ਮਾਨਸਾ, 2 ਅਕਤੂਬਰ, 2016 : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਮੰਤਰੀ ਸ਼ੇਰ ਸਿੰਘ ਗਾਗੋਵਾਲ ਦਾ ਦੇਹਾਂਤ ਹੋ ਗਿਆ ਹੈ। 83 ਸਾਲਾਂ ਗਾਗੋਵਾਲ ਪਿਛਲੇ 20 ਦਿਨਾਂ ਤੋਂ ਗੰਭੀਰ ਬਿਮਾਰੀ ਤੋਂ ਪੀੜਿਤ ਸਨ, ਜਿਨ੍ਹਾਂ ਨੇ ਦੇਰ ਸ਼ਾਮ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਆਖ਼ਰੀ ਸਾਹ ਲਿਆ। ਮਾਨਸਾ ਨੇੜਲੇ ਪਿੰਡ ਗਾਗੋਵਾਲ ਦੇ ਜੰਮਪਲ ਸ਼ੇਰ ਸਿੰਘ ਗਾਗੋਵਾਲ ਲੋਕਾਂ ਨਾਲ ਜੁੜੇ ਹੋਏ ਆਗੂ ਸਨ। ਉਨ੍ਹਾਂ ਆਪਣਾ ਰਾਜਨੀਤਿਕ ਸਫ਼ਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ।
35 ਸਾਲ ਪਿੰਡ ਦਾ ਸਰਪੰਚ, ਬਲਾਕ ਸੰਮਤੀ ਝੁਨੀਰ ਦੇ ਚੇਅਰਮੈਨ ਅਤੇ ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਰਹੇ ਸ. ਗਾਗੋਵਾਲ 1992 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਸਮੇਂ ਮਾਨਸਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਅਤੇ ਬੂੀਬੀ ਰਜਿੰਦਰ ਕੌਰ ਭੱਠਲ ਦੇ ਮੁੱਖ ਮੰਤਰੀ ਕਾਰਜਕਾਲ 'ਚ ਸਿੰਚਾਈ ਰਾਜ ਮੰਤਰੀ ਵੀ ਰਹੇ। 1997 ਦੀਆਂ ਵਿਧਾਨ ਸਭਾ ਚੋਣਾਂ 'ਚ ਉਹ ਜੋਗਾ ਵਿਧਾਨ ਸਭਾ ਹਲਕੇ ਤੋਂ ਕੁੱਝ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਅਤੇ 2002 'ਚ ਮਾਨਸਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਵਿਧਾਇਕ ਚੁਣੇ ਗਏ ਜਦਕਿ 2007 'ਚ ਇਸੇ ਵਿਧਾਨ ਸਭਾ ਹਲਕੇ ਤੋਂ ਉਹ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਜੇਤੂ ਰਹੇ।