ਗੁਰਦਾਸਪੁਰ, 12 ਅਕਤੂਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਰਕਾਰ 'ਤੇ ਸੂਬੇ 'ਚ ਦਲਿਤਾਂ ਉਪਰ ਹੋ ਰਹੇ ਅੱਤਿਆਚਾਰ ਲਈ ਦੋਸ਼ ਲਗਾਉਂਦਿਆਂ ਹਾਲੇ 'ਚ ਸਮਾਜ ਉਪਰ ਹੋਏ ਹਮਲਿਆਂ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਇਹ ਟਿੱਪਣੀ ਮਾਨਸਾ 'ਚ ਇਕ ਦਲਿਤ ਨੌਜ਼ਵਾਨ ਦੀ ਬੇਰਹਮੀਪੂਰਨ ਹੱਤਿਆ ਨੂੰ ਲੈ ਕੇ ਕੀਤੀ ਹੈ ਅਤੇ ਅਸਲਿਅਤ ਤਾਂ ਇਹ ਹੈ ਕਿ ਬੀਤੇ ਹਫਤੇ ਸੰਗਰੂਰ 'ਚ ਪੈਦਾ ਹੋਏ ਤਨਾਅ ਦਾ ਹੱਲ ਨਾ ਨਿਕਲਣ ਕਾਰਨ ਦਲਿਤਾਂ ਦਾ ਉਥੋਂ ਪਲਾਇਣ ਜ਼ਾਰੀ ਹੈ।
ਇਸ ਲੜੀ ਹੇਠ ਪੰਜਾਬ ਕਾਂਗਰਸ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਮਾਨਸਾ ਦੇ ਪੀੜਤ ਪਰਿਵਾਰ ਦੀ ਹਰ ਮੁਮਕਿਨ ਮਦੱਦ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਵਰਕਰਾਂ ਨੂੰ ਮਾਨਸਾ ਤੇ ਸੰਗਰੂਰ 'ਚ ਦਲਿਤ ਸਮਾਜ ਦੀਆਂ ਪ੍ਰੇਸ਼ਾਨੀਆਂ ਦਾ ਹਿੱਸਾ ਬਣਨ ਲਈ ਕਿਹਾ ਹੈ, ਤਾਂ ਜੋ ਉਨ੍ਹਾਂ ਦਾ ਭਰੋਸਾ ਮੁੜ ਕਾਇਮ ਕੀਤਾ ਜਾ ਸਕੇ।
ਹਾਲਾਤਾਂ 'ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੇ ਸ਼ਾਸਨ ਅਧੀਨ ਸੂਬੇ 'ਚ ਦਲਿਤ ਬਹੁਤ ਜ਼ਿਆਦਾ ਅਸੁਰੱਖਿਆ ਤੇ ਡਰ ਮਹਿਸੂਸ ਕਰ ਰਹੇ ਹਨ। ਜਿਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਹਾਲਾਤਾਂ ਪੰਜਾਬ ਦੇ ਭਵਿੱਖ ਨੂੰ ਲੈ ਕੇ ਗੰਭੀਰ ਨਤੀਜ਼ੇ ਪੈਦਾ ਕਰ ਸਕਦੇ ਹਨ। ਬਾਦਲ ਸਰਕਾਰ ਜਾਣਬੁਝ ਕੇ ਸੂਬੇ ਦਾ ਨਿਰਪੱਖ ਤੇ ਸ਼ਾਂਤਮਈ ਵਾਤਾਵਰਨ ਬਿਗਾੜ ਰਹੀ ਹੈ।
ਕੈਪਟਨ ਅਮਰਿੰਦਰ ਨੇ ਮੀਡੀਆ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਥਿਤ ਤੌਰ 'ਤੇ ਬਾਦਲ ਦੇ ਕੰਟਰੋਲ ਵਾਲੇ ਮਾਫੀਆ ਹੱਥੋਂ ਇਕ ਦਲਿਤ ਨੌਜ਼ਵਾਨ ਸੁਖਚੈਨ ਸਿੰਘ ਦੀ ਬੇਰਹਮੀਪੂਰਨ ਹੱਤਿਆ ਤੋਂ ਬਾਅਦ ਦਲਿਤ ਸਮਾਜ 'ਚ ਬਹੁਤ ਗੁੱਸਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਸ਼ਰਾਬ ਮਾਫੀਆ ਨੂੰ ਅਕਾਲੀਆਂ ਦਾ ਸਮਰਥਨ ਹੈ, ਅਜਿਹੇ 'ਚ ਬਾਦਲ ਸਰਕਾਰ ਦਾ ਉਸ ਦੀਆਂ ਦਲਿਤ ਵਿਰੋਧੀ ਨੀਤੀਆਂ ਲਈ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ।
ਉਨ੍ਹਾਂ ਨੇ ਮੀਡੀਆ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲੀ ਦਲ ਨਾਲ ਵੱਡੇ ਪੱਧਰ 'ਤੇ ਸਬੰਧ ਰੱਖਣ ਵਾਲੇ ਲੋਕਾਂ ਵੱਲੋਂ ਮਾਨਸਾ ਦੇ ਪਿੰਡ ਘਰਾਂਗਨਾ ਦੇ 21 ਸਾਲਾਂ ਸੁਖਚੈਨ 'ਤੇ ਬੇਰਹਮੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀਆਂ ਨੇ ਨੌਜ਼ਵਾਨ ਦੇ ਸਰੀਰ ਦੇ ਅੰਗ ਵੀ ਕੱਟ ਦਿੱਤੇ ਸਨ।
ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਮੀਡੀਆ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋ ਦੋਸ਼ੀ ਹਰਦੀਪ ਸਿੰਘ ਤੇ ਉਸਦਾ ਭਰਾ ਬਿੱਟਾ ਸਿੰਘ ਘਰਾਂਗਨਾ ਦੇ ਸਰਪੰਚ ਸਰਦੂਲ ਸਿੰਘ ਦੇ ਭਤੀਜ਼ੇ ਹਨ, ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਡਰਾਈਵਰ ਨਿਰੰਜਨ ਸਿੰਘ ਦਾ ਬੇਟਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਅਕਾਲੀ ਦਲ ਲੀਡਰਸ਼ਿਪ ਦੀ ਸ਼ੈਅ ਪ੍ਰਾਪਤ ਲੋਕਾਂ ਵੱਲੋਂ ਪੰਜਾਬ ਤੇ ਖਾਸ ਕਰਕੇ ਮਾਲਵਾ ਖੇਤਰ 'ਚ ਦਲਿਤਾਂ ਉਪਰ ਅੱਤਿਆਚਾਰ ਕੀਤੇ ਜਾ ਰਹੇ ਹਨ।
ਇਹ ਮਾਮਲਾ ਭਾਜਪਾ ਦੇ ਪੰਜਾਬ ਪ੍ਰਧਾਨ ਵਿਜੈ ਸਾਂਪਲਾ ਲਈ ਵੀ ਸ਼ਰਮ ਤੇ ਚਿੰਤਾ ਦਾ ਵਿਸ਼ਾ ਹੈ, ਜਿਹੜੇ ਖੁਦ ਦਲਿਤ ਸਮਾਜ ਨਾਲ ਸਬੰਧਤ ਹਨ, ਲੇਕਿਨ ਇਨ੍ਹਾਂ ਹਾਲਾਤਾਂ ਨੂੰ ਚੁੱਪਚਾਪ ਬੈਠੇ ਦੇਖ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਪਾਰਟੀ ਦੇ ਸਾਂਝੇਦਾਰ ਅਕਾਲੀ ਦਲ ਵੱਲੋਂ ਕੀਤੇ ਗਏ ਅੱਤਿਆਚਾਰਾਂ ਖਿਲਾਫ ਇਕ ਵਾਰ ਵੀ ਪ੍ਰਤੀਕ੍ਰਿਆ ਨਹੀਂ ਜਾਹਿਰ ਕੀਤੀ।
ਪੰਜਾਬ ਕਾਂਗਰਸ ਦੇ ਆਗੂ ਨੇ ਖੁਲਾਸਾ ਕੀਤਾ ਕਿ ਸੁਖਚੈਨ ਦੀ ਹੱਤਿਆ ਦਲਿਤ ਦੇ ਕਤਲ ਦਾ ਇਕੋਮਾਤਰ ਮਾਮਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ ਇਕ ਸਾਲ ਪਹਿਲਾਂ ਅਬੋਹਰ ਸਥਿਤ ਸੱਤਾਧਾਰੀ ਅਕਾਲੀ ਦਲ ਦੇ ਲੀਡਰ ਤੇ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ 'ਚ 27 ਸਾਲਾਂ ਦਲਿਤ ਨੌਜ਼ਵਾਨ ਭੀਮ ਟਾਂਕ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਭੀਮ ਦੇ ਵੀ ਸਰੀਰ ਦੇ ਅੰਗ ਕੱਟ ਦਿੱਤੇ ਗਏ ਸਨ ਅਤੇ ਬਾਅਦ 'ਚ ਉਸਨੇ ਅੰਮ੍ਰਿਤਸਰ ਦੇ ਇਕ ਹਸਪਤਾਲ 'ਚ ਇਲਾਜ਼ ਦੌਰਾਨ ਦਮ ਤੋੜ ਦਿੱਤਾ ਸੀ।
ਸੰਗਰੂਰ ਦੇ ਝਲੋਰ ਬੀਤੇ ਹਫਤੇ ਸ਼ਾਮਲਾਟ ਜ਼ਮੀਨ 'ਤੇ ਖੇਤੀ ਦੇ ਮੁੱਦੇ 'ਤੇ ਅਕਾਲੀ ਦਲ ਦੇ ਲੋਕਲ ਆਗੂਆਂ ਦਾ ਸਮਰਥਨ ਪ੍ਰਾਪਤ ਉੱਚੀ ਜਾਤ ਦੇ ਜਮੀਦਾਰਾਂ ਨੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਡਰ ਕਾਰਨ 2 ਦਰਜਨ ਦੇ ਲਗਭਗ ਪਰਿਵਾਰਾਂ ਨੂੰ ਪਿੰਡ ਛੱਡਣਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਤੇ ਪ੍ਰਸ਼ਾਸਨਿਕ ਮਸ਼ੀਨਰੀ ਦੇ ਪੂਰੇ ਸਮਰਥਨ ਨਾਲ ਪਿੰਡ ਦੇ ਦਲਿਤਾਂ ਨੂੰ ਲਗਾਤਾਰ ਉੱਚੀ ਜਾਤ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।