- ਕੇਂਦਰ ਦੀਆਂ ਕੋਝੀਆਂ ਚਾਲਾਂ ਦਾ ਜਵਾਬ ਸ਼ਾਂਤਮਈ ਅੰਦੋਲਨ ਜਾਰੀ ਰੱਖਣ ਨਾਲ ਹੀ ਦਿੱਤਾ ਜਾ ਸਕਦੈ: ਸੁਖਦੇਵ ਢੀਂਡਸਾ
ਚੰਡੀਗੜ੍ਹ, 30 ਜਨਵਰੀ 2021 - ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ ) ਨੇ ਕਿਸਾਨ ਜਥੇਬੰਦੀਆਂ ਦੇ ਸੱਦੇ `ਤੇ ਮੁੜ ਕਿਸਾਨਾਂ ਅਤੇ ਆਪਣੇ ਪਾਰਟੀ ਦੇ ਵਰਕਰਾਂ ਨੂੰ ਦਿੱਲੀ ਮੋਰਚੇ `ਤੇ ਪੁੱਜਣ ਦਾ ਸੁਨੇਹਾ ਦਿੱਤਾ ਹੈ। ਪਾਰਟੀ ਦੇ ਜਿਲ੍ਹਾ ਪੱਧਰ ਦੇ ਆਗੂਆਂ ਨੇ ਦਿੱਲੀ ਮੋਰਚਾ ਮੁੜ ਸਿਖਰ `ਤੇ ਲੈਕੇ ਜਾਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਮਬੰਦੀ ਤੇਜ਼ ਕਰ ਦਿੱਤੀ ਹੈ। ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਦਿੱਲੀ ਦੀਆਂ ਸਰਹੱਦਾਂ `ਤੇ ਵਾਪਰੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਉਨ੍ਹਾਂ ਨੇ ਕਿਸਾਨਾਂ ਅਤੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਦਿੱਲੀ ਮੋਰਚੇ `ਤੇ ਪੁੱਜਣ ਦੀ ਅਪੀਲ ਕੀਤੀ ਹੈ। ਜਿਸਦੇ ਬਾਅਦ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਿੱਚ ਸਹਿਯੋਗ ਕਰਨ ਲਈ ਅੰਦੋਲਨ ਵਿੱਚ ਸ਼ਾਮਿਲ ਹੋ ਗਏ ਹਨ ਅਤੇ ਕੁੱਝ ਨੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਹਨ।
ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਹਾਲਾਤ ਕਾਫ਼ੀ ਨਾਜ਼ੁਕ ਹੋ ਚੁੱਕੇ ਹਨ ਅਤੇ ਕੇਂਦਰ ਸਰਕਾਰ ਹੁਣ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੋਝੀ ਹੱਥਕੰਡੇ ਇਸਤੇਮਾਲ ਕਰਨ `ਤੇ ਉਤਰ ਆਈ ਹੈ ਅਤੇ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣੀ ਤਾਕਤ ਨਾਲ ਭੱਜਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਭਾੜੇ ਦੇ ਗੁੰਡਿਆਂ ਤੋਂ ਕਿਸਾਨਾਂ `ਤੇ ਹਮਲਾ ਕਰਵਾ ਕੇ ਕਿਸਾਨਾਂ ਨੂੰ ਡਰਾਉਣਾ ਚਾਹੁੰਦੀ ਹੈ ਅਤੇ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਦੀ ਸਾਜਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀ ਸਾਰੇ ਸੰਘਰਸ਼ੀਲ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਉਨ੍ਹਾਂ ਨਾਲ ਜਾਕੇ ਖੜ੍ਹੀਏ। ਸ:ਢੀਂਡਸਾ ਨੇ ਕਿਹਾ ਕਿ 26 ਜਨਵਰੀ `ਤੇ ਦਿੱਲੀ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਹੋਣ ਕਰਕੇ ਪਾਰਟੀ ਵਰਕਰਾਂ ਨਾਲ ਉਨ੍ਹਾਂ ਦਾ ਪੂਰਾ ਸੰਪਰਕ ਨਹੀ ਹੋ ਸਕਿਆ ਸੀ ਅਤੇ ਇਸ ਦੌਰਾਨ ਕੁੱਝ ਵਰਕਰ ਵਾਪਿਸ ਆ ਗਏ ਸਨ। ਉਨ੍ਹਾਂ ਨੇ ਆਪਣੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਮੁੜ ਦਿੱਲੀ ਮੋਰਚੇ `ਤੇ ਪਹੁੰਚ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।