← ਪਿਛੇ ਪਰਤੋ
ਚੰਡੀਗੜ੍ਹ, 12 ਅਕਤੂਬਰ, 2016 : ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਪੰਜਾਬ ਦੇ ਮਾਨਸਾ ਜਿਲ੍ਹੇ ਦੇ ਪਿੰਡ ਘਰਾਂਗਣਾ ਵਿਖੇ ਇਕ ਦਲਿਤ ਨੌਜਵਾਨ ਦਾ ਬੇਰਹਿਮੀਂ ਨਾਲ ਕਤਲ ਕਰਨ ਅਤੇ ਸੰਗਰੂਰ ਜਿਲ੍ਹੇ ਦੇ ਪਿੰਡ ਜਲੂਰ ਵਿਚ ਝਗੜੇ ਤੋਂ ਬਾਅਦ ਕੁਝ ਖ਼ੌਫਜ਼ਦਾ ਦਲਿਤ ਪਰਿਵਾਰਾਂ ਵਲੋਂ ਪਿੰਡ ਵਿਚੋਂ ਚਲੇ ਜਾਣ ਦੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲਿਆ ਹੈ। ਵਿਜੇ ਸਾਂਪਲਾ ਨੇ ਪੰਜਾਬ ਪੁਲਿਸ ਦੇ ਡੀਜੀਪੀ ਨਾਲ ਗੱਲਬਾਤ ਕੀਤੀ ਅਤੇ ਇੰਨ੍ਹਾਂ ਮਾਮਲਿਆਂ ਵਿਚ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ੍ਰੀ ਸਾਂਪਲਾ ਨੇ ਪਾਰਟੀ ਦੀ ਤਰਫ਼ੋਂ ਸੂਬਾ ਮੀਤ ਪ੍ਰਧਾਨ ਰਾਜ ਕੁਮਾਰ ਪਾਠੀ ਨੂੰ ਸੰਗਰੂਰ ਦੇ ਪਿੰਡ ਜਲੂਰ ਅਤੇ ਜਨਰਲ ਸਕੱਤਰ ਕੇਵਲ ਕੁਮਾਰ ਨੂੰ ਮਾਨਸਾ ਜਿਲ੍ਹੇ ਦੇ ਪਿੰਡ ਘਰਾਂਗਣਾ ਵਿਖੇ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਦੀ ਡਿਊਟੀ ਲਗਾਈ ਹੈ। ਉਨ੍ਹਾਂ ਪਾਰਟੀ ਆਗੂਆਂ ਨੂੰ ਰਿਪੋਰਟ ਕਰਨ ਅਤੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ ਹੈ। ਸ੍ਰੀ ਵਿਜੇ ਸਾਂਪਲਾ ਨੇ ਇੰਨ੍ਹਾਂ ਘਟਨਾਵਾਂ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਦੋਵੇਂ ਮਾਮਲਿਆਂ ਪਿੱਛੇ ਵੱਖੋ ਵੱਖਰੇ ਤੇ ਖੇਤਰੀ ਕਾਰਨ ਹੋ ਸਕਦੇ ਹਨ, ਜਿੰਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ੍ਰੀ ਸਾਂਪਲਾ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਵਿਚ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
Total Responses : 267