ਅਸ਼ੋਕ ਵਰਮਾ
ਬਰਨਾਲਾ,14ਫਰਵਰੀ2021:ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਪਿਛਲੇ 137 ਦਿਨ ਤੋਂ ਚੱਲ ਰਹੇ ਕਿਸਾਨ ਧਰਨੇ ਦੌਰਾਨ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ 18 ਫਰਵਰੀ ਦਾ ਰੇਲ ਰੋਕੋ ਪ੍ਰੋਗਰਾਮ ਲਾਮਿਸਾਲ ਅਤੇ ਸ਼ਾਂਤੀਪੂਰਨ ਹੋਵੇਗਾ ਜਿਸ ਲਈ ਪਿੰਡਾਂ ’ਚ ਲਾਮਬੰਦੀ ਜੋਰਾ ਸ਼ੋਰਾਂ ਨਾਲ ਚੱਲ ਰਹੀ ਹੈ। ਅੱਜ ਦਾ ਧਰਨਾ ਹੇਮ ਰਾਜ ਠੂੱਲੀਵਾਲ, ਨਰਿੰਦਰਪਾਲ ਸਿੰਗਲਾ ਅਤੇ ਯਾਦਵਿੰਦਰ ਸਿੰਘ ਚੌਹਾਨਕੇ ਨੇ ਇਨਕਲਾਬੀ ਗੀਤ ਤੇ ਕਵਿਤਾਵਾਂ ਨਾਲ ਸ਼ੁਰੂ ਕੀਤਾ ਗਿਆ। ਧਰਨੇ ਨੂੰ ਗੁਰਦੇਵ ਸਿੰਘ ਮਾਂਗੇਵਾਲ,ਪ੍ਰੇਮਪਾਲ ਕੌਰ,ਹਰਚਰਨ ਸਿੰਘ ਚੰਨਾ, ਗੁਰਮੀਤ ਸੁਖਪੁਰ,ਮਾਸਟਰ ਨਿਰੰਜਣ ਸਿੰਘ ਠੀਕਰੀਵਾਲ, ਬਲਵੰਤ ਸਿੰਘ ਉਪਲੀ ,ਨੇਕਦਰਸ਼ਨ ਸਿੰਘ, ਗੁਰਦਰਸ਼ਨ ਸਿੰਘ ਅਤੇ ਜਸਪਾਲ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਹਰਿਆਣਾ ਦੇ ਖੇਤੀ ਮੰਤਰੀ ਜੇ.ਪੀ.ਦਲਾਲ ਦੇ ਉਸ ਮਰਯਾਦਾਹੀਣ ਬਿਆਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਿਸ ਵਿਚ ਉਸ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਕਿਹਾ ਸੀ ਕਿ ਜੇਕਰ ਇਹ ਕਿਸਾਨ ਆਪਣੇ ਘਰਾਂ ਵਿਚ ਹੁੰਦੇ ਤਦ ਕਿਹੜਾ ਇਹਨਾਂ ਦੀ ਮੌਤ ਨਾ ਹੁੰਦੀ।
ਉਹਨਾਂ ਕਿਹਾ ਕਿ ਆਪਣੇ ਹੱਕਾਂ ਲਈ ਜਾਨ ਵਾਰਨ ਵਾਲੇ ਕਿਸਾਨਾਂ ਬਾਰੇ ਇਸ ਨਾਲੋਂ ਘਟੀਆ ਸ਼ਬਦਾਵਲੀ ਹੋਰ ਕਿਹੜੀ ਹੋ ਸਕਦੀ ਹੈ। ਫਾਸੀਵਾਦੀ ਤੇ ਤਾਨਾਸ਼ਾਹ ਹਾਕਮ ਹਮੇਸ਼ਾ ਵੀ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਆਏ ਹਨ ਅਤੇ ਇਹਨਾਂ ਤੋਂ ਮਾਨਵਵਾਦੀ ਕਦਰਾਂ ਕੀਮਤਾਂ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਬੁਲਾਰਿਆਂ ਨੇ ਕਿਹਾ ਕਿ ਸਰਹੱਦਾਂ ਦੀ ਰਾਖੀ ਲਈ ਜਾਨਾਂ ਵਾਰਨ ਵਾਲੇ ਜਵਾਨ ਵੀ ਕਿਸਾਨਾਂ ਦੇ ਹੀ ਪੁੱਤ ਹਨ । ਪਰ ਸਿਸਟਮ ਦੀ ਤਰਾਸਦੀ ਦੇਖੋ, ਬੇਟਾ ਦੇਸ਼ ਦੀ ਰਾਖੀ ਲਈ ਦੇਸ਼ ਦੀਆਂ ਸਰਹੱਦਾਂ ‘ਤੇ ਬੈਠਾ ਹੈ ਅਤੇ ਬਾਪ ਆਪਣੀ ਜ਼ਮੀਨ ਦੀ ਰਾਖੀ ਲਈ ਦਿੱਲੀ ਬਾਰਡਰ ਤੇ ਡਟਿਆ ਹੋਇਆ ਹੈ। ਉਹਨਾਂ ਕਿਹਾ ਕਿ ਛੇ ਮਹੀਨੇ ਤੋਂ ਉਪਰ ਹੋ ਗਏ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਨੂੰ ਪਰ ਸਰਕਾਰ ਦੇ ਕੰਨ ‘ਤੇ ਜੂੰਅ ਨਹੀਂ ਸਰਕੀ ਉਲਟਾ ਕਿਸਾਨ ਘੋਲ ਨੂੰ ਬਦਨਾਮ ਕਰਨ ਲਈ ਕਿਸਾਨਾਂ ਨੂੰ ਤਰਾਂ ਤਰਾਂ ਦੇ ਲਕਬਾਂ ਨਾਲ ਨਿਵਾਜ਼ਿਆ ਜਾ ਰਿਹਾ ਹੈ।
ਬੁਲਾਰਿਆਂ ਨੇ ਦੱਸਿਆ ਕਿ 16 ਫਰਵਰੀ ਨੂੰ ਕਿਸਾਨਾਂ ਦੇ ਮਸੀਹੇ ਸਰ ਛੋਟੂ ਨੂੰ ਅਤੇ ਕੂਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ਅਤੇ 18ਫਰਵਰੀ ਨੂੰ 12 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਰੇਲਵੇ ਦਾ ਚੱਕਾ ਪੂਰੀ ਤਰਾਂ ਜਾਮ ਕੀਤਾ ਜਾਵੇਗਾ। ਨੇਤਾਵਾਂ ਨੇ ਇਸ ਮੌਕੇ ਸ਼ਾਂਤ ਰਹਿਣ ਅਤੇ ਰੇਲਵੇ ਦੀ ਜਾਇਦਾਦ ਨੂੰ ਕਿਸੇ ਵੀ ਤਰਾਂ ਦਾ ਵੀ ਨੁਕਸਾਨ ਨਾ ਪਹੁੰਚਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਦੁਨੀਆ ਦੇ ਅਨੇਕਾਂ ਦੇਸ਼ਾਂ ਵੱਲੋਂ ਸਮਰਥਨ ਮਿਲ ਰਿਹਾ ਹੈ ਅਤੇ ਸਰਕਾਰ ਇਸ ਅੰਦੋਲਨ ਦੀ ਮਜ਼ਬੂਤੀ ਤੋਂ ਘਬਰਾਈ ਹੋਈ ਹੈ। ਉਹਨਾਂ ਕਿਹਾ ਕਿ ਅੰਦੋਲਨ ਨੂੰ ਬਦਨਾਮ ਕਰਨ ਦੀ ਹਰ ਚਾਲ ਸਰਕਾਰ ਨੂੰ ਪੁੱਠੀ ਪੈ ਰਹੀ ਹੈ ਅਤੇ ਲੋਕ ਸਮਝ ਗਏ ਹਨ ਕਿ ਖੇਤੀ ਕਾਨੂੰਨਾਂ ਦਾ ਅਸਲ ਮਕਸਦ ਕੀ ਹੈ। ਅੱਜ ਲੰਗਰ ਦੀ ਸੇਵਾ ਐਵਰ ਗਰੀਨ ਕਲੱਬ ਠੀਕਰੀਵਾਲਾ ਅਤੇ ਮਾਨਾਂ ਪੱਤੀ ਠੀਕਰੀਵਾਲਾ ਨੇ ਨਿਭਾਈ।