ਚੰਡੀਗੜ੍ਹ, 5 ਸਤੰਬਰ, 2016 : ਆਪਣੇ ਸੁਰਾਂ ਨਾਲ ਸਰੋਤਿਆਂ ਨੂੰ ਨਿਹਾਲ ਕਰਨ ਵਾਲੇ ਗਾਇਕ ਹੰਸ ਰਾਜ ਹੰਸ ਦਾ ਚੰਡੀਗੜ੍ਹ ‘ਚ ਵੱਖਰਾ ਰੂਪ ਦੇਖਣ ਨੂੰ ਮਿਲਿਆ। ਹੰਸ ਇੱਥੇ ਸੁਰ ਨਹੀਂ ਸਗੋਂ ਪਹਿਲਵਾਨੀ ਕਰਦੇ ਦਿਖਾਈ ਦਿੱਤੇ। ਅਸਲ ਵਿੱਚ ਚੰਡੀਗੜ੍ਹ ਨੇੜੇ ਨਵਾਂ ਗਾਓ ਵਿਖੇ ਪਾਰਟੀ ਦੇ ਐਸ ਸੀ ਐਸ ਸੈੱਲ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਦੌਰਾਨ ਹੰਸ ਨੇ ਸੀਐਲਪੀ ਲੀਡਰ ਚਰਨਜੀਤ ਸਿੰਘ ਚੰਨੀ ਤੋਂ.ਮਾਇਕ ਖੋਹ ਕੇ ਆਪਣੀ ਭੜਾਸ ਕੱਢ ਦਿੱਤੀ। ਇਸ ਦੌਰਾਨ ਹੰਸ ਰਾਜ ਹੰਸ ਚੰਨੀ ਦੇ ਸਮਰਥਕਾਂ ਨਾਲ ਭਿੜ ਵੀ ਗਏ। ਅਚਾਨਕ ਸ਼ੁਰੂ ਹੋਇਆ ਦਲਿਤ ਲੀਡਰਾਂ ਦਾ ਦੰਗਲ ਦੇਖ ਹਰ ਕੋਈ ਹੈਰਾਨ ਸੀ। ਇਹ ਸਾਰਾ ਕਾਟੋ-ਕਲੇਸ਼ ਸਟੇਜ ‘ਤੇ ਬੈਠੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਇੰਚਾਰਜ ਆਸ਼ਾ ਕੁਮਾਰੀ ਚੁੱਪਚਾਪ ਦੇਖ ਰਹੇ ਸਨ।
ਅਸਲ ਵਿੱਚ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਾਂਗਰਸ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਨੇ ਬਿਆਨ ਦਿੱਤਾ ਕਿ ਕਾਂਗਰਸ ‘ਚ ਦਲਿਤਾਂ ਨੂੰ ਸ਼ਰਨਾਰਥੀ ਸਮਝਿਆ ਜਾਂਦਾ ਹੈ….ਫਿਰ ਕੀ ਸੀ… ਹੰਸ ਰਾਜ ਹੰਸ ਦੇ ਸੁਰ ਵਿਗੜ ਗਏ ਅਤੇ ਉਨ੍ਹਾਂ ਸੀਐਲਪੀ ਲੀਡਰ ਚਰਨਜੀਤ ਸਿੰਘ ਚੰਨੀ ਤੋਂ ਮਾਇਕ ਖੋਹ ਕੇ ਆਪਣੀ ਭੜਾਸ ਕੱਢ ਦਿੱਤੀ। ਹੰਸ ਰਾਜ ਹੰਸ ਦਾ ਮੂੰਹ ਗ਼ੁੱਸੇ ਨਾਲ ਇਸ ਕਰ ਕੇ ਵੀ ਲਾਲ ਹੋ ਗਿਆ ਕਿਉਂਕਿ ਰਾਜ ਸਭਾ ਦੀ ਸੀਟ ਲਈ ਬਾਜ਼ੀ ਸ਼ਮਸ਼ੇਰ ਸਿੰਘ ਦੂਲੋ ਨੇ ਮਾਰ ਸੀ। ਦੂਜੇ ਪਾਸੇ ਕਾਂਗਰਸੀ ਆਗੂ ਇਸ ਨੂੰ ਛੋਟੀ ਘਟਨਾ ਦੱਸ ਰਹੇ ਹਨ। ਪਰ ਇਸ ਲੜਾਈ ਨੇ ਕਾਂਗਰਸ ਆਗੂਆਂ ਦਾ ਕੁਰਸੀ ਲਈ ਦਰਦ ਜ਼ਰੂਰ ਝਲਕਾ ਦਿੱਤਾ।
ਏਬੀਪੀ ਸਾਂਝਾ ਤੋਂ ਧੰਨਵਾਦ ਸਹਿਤ