ਅੰਮ੍ਰਿਤਸਰ, 21 ਸਤੰਬਰ, 2016 : ਅਟਾਰੀ ਨੇੜੇ ਸਰਹੱਦੀ ਪਿੰਡ ਮਾਹਵਾ 'ਚ ਇੱਕ ਸਕੂਲ ਬੱਸ ਦੇ ਡਿਫੈਂਸ ਨਹਿਰ 'ਚ ਡਿੱਗਣ ਕਾਰਨ 8 ਬੱਚਿਆ ਦੀ ਮੌਤ ਹੋ ਗਈ ਜਦਕਿ ਦੋ ਦਰਜਨ ਦੇ ਕਰੀਬ ਜ਼ਖਮੀ ਹੋ ਗਏ । ਜ਼ਖਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਟਾਰੀ ਦੇ ਨੇੜੇ ਐਮ.ਕੇ. ਡੀ.ਏ.ਵੀ. ਸਕੂਲ ਦੀ ਬੱਸ ਅੱਜ ਦੁਪਹਿਰ ਬਾਅਦ ਸਕੂਲ ਤੋਂ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਕਿ ਪਿੰਡ ਮਾਹਾਵਾ ਨੇੜੇ ਡਿਫੈਂਸ ਨਹਿਰ ਤੇ ਬਣੇ ਪੁਲ ਤੋਂ ਲੰਘਣ ਲੱਗੀ ਤਾਂ ਪੁਲ ਤੇ ਰੇਲਿੰਗ ਨਾ ਹੋਣ ਕਾਰਨ ਡਰਾਈਵਰ ਦੀ ਅਣਗਹਿਲੀ ਕਰਕੇ ਇਹ ਬੱਸ ਨਹਿਰ ਵਿੱਚ ਡਿੱਗ ਪਈ । ਬੱਸ ਦੇ ਨਹਿਰ ਵਿੱਚ ਡਿੱਗਣ ਦੀ ਖਬਰ ਫੈਲਦਿਆਂ ਹੀ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਬਚਾਅ ਕਰਨ ਲਈ ਮੌਕੇ ਤੇ ਪਹੁੰਚ ਗਏ ਅਤੇ ਬੱਚਿਆਂ ਨੂੰ ਨਹਿਰ ਵਿਚੋਂ ਕੱਢਿਆ ਗਿਆ। ਹਾਦਸਾ ਇੰਨਾ ਦਰਦਨਾਕ ਸੀ ਕਿ ਬੱਚਿਆਂ ਦੇ ਮਾਪਿਆਂ ਦਾ ਵਿਰਲਾਪ ਵੇਖਿਆ ਨਹੀਂ ਸੀ ਜਾ ਰਿਹਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਵਿਚ 37 ਦੇ ਕਰੀਬ ਬੱਚੇ ਸਵਾਰ ਹੋਣ ਦੀ ਜਾਣਕਾਰੀ ਮਿਲੀ ਹੈ।ਹਾਦਸੇ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਮਾਪਿਆਂ ਨੇ ਵੀ ਮੌਕੇ ਉੱਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਅਤੇ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਐਸ.ਐਸ.ਪੀ.ਦਿਹਾਤੀ ਤੇ ਹੋਰ ਪੁਲਿਸ ਤੇ ਪ੍ਰਸ਼ਾਸ਼ਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ। ਹਾਦਸੇ ਵਿੱਚ ਮਰਲ ਵਾਲੇ ਸਾਰੇ ਬੱਚੇ ਪਿੰਡ ਮਾਹਵਾ ਦੇ ਦੱਸੇ ਜਾ ਰਹੇ ਹਨ।
ਪੁਲਿਸ ਵੱਲੋਂ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਪੰਜ ਬੱਚਿਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਹਸਪਤਾਲ ਵਿੱਚ ਜਾ ਕੇ ਦਮ ਤੋੜ ਗਏ। ਜਦੋਂਕਿ ਲਾਪਤਾ ਬੱਚਿਆਂ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਹ ਵੀ ਖਦਸ਼ਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ, ਕਿਉਂਕਿ ਹਾਲੇ ਵੀ ਕੁਝ ਬੱਚੇ ਲਾਪਤਾ ਦੱਸੇ ਜਾ ਰਹੇ ਹਨ ਅਤੇ ਪ੍ਰਸ਼ਾਸ਼ਨ ਵਲੋਂ ਬੱਚਿਆਂ ਦੀ ਭਾਲ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। ਮਰਨ ਵਾਲੇ ਬੱਚਿਆਂ ਦੀ ਉਮਰ ਛੇ ਸੱਤ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਉਧਰ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਤੇਜਿੰਦਰਪਾਲ ਸਿੰਘ ਸੰਧੂ ਨਾਲ ਗੱਲ ਕਰਲ ਤੇ ਉਹਨਾਂ ਕਿਹਾ ਕਿ ਹਾਦਸੇ ਦੇ ਕਸੂਰਵਾਰ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਨਾਲ ਸੰਪਰਕ ਕਰਲ ਤੇ ਉਹਨਾਂ ਦੱਸਿਆ ਕਿ ਬੱਸ ਵਿੱਚ 37 ਬੱਚੇ ਸਵਾਰ ਸਨ। ਉਹਨਾਂ ਕਿਹਾ ਕਿ ਬੱਸ ਵਿੱਚ ਸਵਾਰ ਗਿਆਰਵੀਂ ਜਮਾਤ ਦੇ ਵਿਦਿਆਰਥੀ ਕਰਮਵੀਰ ਸਿੰਘ ਨੇ ਕਈ ਬੱਚਿਆਂ ਦੀ ਜਾਨ ਬਚਾਈ ਹੈ। ਉਹਨਾਂ ਕਿਹਾ ਕਿ ਬੱਸ ਵਿੱਚ ਨਰਸਰੀ ਤੇ ਹੋਰ ਛੋਟੀਆਂ ਕਲਾਸਾਂ ਦੇ ਬੱਚੇ ਵੀ ਸਵਾਰ ਸਨ। ਬੱਸ ਵਿੱਚ ਸਵਾਰ ਵਿਦਿਆਰਥੀ ਕਰਮਵੀਰ ਸਿੰਘ ਦਾ ਕਹਿਣਾ ਹੈ ਕਿ ਡਰਾਈਵਰ ਵਲੋਂ ਬੱਸ ਤੇਜ਼ ਭਜਾਈ ਜਾ ਰਹੀ ਸੀ ਅਤੇ ਉਸਨੇ ਡਰਾਈਵਰ ਨੂੰ ਕਿਹਾ ਵੀ ਸੀ ਕਿ ਬੱਸ ਹੌਲੀ ਚਲਾਵੇ ਪਰ ਉਸਨੇ ਉਸਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਜਿਸ ਕਾਰਲ ਇਹ ਹਾਦਸਾ ਵਾਪਰ ਗਿਆ।
ਇਥੇ ਵਰਣਯੋਗ ਹੈ ਕਿ ਸਰਹੱਦੀ ਖੇਤਰ ਵਿੱਚ ਬਹੁਤ ਸਾਰੇ ਨਹਿਰਾਂ ਤੇ ਬਣੇ ਪੁਲਾਂ ਤੇ ਰੇਲਿੰਗ ਨਹੀਂ ਹੈ ਅਤੇ ਅਕਸਰ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਸਰਕਾਰ ਵਲੋਂ ਵੀ ਕਦੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਦੀ ਪੁੱਛ ਪੜਤਾਲ ਨਹੀਂ ਕੀਤੀ ਗਈ।