ਅਸ਼ੋਕ ਵਰਮਾ
ਬਰਨਾਲਾ : 19 ਜਨਵਰੀ 2021 - ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਗਾਏ ਹੋਏ ਧਰਨੇ ਦੇ 110 ਵੇਂ ਦਿਨ ਔਰਤ ਕਿਸਾਨ ਦਿਵਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਔਰਤਾਂ ਪੂਰੇ ਜੋਸ਼ ਖਰੋਸ਼ ਨਾਲ ਸ਼ਾਮਲ ਹੋਈਆਂ। 18 ਜਨਵਰੀ ਨੂੰ ਭੁੱਖ ਹੜਤਾਲ ਸਿਰਫ ਕਿਸਾਨ ਔਰਤਾਂ ਨੇ ਰੱਖੀ ਜਿਹਨਾਂ ਵਿੱਚ ਤੇਜਪਾਲ ਕੌਰ, ਗੁਰਪ੍ਰੀਤ ਕੌਰ, ਕਰਨੈਲ ਕੌਰ, ਬਲਜੀਤ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਦਲਜੀਤ ਕੌਰ, ਮਨਜੀਤ ਕੌਰ, ਮਹਿੰਦਰ ਕੌਰ ਅਤੇ ਮਨਜੀਤ ਕੌਰ ਆਦਿ ਸ਼ਾਮਲ ਹੋਈਆਂ। ਔਰਤ ਕਿਸਾਨ ਬੁਲਾਰਿਆਂ ਪ੍ਰੇਮਪਾਲ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਅੰਗਰੇਜ ਕੌਰ, ਮਹਿਕਦੀਪ ਅਤੇ ਚਰਨਜੀਤ ਕੌਰ ਨੇ ਔਰਤ ਕਿਸਾਨ ਦਿਵਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਔਰਤਾਂ ਅੱਧ ਸੰਸ਼ਾਰ ਦੀਆਂ ਮਾਲਕ ਹਨ। ਖੇਤੀ ਧੰਦੇ ਵਿੱਚ ਵੀ ਔਰਤਾਂ ਮਰਦਾਂ ਦੇ ਬਰਾਬਰ ਦੀਆਂ ਹਿੱਸੇਦਾਰ ਹਨ। ਘਰਾਂ ਦਾ ਸਾਰਾ ਕੰਮ, ਪਸ਼ੂ ਸਾਂਭਣ ਦੀ ਸਮੁੱਚੀ ਜਿੰਮੇਵਾਰੀ, ਬੱਚਿਆਂ ਦੀ ਪਰਵਰਿਸ਼, ਖੇਤ ਬੰਨਿਆਂ ਵਿੱਚ ਮਰਦਾਂ ਦੇ ਬਰਾਬਰ ਕੰਮ ਔਰਤਾਂ ਨੂੰ ਵੀ ਕਰਨਾ ਪੈਂਦਾ ਹੈ।
ਉਹਨਾਂ ਕਿਹਾ ਕਿ ਹੁਣ ਜਦ ਮੋਦੀ ਹਕੂਮਤ ਵੱਲੋਂ ਵਿਸ਼ਵ ਵਪਾਰ ਸੰਸਥਾਂ ਦੀਆਂ ਨੀਤੀਆਂ ਤਹਿਤ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਨਾਲ ਸਮੁੱਚਾ ਅਰਥਚਾਰਾ ਹੀ ਉਜਾੜਨ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਹੈ ਤਾਂ ਇਸ ਉਜਾੜੇ ਦੇ ਸੇਕ ਦਾ ਅਸਰ ਅੱਧ ਸੰਸਾਰ ਦੀਆਂ ਮਾਲਕ ਕਿਸਾਨ ਔਰਤਾਂ ਉੱਪਰ ਪੈਣਾ ਸੁਭਾਵਿਕ ਹੈ। ਔਰਤ ਨੂੰ ਪਿਛਲੇ ਸਮਿਆਂ ਵਿੱਚ ਪੈਰ ਦੀ ਜੁੱਤੀ ਸਮਝ ਘਰ ਤੋਂ ਬਾਹਰ ਨਿੱਕਲਣ ਦੀ ਅਜਾਦੀ ਨਹੀਂ ਸੀ। ਮਾਈ ਭਾਗੋ, ਜਯੋਤਿਬਾ ਬਾਈ ਫੂਲੇ, ਗਦਰੀ ਗੁਲਾਬ ਕੌਰ ਅਤੇ ਦੁਰਗਾ ਭਾਬੀ ਜਿਹੀਆਂ ਔਰਤਾਂ ਨੂੰ ਘਰਾਂ ਦੀਆਂ ਤੰਗ ਵਲਗਣਾਂ ਵਿੱਚੋਂ ਬਾਹਰ ਨਿੱਕਲ ਸੰਘਰਸ਼ ਦੇ ਮੈਦਾਨ ਵਿੱਚ ਜੂਝ ਮਰਨ ਦੀ ਜਾਗ ਲਾਈ। ਅੱਜ ਕਿਰਨਜੀਤ ਕਾਂਡ ਤੋਂ ਲੈਕੇ ਸਾਂਝੇ ਕਿਸਾਨ ਸੰਘਰਸ਼ ਵਿੱਚ ਪਿੰਡ ਪੱਧਰ ਤੋਂ ਲੈਕੇ ਦਿੱਲੀ ਦੇ ਟਿੱਕਰੀ ਅਤੇ ਸਿੰਘੂ ਬਾਰਡਰ ਉੱਪਰ ਔਰਤਾਂ ਬਰਾਬਰ ਦਾ ਯੋਗਦਾਨ ਪਾ ਰਹੀਆਂ ਹਨ।
ਕਿਸਾਨ ਔਰਤ ਆਗੂਆਂ ਕਿਹਾ ਕਿ ਸਾਨੂੰ ਆਪਣੇ ਸੰਗਰਾਮੀ ਵਿਰਸੇ ਉੱਪਰ ਮਾਣ ਕਰਨਾ ਚਾਹੀਦਾ ਹੈ। ਜਿੱਥੇ ਅਸੀਂ ਇੱਥੇ ਹਰ ਰੋਜ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੁੰਦੀਆਂ ਹਾਂ , ਉੱਥੇ ਹੀ ਦਿੱਲੀ ਟਿੱਕਰੀ ਬਾਰਡਰ ਉੱਪਰ ਵੀ ਕੁਰੜ ਅਤੇ ਸਹਿਜੜਾ ਪਿੰਡ ਦੀਆਂ ਕਿਸਾਨ ਔਰਤਾਂ ਨੇ ਭੁੱਖ ਹੜਤਾਲੀ ਜਥੇ ਵਿੱਚ ਸ਼ਾਮਿਲ ਹੋਕੇ ਮਾਣ ਵਧਾਇਆ ਹੈ। ਆਗੂਆਂ ਕਿ 19 ਜਨਵਰੀ ਨੂੰ ਪਰਜਾ ਮੰਡਲ ਲਹਿਰ ਦੇ ਮੋਢੀ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦਾ ਸ਼ਹੀਦੀ ਦਿਹਾੜਾ ਹੈ ਜੋ ਇਸ ਵਾਰ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਦਿਆਂ ਕਿਸਾਨੀ ਘੋਲ ਨੂੰ ਸਮਰਪਿਤ ਕੀਤਾ ਹੈ। ਇਸ ਸ਼ਹੀਦੀ ਕਾਨਫਰੰਸ ਨੂੰ ਕਿਸਾਨ ਜਥੇਬੰਦੀਆਂ ਦੇ ਸੂਬਾ ਆਗੂ ਬੂਟਾ ਸਿੰਘ ਬੁਰਜਗਿੱਲ, ਮਨਜੀਤ ਸਿੰਘ ਧਨੇਰ,ਬਲਵੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ,ਰੁਲਦੂ ਸਿੰਘ ਮਾਨਸਾ ਆਦਿ ਕਿਸਾਨ ਆਗੂ ਸੰਬੋਧਨ ਕਰਨਗੇ। ਆਗੂਆਂ ਨੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਸੰਘਰਸ਼ ਦੇ ਨਾਲ-ਨਾਲ ਠੀਕਰੀਵਾਲ ਸ਼ਹੀਦੀ ਕਾਨਫਰੰਸ ਵਿੱਚ ਕਾਫਲੇ ਬੰਨਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸੇ ਹੀ ਤਰਾਂ ਵੀਆਰਸੀ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋੋਂ 107ਵੇਂ ਦਿਨ ਘਿਰਾਓ ਜਾਰੀ ਰਿਹਾ। ਬੁਲਾਰਿਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਮਾਂਗੇਵਾਲ, ਪਰਮਿੰਦਰ ਹੰਢਿਆਇਆ, ਬਾਬੂ ਸਿੰਘ ਖੁੱਡੀਕਲਾਂ, ਰਾਮ ਸਿੰਘ ਕਲੇਰ, ਨਿਰਮਲ ਸਿੰਘ, ਬਲਵੀਰ ਸਿੰਘ ਪੱਪੂ, ਅੰਗਰੇਜ ਸਿੰਘ ਭੱਟੀ, ਭੋਲਾ ਸਿੰਘ, ਅਜਮੇਰ ਸਿੰਘ ਕਰਮਗੜ ਅਤੇ ਮਨਜੀਤ ਸਿੰਘ ਕਰਮਗੜ ਆਦਿ ਨੇ ਕਿਹਾ ਕਿ ਕੱਲ ਵਾਲੀ ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਬਾਰੇ ਦੱਸਿਆ ਕਿ ਕਿਵੇਂ ਹਾਲੇ ਵੀ ਮੋਦੀ ਹਕੂਮਤ ਦੀ ਮਨਸਾ ਖੇਤੀ ਕਾਨੂੰਨਾਂ ਪ੍ਰਤੀ ਸਾਫ ਨਹੀਂ ਹੈ। ਮੋਦੀ ਹਕੂਮਤ ਦੀਆਂ ਇਨਾਂ ਸਾਜਿਸ਼ਾਂ ਨੂੰ ਚਕਨਾਚੂਰ ਕਰਦਿਆਂ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਖਿਲ਼ਾਫ ਸੰਘਰਸ਼ ਨੂੰ ਹੋਰ ਵਧੇਰੇ ਵਿਸ਼ਾਲ ਅਤੇ ਤੇਜ ਕਰਨਾ ਹੋਵੇਗਾ।