ਝੁੱਗੀਆਂ ਹਟਾਉਣ ਦੇ ਖਿਲਾਫ ਸੜਕ ਜਾਮ ਕਰਕੇ ਕੌਂਸਲਰ ਕੇ. ਕੇ. ਮਲਹੋਤਰਾ ਦੀ ਅਗਵਾਈ ਹੇਠ ਪ੍ਰਦਰਸ਼ਨ ਕਰਦੇ ਹੋਏ ਝੁੱਗੀ ਝੋਪੜੀ ਮਾਲਕ।
ਪਟਿਆਲਾ, 16 ਸਤੰਬਰ, 2016 : ਸੂਬੇ ਦੀ ਬਾਦਲ ਸਰਕਾਰ ਨੇ ਪਟਿਆਲਾ ਦੇ ਗਰੀਬਾਂ 'ਤੇ ਕੁਲਹਾੜਾ ਚਲਾਉਂਦੇ ਹੋਏ ਰਾਜਪੁਰਾ ਕਾਲੋਨੀ ਦੇ ਨੇੜੇ 100 ਦੇ ਲਗਭਗ ਝੁੱਗੀ ਝੋਪੜੀਆਂ ਢਾਹੁਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਲਾਕੇ ਦੇ ਕਾਂਗਰਸੀ ਕੌਂਸਲਰ ਕੇ. ਕੇ. ਮਲਹੋਤਰਾ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਲੋਕਾਂ ਨੂੰ ਨਾਲ ਲੈ ਕੇ ਧਰਨਾ ਦਿੱਤਾ। ਇਸ ਮੌਕੇ ਮਲਹੋਤਰਾ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਗਰੀਬਾਂ ਨੂੰ ਉਜੜਨ ਨਹੀਂ ਦੇਣਗੇ। ਮਲਹੋਤਰਾ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਤੋਂ ਝੁੱਗੀ ਨਿਵਾਸੀ ਬਹੁਤ ਪਰੇਸ਼ਾਨ ਹਨ ਅਤੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉਡ ਗਈ ਹੈ। ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ ਝੁੱਗੀਆਂ ਵਿਚ 350 ਤੋਂ ਵੱਧ ਰਾਜਸਥਾਨ ਭਾਈਚਾਰੇ ਦੇ ਲੋਕ ਰਹਿੰਦੇ ਹਨ ਜੋ ਕਿ ਵਾਰਡ ਨੰ. 22 ਵਿਚ ਆਉਂਦੇ ਹਨ। ਇਨ੍ਹਾਂ ਲੋਕਾਂ ਦੀ ਬਕਾਇਦਾ ਇਸੇ ਰੈਜੀਡੈਂਸ ਦੇ ਕਾਨੂੰਨੀ ਦਸਤਾਵੇਜ ਜਿਵੇਂ ਵੋਟਰ ਕਾਰਡ, ਰਾਸ਼ਨ ਕਾਰਡ ਤੇ ਆਧਾਰ ਕਾਰਡ ਬਣੇ ਹੋਏ ਹਨ। ਅਹਿਜੇ ਵਿਚ ਇਨ੍ਹਾਂ ਦਾ ਇਸ ਤਰ੍ਹਾਂ ਉਜਾੜਾ ਕਰ ਦੇਣ ਨਾਲ ਇਨ੍ਹਾਂ ਗਰੀਬ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪੁੱਡਾ ਵਲੋਂ ਜਾਰੀ ਕੀਤੇ ਗਏ ਨੋਟਿਸਾਂ ਦੀ ਭਾਸ਼ਾ ਗੁੰਡਾਗਰਦੀ ਵਾਲੀ ਹੈ ਅਤੇ ਸਿੱਧੇ ਤੌਰ 'ਤੇ ਲੋਕਾਂ ਨੂੰ ਪੁਲਸ ਦਾ ਡਰ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੋ ਮਹੀਨੇ ਦੇ ਪ੍ਰਾਹੁਣੀ ਰਹਿ ਗਈ ਹੈ, ਅਜਿਹੇ ਵਿਚ ਅਜਿਹੀ ਧੱਕੇਸ਼ਾਹੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਅੱਜ ਸਰਕਾਰ ਇਨ੍ਹਾਂ ਗਰੀਬਾਂ ਨੂੰ ਝੁੱਗੀ ਝੋਪੜੀਆਂ ਵਿਚੋਂ ਕੱਢ ਦਵੇਗੀ ਦੋ ਮਹੀਨਿਆਂ ਬਾਅਦ ਪੰਜਾਬ ਦੇ ਲੋਕ ਬਾਦਲ ਸਰਕਾਰ ਨੂੰ ਵਿਧਾਨ ਸਭਾ ਤੇ ਸਕੱਤਰੇਤ ਤੋਂ ਬਾਹਰ ਕੱਢ ਦੇਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਬੇਸ਼ੱਕ ਇਹ ਜ਼ਮੀਨ ਵੇਚੇ ਪਰ ਇਨ੍ਹਾਂ ਝੁੱਗੀ ਵਾਲਿਆਂ ਦੀ ਬਰਬਾਦੀ ਨਾ ਕਰੇ ਅਤੇ ਇਨ੍ਹਾਂ ਨੂੰ ਆਪਣੇ ਰਹਿਨ ਬਸੇਰਿਆਂ ਲਈ ਜ਼ਮੀਨ ਅਲਾਟ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਗਰੀਬਾਂ ਨੂੰ 50-50 ਗਜ ਦੇ ਮਕਾਨ ਬਣਾ ਕੇ ਪਹਿਲਾਂ ਇਨ੍ਹਾਂ ਨੂੰ ਸ਼ਿਫਟ ਕੀਤਾ ਜਾਵੇ ਤੇ ਬਾਅਦ ਵਿਚ ਆਪਣੀ ਯੋਜਨਾ ਸਿਰੇ ਚੜ੍ਹਾਈ ਜਾਵੇ। ਮਲਹੋਤਰਾ ਨੇ ਕਿਹਾ ਕਿ ਅਸੀਂ ਸਾਰੇ ਬਹੁਤ ਗਰੀਬ ਹਾਂ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਾਂ। ਕੇ. ਕੇ. ਮਲਹੋਤਰਾ ਨੇ ਕਿਹਾ ਕਿ ਹਿੰਦੁਸਤਾਨ ਵਿਚ ਜਾਬਰ ਤੋਂ ਜਾਬਰ ਸਰਕਾਰਾਂ ਆਈਆਂ, ਔਰੰਗਜੇਬ ਤੇ ਬਾਬਰ ਦਾ ਰਾਜ ਵੀ ਰਿਹਾ ਪਰ ਕਦੇ ਵੀ ਕਿਸੇ ਦਾ ਘਰ ਨਹੀਂ ਉਜਾੜਿਆ ਗਿਆ ਜਦੋਂ ਕਿ ਬਾਦਲ ਸਰਕਾਰ ਨੇ ਤਾਂ ਜ਼ੁਲਮ ਦੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਾਣਬੂਝ ਕੇ ਪਟਿਆਲਾ ਦੇ ਗਰੀਬਾਂ ਨਾਲ ਧੱਕਾ ਕਰ ਰਹੀ ਹੈ ਕਿਉਂਕਿ ਇਹ ਸ਼ਹਿਰ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਅਹੁਦੇਦਾਰ ਕੈ. ਅਮਰਿੰਦਰ ਸਿੰਘ ਦਾ ਸ਼ਹਿਰ ਹੈ। ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਸਲਾ ਵਿਧਾਇਕ ਪ੍ਰਨੀਤ ਕੌਰ ਦੇ ਧਿਆਨ ਵਿਚ ਲਿਆ ਦਿੱਤਾ ਹੈ, ਜਿਨ੍ਹਾਂ ਨੇ ਇਸ ਮੁੱਦੇ 'ਤੇ ਮੁੱਖ ਮੰਤਰੀ ਨੂੰ ਪੱਤਰ ਲਿਖਣ ਦਾ ਵਿਸ਼ਵਾਸ਼ ਦਵਾਇਆ ਹੈ। ਮਲਹੋਰਤਾ ਨੇ ਕਿਹਾ ਕਿ ਜੇਕਰ ਇਨ੍ਹਾਂ ਝੁੱਗੀ ਵਾਲਿਆਂ ਨੂੰ ਜਗ੍ਹਾ ਦਿੱਤੇ ਬਿਨਾਂ ਉਜਾੜਿਆ ਗਿਆ ਤਾਂ ਉਹ ਮਰਨ ਵਰਤ 'ਤੇ ਬੈਠ ਜਾਣਗੇ ਅਤੇ ਲੋੜ ਪਈ ਤਾਂ ਪੱਕਾ ਧਰਨਾ ਸ਼ੁਰੂ ਕਰ ਦੇਣਗੇ। ਇਸ ਮੌਕੇ ਸਬਾਰ ਖਾਨ, ਜਮਤਸ, ਸਰਵਣ, ਅਨੀਪ, ਰਫੀਕ, ਰਾਜਾ, ਬੰਤਾ, ਅਨਿਲ, ਰਾਧਾ ਰਾਣੀ, ਸਕਸਾਰ, ਬਬਲੂ ਤੇ ਸਜਾਨਾ ਤੋਂ ਇਲਾਵਾ ਹੋਰ ਲੋਕ ਹਾਜ਼ਰ ਸਨ।