ਚੰਡੀਗੜ੍ਹ, 12 ਅਕਤੂਬਰ, 2016 : ਪੰਜਾਬ ਸਰਕਾਰ ਦੀ ਏਜੰਸੀ ਸੁਖਮਨੀ ਸੋਸਾਇਟੀ ਫਾਰ ਸਿਟਿਜਨ ਸਰਵਿਸਿਜ਼ ਵਿੱਚ ਪਿੱਛਲੇ 10-12 ਸਾਲਾਂ ਤੋਂ ਕੰਮ ਕਰ ਰਹੇ ਸੁਵਿਧਾ ਕੇਂਦਰ ਦੇ ਕਰਮਚਾਰੀਆਂ ਨੂੰ ਪ੍ਰਾਇਵੇਟ ਕੰਪਨੀ (ਬੀ.ਐਲ.ਐਸ) ਅਧੀਨ ਚਲਾਏ ਜਾ ਰਹੇ ਸੇਵਾ ਕੇਂਦਰਾਂ ਵਿੱਚ ਜਾਣ ਦੇ ਨਾਦਰਸ਼ਾਹੀ ਫਰਮਾਨ ਸੁਣਾਇਆ ਗਿਆ ਸੀ । ਪਰ ਸੁਵਿਧਾ ਕੇਂਦਰ ਦੇ ਕਰਮਚਾਰੀਆਂ ਨੇ ਪ੍ਰਾਇਵੇਟ ਕੰਪਨੀ ਵਿੱਚ ਜਾਣ ਦੀ ਬਜਾਏ ਆਪਣੀ ਸੇਵਾਵਾਂ ਰੈਗੁਲਰ ਕਰਨ ਦੀ ਮੰਗ ਕੀਤੀ ਹੈ। ਸੁਵਿਧਾ ਕਰਮਚਾਰੀ ਪਿਛਲੇ 36 ਦਿਨਾਂ ਤੋਂ ਸੁਵਿਧਾ ਕੇਦਰਾਂ ਦਾ ਕੰਮ ਠੱਪ ਕਰਕੇ ਲਗਾਤਾਰ ਸੰਘਰਸ਼ ਕਰਦੇ ਹੋਏ ਪਹਿਲਾਂ ਆਪਣੇ ਵਿਭਾਗ (DGR) ਚੰਡੀਗੜ੍ਹ ਅੱਗੇ ਅਤੇ ਹੁਣ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਲੰਬੀ ਦੇ ਸਟੇਡੀਅਮ ਵਿੱਚ ਧਰਨੇ ਤੇ ਬੈਠੇ ਹੋਏ ਹਨ ਅਤੇ ਪਿੱਛਲੇ 8 ਦਿਨਾਂ ਤੋਂ ਲਗਾਤਾਰ ਭੁੱਖ ਹੜ੍ਹਤਾਲ ਤੇ ਹਨ ।
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਸ੍ਰੀ ਹਰਮੀਤ ਸਿੰਘ ਨੇ ਦੱਸਿਆ ਕਿ ਅੱਜ ਲੜੀਵਾਰ ਦਿਨ-ਰਾਤ ਦੀ ਭੁੱਖ-ਹੜ੍ਹਤਾਲ ਨੂੰ ਜਾਰੀ ਰੱਖਦੇ ਹੋਏ ਸੁਵਿਧਾ ਕਰਮਚਾਰੀ ਕੁਲਦੀਪ ਕੌਰ, ਨਰਿੰਦਰ ਕੌਰ, ਹਰਜਿੰਦਰ ਸਿੰਘ, ਦੀਪਕ ਗਿੱਲ ਅਤੇ ਨਰੇਸ਼ ਮਹਿਤਾ (ਜਿਲ੍ਹਾ ਕਪੂਰਥਲਾ) 24 ਘੰਟੇ ਦੀ ਭੁੱਖ ਹੜਤਾਲ ਤੇ ਬੈਠੇ ਹਨ। ਇਸ ਭੁੱਖ-ਹੜਤਾਲ ਦੌਰਾਨ ਪ੍ਰਸ਼ਾਸ਼ਣ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤਾ ਗਿਆ। ਜੇਕਰ ਕੋਈ ਵੀ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ ਪ੍ਰਸ਼ਾਸ਼ਣ ਦੀ ਹੋਵੇਗੀ। ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਜੋ ਹਰ ਜਗ੍ਹਾ ਨੰਨ੍ਹੀ ਛਾਂ ਦਾ ਨਾਅਰਾ ਦਿੰਦੇ ਹਨ, ਪਰ 36 ਦਿਨਾਂ ਤੋ ਧਰਨੇ ਤੇ ਬੈਠੀਆਂ ਧੀਆਂ-ਭੈਣਾਂ ਦੀ ਕੋਈ ਵੀ ਸਾਰ ਲੈਣ ਦੀ ਬਜਾਏ ਪੈਰਿਸ ਹੋ ਰਹੇ ਵਿਉਪਾਰੀਆਂ ਦੇ ਸੰਮੇਲਨ ਵਿਚ ਸ਼ਾਮਿਲ ਹੋਣਾ ਜਿਆਦਾ ਜਰੂਰੀ ਸਮਝਦੇ ਹਨ। ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਨੰਨ੍ਹੀ ਛਾਂ ਦਾ ਨਾਅਰਾ ਸਿਰਫ ਵੋਟਾਂ ਲੈਣ ਦਾ ਡਰਾਮਾ ਹੈ।
ਸੁਵਿਧਾ ਕਰਮਚਾਰੀਆਂ ਦੇ ਸੰਘਰਸ਼ ਨੂੰ ਅੱਜ ਹੋਰ ਬਲ ਮਿਲਿਆ ਜਦ ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ ਯੂਨੀਅਨ, ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਬਿਕਰਮਜੀਤ ਸਿੰਘ ਬਿੱਟੂ ਮਲੋਟ ਨੇ ਅੱਜ ਸੁਵਿਧਾ ਮੁਲਾਜ਼ਮਾਂ ਦੇ ਚਲ ਰਹੇ ਧਰਨੇ ਵਿਚ ਸ਼ਿਰਕਤ ਕੀਤੀ ਅਤੇ ਸੁਵਿਧਾ ਕਾਮਿਆਂ ਦੀ ਜਾਇਜ ਅਤੇ ਹੱਕੀ ਮੰਗਾਂ ਦੀ ਹਿਮਾਇਤ ਕਰਦਿਆਂ ਭਰੋਸਾ ਦਿਤਾ ਕਿ ਉਹਨਾਂ ਦੀ ਯੂਨੀਅਨ ਸੁਵਿਧਾ ਕਰਮੀਆਂ ਦੀ ਹਰ ਸੰਭਵ ਸਹਾਇਤਾ ਕਰੇਗੀ।
ਸੁਵਿਧਾ ਮੁਲਾਜ਼ਮਾਂ ਨੇ ਅੱਜ ਲੰਬੀ-ਮਲੋਟ ਨੈਸ਼ਨਲ ਹਾਈਵੇ ਤੇ ਮੂੰਹ ਤੇ ਕਾਲੀ ਪੱਟੀਆਂ ਬੰਨ੍ਹ ਕੇ ਸਰਕਾਰ ਖਿਲਾਫ ਆਪਣਾ ਵਿਰੋਧ ਪ੍ਰਦਰਸਨ ਕੀਤਾ। ਇਸ ਵਿਰੋਧ ਪ੍ਰਦਰਸਨ ਦਾ ਮਕਸਦ ਸਰਕਾਰ ਨੂੰ ਇਹ ਅਹਿਸਾਸ ਦਿਲਾਨਾ ਹੈ ਕਿ ਸਰਕਾਰ ਇਹਨਾਂ ਮੁਲਾਜਮਾਂ ਦੀ ਆਵਾਜ ਜਿਆਦਾ ਦੇਰ ਤਕ ਰੋਕ ਨਹੀਂ ਪਾਏਗੀ। ਸੂਬਾ ਪ੍ਰਧਾਨ ਨੇ ਦੋ ਟੂਕ ਸ਼ਬਦਾਂ ਵਿਚ ਸਰਕਾਰ ਨੂੰ ਕਿਹਾ ਕਿ ਸੁਵਿਧਾ ਮੁਲਾਜਮਾਂ ਨੂੰ 'ਮਰਨਾ ਮੰਜੂਰ ਹੈ ਪਰ ਪ੍ਰਾਈਵੇਟ ਕੰਪਨੀ ਦੀ ਗੁਲਾਮੀ ਮੰਜੂਰ ਨਹੀਂ'।
ਸੂਬਾ ਪ੍ਰਧਾਨ ਹਰਮੀਤ ਸਿੰਘ ਨੇ ਕਿਹਾ ਕਿ 2005 ਤੋਂ ਪੱਕੇ ਹੋਣ ਦੀ ਆਸ ਵਿਚ ਨਿਗੂਣੀਆਂ ਤਨਖਾਹਾਂ ਤੇ 12 ਸਾਲ ਆਪਣਾ ਸ਼ੋਸਣ ਕਰਵਾ ਚੁੱਕੇ ਸੁਵਿਧਾ ਕਰਮਚਾਰੀ ਪਿਛਲੇ 36 ਦਿਨਾਂ ਤੋਂ ਸਰਕਾਰ ਦੀਆਂ ਮਾਰੂ ਨਿਤੀਆਂ ਖਿਲਾਫ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਦੇ ਕੋਈ ਅਸਰ ਨਜਰ ਨਹੀਂ ਆ ਰਿਹਾ। ਹੁਣ ਦੇਖਣਾ ਇਹ ਹੈ ਕਿ ਸਰਕਾਰ ਮੁਲਾਜ਼ਮਾਂ ਦਾ ਸ਼ੋਸਣ ਛੱਡ ਕੇ ਇਹਨਾਂ ਨੂੰ ਪੱਕੇ ਕਰਦੀ ਹੈ ਜਾਂ ਇਹਨਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੀ ਹੈ। ਸੂਬਾ ਪ੍ਰਧਾਨ ਨੇ ਅੱਗੇ ਕਿਹਾ ਕਿ ਅੱਜ ਸਾਰੇ ਜਿਲ੍ਹਿਆਂ ਦੇ ਆਗੂਆਂ ਨਾਲ ਹੋਈ ਮੀਟਿੰਗ ਵਿਚ ਸੰਘਰਸ਼ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਅਗਲੀ ਕਾਰਜ ਯੋਜਨਾ ਵੀ ਤਿਆਰ ਕਰ ਲਈ ਗਈ ਹੈ। ਸੁਵਿਧਾ ਕਰਮਚਾਰੀ ਹਰ ਤਰ੍ਹਾਂ ਦੇ ਹਾਲਾਤ ਦਾ ਮੁਕਾਬਲਾ ਕਰਨ ਲਈ ਤਿਆਰ ਹਨ 'ਤੇ ਸਰਕਾਰ ਨੂੰ ਚੇਤਾਵਨੀ ਦਿੰਦੀਆਂ ਕਿਹਾ ਕਿ ਹੁਣ ਪੰਜਾਬ ਸਰਕਾਰ ਵੀ ਤਿਆਰ ਰਹੇ।