ਅੰਮ੍ਰਿਤਸਰ, 27 ਸਤੰਬਰ, 2016 : ਗੁਰਬਾਣੀ ਦਾ ਰਸਭਿੰਨਾਂ ਕੀਤਰਨ ਕਰਕੇ ਸੰਗਤਾਂ ਨੂੰ ਨਿਹਾਲ ਕਰਨ ਵਾਲੇ ਪ੍ਰਸਿੱਧ ਹਜੂਰੀ ਰਾਗੀ ਤੇ ਸਿੱਖ ਸਦਭਾਵਨਾ ਦਲ ਦੇ ਮੁੱਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਥਾਂ ਥਾਂ ਤੇ ਹੋ ਰਹੀ ਬੇਅਦਬੀ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਦੋਸ਼ੀ ਠਹਿਰਾਉਦਿਆ ਕਿਹਾ ਕਿ ਜੇਕਰ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਤਾਂ ਉਹ ਧਰਨੇ ਤੇ ਮੁਜਾਹਰੇ ਨਹੀ ਕਰਨਗੇ ਸਗੋ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਕੇ ਬਾਦਲ ਸਰਕਾਰ ਦੀ ਇੱਟ ਨਾਲ ਇੱਟ ਨਾਲ ਖੜਕਾ ਦੇਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ੁਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਪੂਰੇ ਸੂਬੇ ਵਿੱਚ ਕੀੜੀ ਤੁਰੀ ਜਾਂਦੀ ਨਜ਼ਰ ਆਉਦੀ ਪਰ ਕੀ ਉਹ ਸਪੱਸ਼ਟ ਕਰਨਗੇ ਕਿ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾ ਦੀ ਬੇਅਦਬੀ ਕਰਨ ਵਾਲੇ ਕਿਉ ਵਿਖਾਊ ਦਿੰਦੇ? ਕੀ ਉਹਨਾਂ ਦਾ ਅਕਾਰ ਕੀੜੀ ਨਾਲੋ ਵੀ ਛੋਟਾ ਹੈ? ਉਹਨਾਂ ਕਿਹਾ ਕਿ ਦੋਹਾਂ ਪਿਉ ਪੁੱਤਾਂ ਦਾ ਇਹ ਬਿਆਨ ਆਪਣੇ ਆਪ ਵਿੱਚ ਹੀ ਜਵਾਬ ਹੈ ਕਿ ਜੋ ਕੁਝ ਹੋ ਰਿਹਾ ਹੈ ਫਿਰ ਉਹਨਾਂ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੀ ਜੇਕਰ ਪਗੜੀ ਕੋਈ ਲਾਹ ਕੇ ਲੈ ਜਾਂਦਾ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਇੱਕ ਸੌ ਦੇ ਕਰੀਬ ਮੁਲਾਜਮ ਸਮੇਤ ਸ੍ਰੀ ਦਰਬਾਰ ਸਾਹਿਬ ਦਾ ਮੈਨੇਜਰ ਤੇ ਸਕੱਤਰ ਮੁਅੱਤਲ ਕਰ ਦਿੱਤੇ ਜਾਂਦੇ ਹਨ ਪਰ ਬਾਬਾ ਗੁਰਦਿੱਤਾ ਜੀ ਦੇ ਗੁਰੂਦੁਆਰੇ ਵਿਖੇ ਜੇਕਰ ਇੱਕ ਸ਼ਰਾਬੀ ਪਾਠੀ ਵੱਲੋ ਡਿਊਟੀ ਕਰਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੀ ਉਲਟੀ ਕਰ ਦਿੱਤੀ ਜਾਂਦੀ ਹੈ ਤਾਂ ਰਾਤੋ ਰਾਤ ਗੁਰ ਸਾਹਿਬ ਦਾ ਸਰੂਪ ਵੀ ਗਾਇਬ ਕਰ ਦਿੱਤਾ ਜਾਂਦਾ ਹੈ ਤਾਂ ਉਹਨਾਂ ਦੋਸ਼ੀਆ ਵਿਰੁੱਧ ਕੋਈ ਕਾਰਵਾਈ ਨਹੀ ਕੀਤੀ ਜਾਂਦੀ। ਉਹਨਾਂ ਕਿਹਾ ਕਿ ਸਿੱਖ ਸਦਭਾਵਨਾ ਦਲ ਵੱਲੋ ਦਬਾ ਪਾ ਕੇ ਜੇਕਰ ਮੁਕੱਦਮਾ 18 ਅਪ੍ਰੈਲ 2015 ਭਾਰਤੀ ਦੰਡਾਵਲੀ ਦੀ ਧਾਰਾ 295ਏ,120ਬੀ ਤੇ 201 ਆਈ.ਪੀ,ਸੀ ਤਹਿਤ ਦਰਜ ਕਰਵਾਇਆ ਜਾਂਦਾ ਹੈ ਤਾਂ ਕਿਸੇ ਵੀ ਦੋਸ਼ੀ ਦੀ ਅੱਜ ਤੱਕ ਗ੍ਰਿਫਤਾਰੀ ਕਿਉ ਨਹੀ ਕੀਤੀ ਗਈ। ਉਹਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸ੍ਰ ਰਣਬੀਰ ਸਿੰਘ ਵੱਲੋ ਦੋਸ਼ੀ ਹਿੰਮਤ ਸਿੰਘ ਅਖੰਡ ਪਾਠੀ , ਜੈਮਲ ਸਿੰਘ ਸੀਨੀਅਰ ਗ੍ਰੰਥੀ, ਭੁੁਿਪੰਦਰ ਸਿੰਘ ਸੀਨੀਅਰ ਗਰੰਥੀ, ਹਰਬੰਸ ਸਿੰਘ ਸੇਵਾਦਾਰ, ਹਰਭਜਨ ਸਿੰਘ ਸੇਵਾਦਾਰ ਅਤੇ ਅਜੀਤ ਸਿੰਘ ਮੀਤ ਮੈਨੇਜਰ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ। ਉਹਨਾਂ ਕਿਹਾ ਕਿ ਜੇਕਰ ਇਹਨਾਂ ਦੋਸ਼ੀਆ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਬਾਅਦ ਵਾਲੀਆ ਜਿੰਨੀਆ ਵੀ ਘਟਨਾਵਾਂ ਵਾਪਰੀਆ ਹਨ ਉਹ ਨਾ ਵਾਪਰਦੀਆ। ਉਹਨਾਂ ਕਿਹਾ ਕਿ ਉਹਨਾਂ ਨੇ ਉਸ ਸਮੇਂ ਦੋਸ਼ੀਆ ਦੇ ਖਿਲਾਫ ਕਾਰਵਾਈ ਲਈ ਅਵਾਜ਼ ਬੁਲੰਦ ਕੀਤੀ ਗਈ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਹਜੂਰੀ ਰਾਗੀ ਹੋਣ ਦੇ ਕਾਰਨ ਨੋਟਿਸ ਵੀ ਭੇਜਿਆ ਸੀ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਕਿਉਕਿ ਉਹਨਾਂ ਨੇ ਸੱਚ ਬੋਲ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਗੁਰੂ ਘਰ ਦੇ ਹਜੂਰੀ ਰਾਗੀ ਹੋ ਕੇ ਵੀ ਝੂਠ ਬੋਲਣਾ ਹੈ ਤਾਂ ਫਿਰ ਹਜੂਰੀ ਰਾਗੀ ਹੋਣ ਕੀ ਫਾਇਦਾ? ਉਹਨਾਂ ਕਿਹਾ ਕਿ ਸੱਚ ਬੋਲਣ ਕਰਕੇ ਹੀ ਉਹਨਾਂ ਦੀਆ ਸੇਵਾਵਾਂ ਖਤਮ ਕਰ ਦਿੱਤੀਆ ਗਈਆ ਹਨ ਪਰ ਉਹਨਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣ ਲਈ ਉਹ ਆਪਣਾ ਹਰ ਪ੍ਰਕਾਰ ਦਾ ਨੁਕਸਾਨ ਬਰਦਾਸ਼ਤ ਕਰ ਸਕਦੇ ਹਨ ਪਰ ਗੁਰੂ ਸਾਹਿਬ ਦੀ ਬੇਅਦਬੀ ਨਹੀ।
ਉਹਨਾਂ ਕਿਹਾ ਕਿ ਹੁਣ ਬਹੁਤ ਕੁਝ ਹੋ ਚੁੱਕਾ ਹੈ ਤੇ ਸਭ ਕੁਝ ਬਰਦਾਸ਼ਤ ਤੋ ਬਾਹਰ ਹੈ ਅਤੇ ਉਹ ਧਰਨਿਆ ਮੁਜਾਹਰਿਆ ਵਿੱਚ ਵਿਸ਼ਵਾਸ਼ ਨਹੀ ਰੱਖਦੇ ਸਗੋ ਜੇਲ ਭਰੋ ਅੰਦੋਲਨ ਜਲਦੀ ਹੀ ਸ਼ੁਰੂ ਕਰਨਗੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਸਰਕਾਰ ਕੋਈ ਹੋਰ ਹੁੰਦੀ ਤਾਂ ਬਾਦਲਾ ਤੇ ਮੱਕੜਾਂ ਨੇ ਪਿੱਟ ਪਿੱਟ ਨੀਲੇ ਹੋ ਜਾਣਾ ਸੀ ਪਰ ਹੁਣ ਇਹਨਾਂ ਦੇ ਕੰਨ ਤੇ ਜੂੰ ਤੱਕ ਨਹੀ ਸਰਕ ਰਹੀ। ਉਹਨਾਂ ਕਿਹਾ ਕਿ ਬਹੁਤ ਸਾਰੀਆ ਜਥੇਬੰਦੀਆ ਨੇ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਜੇਲ੍ਹ ਭਰੋ ਅੰਦੋਲਨ ਵਿੱਚ ਸਿੱਖ ਸਦਭਾਵਨਾ ਦਲ ਦਾ ਸਾਥ ਦੇਣਗੀਆ ਤੇ ਇੱਕ ਵਾਰੀ ਫਿਰ ਉਸੇ ਤਰ੍ਹਾ ਹੀ ਲੋਕ ਸੜਕਾਂ ਤੇ ਆ ਜਾਣਗੇ ਜਿਸ ਤਰ੍ਹਾ ਬਰਗਾੜੀ ਕਾਂਡ ਤੋ ਬਾਅਦ ਸੰਗਤਾਂ ਨੇ ਸਾਰਾ ਪੰਜਾਬ ਜਾਮ ਕਰ ਦਿੱਤਾ ਸੀ ਤੇ ਉਸ ਤੋਂ ਨਿਕਲਣ ਵਾਲੇ ਸਿੱਟਿਆ ਲਈ ਬਾਦਲ ਸਰਕਾਰ ਤੇ ਸ਼੍ਰੋਮਣੀ ਕਮੇਟੀ ਜਿੰਮੇਵਾਰ ਹੋਵੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਣੇ ਕਮਰਿਆ ਵਿੱਚ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇੱਕ ਪਲਾਸਟਿਕ ਦੇ ਪੱਖੇ ਨੂੰ ਅੱਗ ਕਾਰਨ ਸੜ ਗਏ ਸਨ ਜਿਹਨਾਂ ਦਾ ਮਾਮਲਾ ਦਬਾਉਣ ਲਈ ਰਾਤੋ ਰਾਤ ਸਰੂਪ ਗੋਇਦਵਾਲ ਸਾਹਿਬ ਭੇਜ ਦਿੱਤੇ ਗਏ ਸਨ ਤੇ ਇਸੇ ਤਰ੍ਵਾ ਰਾਮਸਰ ਵਿਖੇ 100-150 ਸਰੂਪ ਅੱਗ ਲੱਗਣ ਨਾਲ ਸੜ ਗਏ ਸਨ ਪਰ ਮੀਡੀਆ ਨੂੰ ਵੀ ਅੰਦਰ ਨਹੀ ਜਾਣ ਦਿੱਤਾ ਗਿਆ ਤੇ ਮੱਕੜ ਨੇ ਝੂਠ ਬੋਲਿਆ ਹੈ ਕਿ ਸਿਰਫ ਪੰਜ ਸਰੂਪਾਂ ਦਾ ਹੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਮੱਕੜ ਨੇ ਜਾਂਚ ਕਮੇਟੀ ਬਣਾਈ ਪਰ ਅੱਜ ਤੱਕ ਕਿਸੇ ਦੇ ਖਿਲਾਫ ਵੀ ਕੋਈ ਕਾਰਵਾਈ ਨਹੀ ਹੋਈ। ਉਹਨਾਂ ਕਿਹਾ ਕਿ ਜੇਕਰ ਜਲੰਧਰ ਕਾਂਡ ਦੇ ਦੋਸ਼ੀਆ ਵਿੱਚ ਇੱਕ ਪ੍ਰਕਾਸ਼ਕ ਦੇ ਖਿਲਾਫ ਪਰਚਾ ਦਰਜ ਹੋ ਸਕਦਾ ਹੈ ਤਾਂ ਫਿਰ ਮੱਕੜ ਦੇ ਖਿਲਾਫ ਕਿਉ ਨਹੀ ਹੋ ਸਕਦਾ? ਉਹਨਾਂ ਕਿਹਾ ਕਿ ਜਲੰਧਰ ਕਾਂਡ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਨੀ ਹੀ ਥੋੜੀ ਹੈ ਪਰ ਇਸ ਕਾਂਡ ਵਿੱਚ ਇੱਕ ਪ੍ਰਕਾਸ਼ਕ ਨੂੰ ਫੜ ਅੰਦਰ ਕਰਨਾ ਕੋਈ ਤਰਕ ਨਹੀ ਬਣਦਾ ਸਗੋ ਅਸਲ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਬਾਦਲਾ ਤੇ ਮੱਕੜਾਂ ਤੋ ਪੰਜਾਬ ਤੇ ਸ਼੍ਰੋਮਣੀ ਕਮੇਟੀ ਅਜਾਦ ਕਰਾਉਣ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਪੰਜਾਬ ਵੀ ਲੁੱਟਿਆ ਜਾ ਚੁੱਕਾ ਹੈ ਤੇ ਸ਼੍ਰੋਮਣੀ ਕਮੇਟੀ ਵੀ ਬਰਬਾਦ ਹੋ ਚੁੱਕੀ ਹੈ ਜਿਸ ਲਈ ਸਮੁੱਚੇ ਪੰਜਾਬੀਆ ਨੂੰ ਚਾਹੀਦਾ ਹੈ ਕਿ ਉਹ ਫਰਵਰੀ 2017 ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਬਾਦਲਾਂ ਨੂੰ ਪੈਵੇਲੀਅਨ ਦਾ ਰਸਤਾ ਵਿਖਾਉਣ ਤੇ ਫਿਰ ਸਿੱਖ ਸ੍ਰੋਮਣੀ ਕਮੇਟੀ ਦੀਆ ਚੋਣਾਂ ਬਾਦਲ ਮਾਰਕਾ ਭ੍ਰਿਸ਼ਟ ਲਾਣੇ ਨੂੰ ਲਾਂਭੇ ਕਰਕੇ ਗੁਰੂ ਘਰਾਂ ਨੂੰ ਬਚਾਉਣ। ਸ਼੍ਰੋਮਣੀ ਕਮੇਟੀ ਦੀਆ ਚੋਣਾਂ ਤੁਰੰਤ ਕਰਾਉਣ ਬਾਰੇ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਸਿਰਫ ਸਹਿਜਧਾਰੀਆ ਦੇ ਮੁੱਦੇ ਤੇ ਕਨੂੰਨ ਬਣਨ ਉਪਰੰਤ ਸਿਰਫ ਸਹਿਜਧਾਰੀ ਫੈਡਰੇਸ਼ਨ ਦੇ ਖਿਲਾਫ ਫੈਸਲਾ ਦਿੱਤਾ ਹੈ ਕਿ ਕਨੂੰਨ ਬਣਨ ਉਪਰੰਤ ਇਸ ਕੇਸ ਦੀ ਹੁਣ ਕੋੋਈ ਤੁਕ ਨਹੀ ਰਹਿ ਜਾਂਦੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਹਾਊਸ ਨੂੰ ਚੁਣੇ ਹੋਏ ਨੂੰ ਪੰਜ ਸਾਲ ਹੋ ਗਏ ਹਨ ਤੇ ਸਿੱਖ ਸਦਭਾਵਨਾ ਦਲ ਤੁਰੰਤ ਚੋਣ ਕਰਾਉਣ ਲਈ ਜਲਦੀ ਹੀ ਹਾਈਕੋਰਟ ਵਿੱਚ ਜਾਵੇਗਾ। ਸਹਿਜਧਾਰੀ ਦੀ ਪ੍ਰੀਭਾਸ਼ਾ ਬਾਰੇ ਉਹਨਾਂ ਸਪੱਸ਼ਟ ਕੀਤਾ ਕਿ ਸਿੱਖ ਪੰਥ ਵਿੱਚ ਸਹਿਜਧਾਰੀ ਦੀ ਕੋਈ ਵਿਵਸਥਾ ਨਹੀ ਹੈ ਅਤੇ ਸਹਿਜਧਾਰੀ ਬਣ ਕੇ ਕੇਸ ਕਰਨ ਵਾਲਾ ਵੀ ਸਹਿਜਧਾਰੀ ਨਹੀ ਸਗੋ ਪਤਿਤ ਹੈ। ਇਸ ਸਮੇਂ ਉਹਨਾਂ ਦੇ ਨਾਲ ਭਾਈ ਇਕਬਾਲ ਸਿੰਘ , ਗੁਰਜਿੰਦਰ ਸਿੰਘ, ਗੁਰਸੇਵਕ ਸਿੰਘ,ਕੰਵਲਦੀਪ ਸਿੰਘ ਰਾਜਾ, ਗੁਰਿੰਦਰ ਸਿੰਘ, ਕਮਲਦੀਪ ਸਿੰਘ , ਸੁਖਦੇਵ ਸਿੰਘ ਵੈਦ, ਮੇਜਰ ਸਿੰਘ, ਸਰਵਨ ਸਿੰਘ ਤੇ ਗਗਨਪ੍ਰੀਤ ਸਿੰਘ ਵੀ ਨਾਲ ਸਨ।