ਚੰਡੀਗੜ੍ਹ, 27 ਸਤੰਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਕਾਂਗਰਸ ਪਾਰਟੀ ਡਾ. ਬੀ.ਆਰ ਅੰਬੇਡਕਰ ਦੀ ਅਗਵਾਈ ਹੇਠ ਸਾਡੇ ਸੰਵਿਧਾਨ ਦੇ ਨਿਰਮਾਣਕਾਰਾਂ ਵੱਲੋਂ ਸਥਾਪਤ ਕੀਤੀ ਰਾਖਵਾਂਕਰਨ ਪ੍ਰਣਾਲੀ 'ਚ ਬਦਲਾਅ ਕੀਤੇ ਬਗੈਰ ਜਨਰਲ ਸ੍ਰੇਣੀ ਨਾਲ ਸਬੰਧਤ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਰਾਖਵਾਂਕਰਨ ਮੁਹੱਈਆ ਕਰਵਾਏਗੀ।
ਅੱਜ ਇਥੇ ਪਾਰਟੀ ਮੈਨਿਫੈਸਟੋ ਲਈ ਸੁਝਾਅ ਲੈ ਕੇ ਸੂਬੇ ਭਰ ਤੋਂ ਪਹੁੰਚੇ ਵਿਦਿਆਰਥੀਆਂ ਨਾਲ ਚਰਚਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਇਕ ਤਜ਼ਵੀਜ਼ ਬਣਾਏਗੀ, ਜਿਸ ਹੇਠ ਜਨਰਲ ਸ੍ਰੇਣੀ ਨਾਲ ਸਬੰਧਤ ਲੋਕ ਆਰਥਿਕ ਕਾਰਨਾਂ ਕਰਕੇ ਮਕਾਬਲੇ ਤੋਂ ਬਾਹਰ ਨਹੀਂ ਹੋਣਗੇ। ਇਸ ਵਰਗ ਵਾਸਤੇ ਰਾਖਵੇਂਕਰਨ ਲਈ ਤਜ਼ਵੀਜ਼ ਜਨਰਲ ਸ੍ਰੇਣੀ ਦੇ ਕੋਟੋ ਤੋਂ ਹੀ ਸਥਾਪਤ ਕੀਤੀ ਜਾਵੇਗੀ।
ਇਸ ਦੌਰਾਨ ਵਿਦਿਆਰਥੀਆਂ ਦੇ ਵੱਖ ਵੱਖ ਵਰਗਾਂ ਦੀਆਂ ਚਿੰਤਾਵਾਂ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਸੰਵਿਧਾਨ ਦੇ ਦਾਇਰੇ ਹੇਠ ਚੱਲ ਰਹੀ ਰਾਖਵਾਂਕਰਨ ਦੀ ਨੀਤੀ ਨੂੰ ਜ਼ਾਰੀ ਰੱਖੇਗੀ। ਇਸ ਤੋਂ ਇਲਾਵਾ, ਕੋਈ ਵੀ ਸੂਬਾ ਸਰਕਾਰ ਇਸ 'ਚ ਬਦਲਾਅ ਨਹੀਂ ਕਰ ਸਕਦੀ ਹੈ, ਕਿਉਂਕਿ ਇਹ ਪਾਰਲੀਮੈਂਟ ਦੇ ਅਧਿਕਾਰ ਖੇਤਰ ਹੇਠ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜ਼ੂਦਾ ਪ੍ਰਣਾਲੀ ਨੂੰ ਖਤਮ ਕਰਨ ਬਾਰੇ ਕੋਈ ਵਿਚਾਰ ਨਹੀਂ ਹਨ ਅਤੇ ਅਜਿਹੀਆਂ ਅਫਵਾਹਾਂ ਫੈਲ੍ਹਾ ਰਹੇ ਕੁਝ ਲੋਕ ਸਿਰਫ ਗਲਤਫਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਾਅਦ 'ਚ ਕੁਝ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ, ਚੌਥੇ ਫਰੰਟ ਨਾਲ ਤਾਲਮੇਲ ਦੀ ਸੰਭਾਵਨਾ ਬਾਰੇ ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੋਮਵਾਰ ਨੂੰ ਕਾਂਗਰਸ ਦੇ ਸਮਰਥਨ ਲਈ ਰਾਹ ਖੁੱਲ੍ਹੇ ਹੋਣ ਦੀ ਗੱਲ ਕਹਿਣ ਵਾਲੇ ਆਗੂਆਂ 'ਚੋਂ ਕੋਈ ਜੇ ਪ੍ਰਸਤਾਅ ਰੱਖਦਾ ਹੈ, ਤਾਂ ਪਾਰਟੀ ਵਿਚਾਰ ਕਰੇਗੀ।
ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਤੇ ਚੌਥੇ ਫਰੰਟ ਦੇ ਕਿਸੇ ਵੀ ਆਗੂ ਵਿਚਾਲੇ ਕੋਈ ਸੰਪਰਕ ਨਹੀਂ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਐਲਾਨਾਂ ਬਾਰੇ ਸਿਰਫ ਅਖਬਾਰਾਂ ਤੋਂ ਹੀ ਪਤਾ ਚੱਲਿਆ ਹੈ। ਅਕਾਲੀ ਭਾਜਪਾ ਸਰਕਾਰ ਵੱਲੋਂ ਸਰਕਾਰੀ ਟ੍ਰਾਂਸਪੋਰਟ ਕੰਪਨੀਆਂ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ ਦੀ ਲਾਗਤ 'ਤੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਬਾਰੇ ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੱਤਾਧਾਰੀ ਪਰਿਵਾਰ ਵੱਲੋਂ ਵਿਅਕਤੀਗਤ ਬਿਜਨੇਸ ਹਿੱਤਾਂ ਲਈ ਸੱਤਾ ਦੀ ਦੁਰਵਰਤੋਂ ਦਾ ਇਹ ਸਪੱਸ਼ਟ ਮਾਮਲਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਬਾਦਲਾਂ ਤੋਂ ਇਲਾਵਾ, ਪੰਜਾਬ 'ਚ ਹੋਰ ਕਿਹੜੀ ਪ੍ਰਾਈਵੇਟ ਟ੍ਰਾਂਸਪੋਰਟ ਕੰਪਨੀ ਬੱਚੀ ਹੈ? ਇਸ ਫੈਸਲੇ ਦਾ ਉਦੇਸ਼ ਜੋ ਕੁਝ ਬਾਕੀ ਰਹਿ ਗਿਆ ਹੈ, ਉਸ ਬਦਲੇ ਵੀ ਬਾਦਲਾਂ ਨੂੰ ਪੈਸੇ ਕਮਾ ਕੇ ਦੇਣਾ ਹੈ। ਜੋ ਸਪੱਸ਼ਟ ਤੌਰ 'ਤੇ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਅਜਿਹੇ ਸਾਰੇ ਫੈਸਲੇ ਵਾਪਿਸ ਲੈ ਲਵੇਗੀ।