਹ ਕਿਸਾਨ ਸੰਘਰਸ਼ ਦੇ ਹੱਕ ’ਚ ਨਿੱਤਰੀਆਂ ਹੋਈਆਂ ਹਨ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਪੰਚਾਇਤਾਂ ਵਿੱਚ ਆਪ ਮੁਹਾਰੇ ਹੋ ਰਹੇ ਲੱਖਾਂ ਲੋਕਾਂ ਦੇ ਇਕੱਠਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ,ਕਿਉਕਿ ਉੱਤਰੀ ਭਾਰਤ ਚੋਂ ਭਾਜਪਾ ਦੇ ਪੈਰਾਂ ਹੇਠੋਂ ਸਿਆਸੀ ਜਮੀਨ ਖਿਸਕ ਰਹੀ ਹੈ। ਉਹਨਾਂ ਦੋਸ਼ ਲਾਇਅ ਕਿ ਡੀਜਲ ਤੇ 82 ਫੀਸਦੀ ਅਤੇ ਪੈਟਰੋਲ ਤੇ 58 ਫੀਸਦੀ ਐਕਸਾਈਜ ਡਿਉਟੀ ਵਧਾ ਕਿ ਮੋਦੀ ਸਰਕਾਰ ਆਮ ਲੋਕਾਂ ਦੀਆਂ ਜੇਬਾਂ ਤੇ ਅਰਬਾਂ ਰੁਪਏ ਦਾ ਡਾਕਾ ਮਾਰ ਚੁੱਕੀ ਹੈ। ਉਹਨਾਂ ਪੰਜਾਬ ਅਤੇ ਕੇਂਦਰ ਸਰਕਰ ਨੂੰ ਵੇਟ ਅਤੇ ਐਕਸਾਈਜ਼ ਡਿਊਟੀ ਘਟਾਕੇ ਰਾਹਤ ਦੇਣ ਦੀ ਮੰਗ ਕੀਤੀ।
Total Responses : 267