ਅਸ਼ੋਕ ਵਰਮਾ
ਬਰਨਾਲਾ, 19 ਜਨਵਰੀ 2021 - ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਗਾਏ ਹੋਏ ਧਰਨੇ ਦੇ 111 ਵੇਂ ਦਿਨ ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੀ 87 ਵੀਂ ਬਰਸੀ ਨੂੰ ਸਮਰਪਿਤ ਰਿਹਾ। ਅੱਜ ਬੁਲਾਰੇ ਆਗੂਆਂ ਗੁਰਦੇਵ ਮਾਂਗੇਵਾਲ, ਬਾਰਾ ਸਿੰਘ ਬਦਰਾ,ਨਿਰੰਜਣ ਸਿੰਘ ਠੀਕਰੀਵਾਲ, ਸਾਹਿਬ ਸਿੰਘ ਬਡਬਰ, ਗੁਲਾਬ ਸਿੰਘ, ਸਾਧੂ ਸਿੰਘ ਛੀਨੀਵਾਲ ਕਲਾਂ, ਗੁਰਚਰਨ ਸਿੰਘ, ਬਿੱਕਰ ਸਿੰਘ ਔਲਖ ਨੇ ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੀ ਲਾਸਾਨੀ ਕਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਸੇਵਾ ਸਿੰਘ ਠੀਕਰੀਵਾਲ ਉਸ ਸਮੇਂ ਜਮੀਨਾਂ ਉੱਪਰ ਡਾਕੇ ਮਾਰਨ , ਲੋਕਾਂ ਉੱਪਰ ਜਬਰ ਢਾਹੁਣ ਵਾਲੇ ਰਾਜੇ ਮਹਾਰਾਜਿਆਂ ਖਿਲਾਫ ਜੂਝਦੇ ਸ਼ਹਾਦਤ ਦਾ ਜਾਮ ਪੀ ਗਏ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਅਨੇਕਾਂ ਪਿੰਡਾਂ ਦੀਆਂ ਜਮੀਨਾਂ ਰਾਜਿਆਂ ਮਹਾਰਾਜਿਆਂ, ਜਗੀਰਦਾਰਾਂ, ਅਹਿਲਕਾਰਾਂ ਖਿਲ਼ਾਫ ਜਾਨ ਹੂਲਵੀਂ ਜੰਗ ਲੜਦਿਆਂ ਮੁਕਤ ਕਰਵਾਈਆਂ ਸਨ।
ਨਵੀਂ ਸ਼ਕਲ ਦੇ ਧੰਨਾ ਸੇਠਾਂ ਖਿਲ਼ਾਫ ਚੱਲ ਰਹੀ ਵਡੇਰੇ ਹਿੱਤਾਂ ਦੀ ਜੰਗ ਦੀ ਚਰਚਾ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਲੜਾਈ ਨਾਜੁਕ ਦੌਰ ’ਚ ਪੁੱਜ ਗਈ ਹੈ ਅਤੇ ਹਾਕਮ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਹਰ ਹਰਬਾ ਵਰਤ ਰਹੇ ਹਨ ਖਾਸ ਤੌਰ ਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਜਾਇਜ ਠਹਿਰਾਉਣ ਲਈ ਸਰਕਾਰ ਪੱਖੀ ਅਖੌਤੀ ਕਿਸਾਨ ਯੂਨੀਅਨਾਂ ਖੜੀਆਂ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਹੁਣ 26 ਜਨਵਰੀ ਗਣਤੰਤਰ ਦਿਵਸ ਮੌਕੇ ਮੁਕਾਬਲੇ ਤੇ ਗਣਤੰਤਰ ਦਿਵਸ ਦੀ ਕਿਸਾਨ ਪਰੇਡ ਕੱਢਣ ਦੀਆਂ ਮੁਲਕ ਪੱਧਰੀਆਂ ਤਿਆਰੀਆਂ ਪੂਰੇ ਜੋਰ ਸ਼ੋਰ ਨਾਲ ਚੱਲ ਰਹੀਆਂ ਹਨ ਜਿਸ ਦਿਨ ਪੰਜਾਬ ਦਾ ਹਰ ਬਸ਼ਿੰਦਾ ਕਿਸੇ ਨਾਂ ਕਿਸੇ ਰੂਪ ਵਿੱਚ ਇਸ ਸਾਂਝੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਵੇਗਾ।
ਆਗੂਆਂ ਨੇ ਦੱਸਿਆ ਕਿ 20 ਜਨਵਰੀ ਨੂੰ ਗੁਰੂ ਗੋਬਿੰਦ ਦਾ ਪ੍ਰਕਾਸ਼ ਉਤਸਵ ਵੀ ਸੰਘਰਸ਼ ਦੇ ਮੈਦਾਨ ਵਿੱਚ ਹੀ ਮਨਾਇਆ ਜਾਵੇਗਾ ਜਿਸ ਤਹਿਤ ‘ ਦੇਹਿ ਸ਼ਿਵਾ ਵਰ ਮੋਹਿ ਇਹੈ, ਸੂਰਾ ਸੋ ਪਹਿਚਾਨੀਐ- ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ-ਕਬਹੂੰ ਨਾਂ ਛਾਡੈ ਖੇਤ ’’ ਸੂਰਬੀਰਤਾ ਭਰਪੂਰ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਆਗੂਆਂ ਸਭਨਾਂ ਲੋਕਾਂ ਨੂੰ 11 ਵਜੇ ਤੋਂ 2ਵਜੇ ਤੱਕ ਸੰਘਰਸ਼ੀ ਅਖਾੜੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਮਨਾਏ ਜਾਣ ਵਾਲੇ ਪ੍ਰਕਾਸ਼ ਉਤਸਵ ਵਿੱਚ ਹੁੰਮ ਹੁਮਾਕੇ ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ। ਅੱਜ ਭੁੱਖ ਹੜਤਾਲ ਵਿੱਚ ਬੈਠਣ ਵਾਲੇ ਜਥੇ ਵਿੱਚ ਬਬਲੀ ਸਿੰਘ, ਕਰਤਾਰ ਸਿੰਘ, ਗੁਰਚਰਨ ਸਿੰਘ, ਸ਼ੇਰ ਸਿੰਘ ਭੱਠਲ ਆਦਿ ਸ਼ਾਮਿਲ ਹੋਏ। ਜਗਰਾਜ ਠੁੱਲੀਵਾਲ ਸ਼ਿੰਦਰ ਧੌਲਾ ਅਤੇ ਸੁਦਰਸ਼ਨ ਗੁੱਡੂ ਗੀਤਕਾਰਾਂ ਨੇ ਕਿਸਾਨੀ/ਮਜਦੂਰਾਂ ਪੱਖੀ ਰਚਨਾਵਾਂ ਪੇਸ਼ ਕੀਤੀਆਂ।