ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 11 ਮਾਰਚ 2021-ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ’ਚ ਲੋਕ ਲਗਾਤਾਰ ਯੋਗਦਾਨ ਦੇ ਰਹੇ ਹਨ। ਟਰੈਕਟਰ-ਟਰਾਲੀਆਂ, ਬੱਸਾਂ, ਗੱਡੀਆਂ ਤੋਂ ਇਲਾਵਾ ਲੋਕ ਸਾਇਕਲਾਂ ’ਤੇ ਵੀ ਦਿੱਲੀ ਬਾਰਡਰਾਂ ਲਈ ਰਵਾਨਾ ਹੋ ਰਹੇ ਹਨ। ਅਜਿਹੀ ਸੋਚ ਰੱਖਣ ਵਾਲੇ ਸਥਾਨਕ ਨਿਹੰਗ ਸਿੰਘ ਛਾਉਣੀ ਵਾਸੀ ਬਿੱਟੂ ਬਾਘਲਾ ਨੇ ਵੀ ਸਾਇਕਲ ਜ਼ਰੀਏ ਦਿੱਲੀ ਧਰਨੇ ’ਚ ਪੁੱਜਣ ਦਾ ਐਲਾਨ ਕੀਤਾ ਹੈ। ਬਿੱਟੂ ਬਾਘਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਜੋ ਖੇਤੀ ਕਾਨੁੂੰਨ ਪਾਸ ਕੀਤੇ ਹਨ, ਉਹ ਹਰ ਵਰਗ ਲਈ ਘਾਤਕ ਹਨ, ਜਿਸ ਲਈ ਹਰ ਪੰਜਾਬੀ ਨੂੰ ਸੰਘਰਸ਼ ’ਚ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਸਾਇਕਲ ’ਤੇ ਦਿੱਲੀ ਲਈ ਰਵਾਨਾ ਹੋਣਗੇ ਤੇ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨਗੇ। ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਦਿੱਲੀ ਧਰਨਿਆਂ ’ਚ ਸਮਰਥਨ ਕਰਨ।