ਖਰੜ/ਮੋਹਾਲੀ, 12 ਅਕਤੂਬਰ, 2016 : ਪੰਥਕ ਪਾਰਟੀ ਅਖਵਾਉਣ ਵਾਲੀ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਵਿਕਾਸ ਦੇ ਮਾਮਲੇ 'ਚ ਹਲਕਿਆਂ ਵਿਚਾਲੇ ਪੱਖਪਾਤ ਕੀਤਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪਰ ਉਨ੍ਹਾਂ ਦੇ ਹਲਕੇ ਨੂੰ ਨਜਰਅੰਦਾਜ਼ ਕਰਨ ਦਾ ਦੋਸ਼ ਲਗਾਉਂਦਿਆਂ ਸ੍ਰੀ ਚਮਕੌਰ ਸਾਹਬਿ ਤੋਂ ਵਿਧਾਇਕ ਤੇ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਇਸ ਪੰਥਕ ਪਾਰਟੀ ਨੇ ਇਤਿਹਾਸਿਕ ਪੱਧਰ 'ਤੇ ਮਹੱਤਵਪੂਰਨ ਹਲਕੇ ਨਾਲ ਪੱਖਪਾਤ ਕੀਤਾ ਹੈ। ਵਿਕਾਸ ਦੇ ਮਾਮਲੇ 'ਚ ਇਸ ਹਲਕੇ ਨਾਲ ਪੂਰੀ ਤਰ੍ਹਾਂ ਪੱਖਪਾਤ ਕੀਤਾ ਗਿਆ ਹੈ।
ਇਸ ਮੌਕੇ ਖਰੜ-ਲਾਂਡਰਾਂ ਰੋਡ ਉਪਰ ਧਰਨਾ ਦਿੰਦਿਆਂ ਚੰਨੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੇ 30 ਤੋਂ ਵੱਧ ਪਿੰਡਾਂ ਨੂੰ ਜਾਣ ਵਾਲੀਆਂ ਖਰੜ ਬਲਾਕ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਲੋਕ ਇਨ੍ਹਾਂ ਸੜਕਾਂ 'ਤੇ ਸਫਰ ਵੀ ਨਹੀਂ ਕਰ ਸਕਦੇ ਅਤੇ ਇਥੇ ਕਈ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ। ਚੰਨੀ ਨੇ ਕਿਹਾ ਕਿ ਇਸ ਗੂੰਗੀ ਬੋਲੀ ਸਰਕਾਰ ਕੋਲ ਉਨ੍ਹਾਂ ਦੇ ਹਲਕੇ 'ਚ ਸੜਕਾਂ ਦਾ ਨੇਟਵਰਕ ਸੁਧਾਰਨ ਵਾਸਤੇ ਕੋਈ ਪੈਸੇ ਨਹੀਂ ਹਨ, ਜਿਹੜਾ ਧਾਰਮਿਕ ਪੱਖੋਂ ਵੀ ਬਹੁਤ ਮਹੱਤਵ ਰੱਖਦਾ ਹੈ। ਸ੍ਰੀ ਚਮਕੌਰ ਸਾਹਿਬ ਨੂੰ ਜਾਣ ਵਾਲੇ ਰੋਡ ਦਾ ਸੱਭ ਤੋਂ ਵੱਧ ਬੁਰਾ ਹਾਲ ਹੈ। ਅਸੀਂ ਇਥੇ ਧਰਨੇ ਲਗਾ ਰਹੇ ਹਾਂ, ਲੇਕਿਨ ਬੀਤੇ ਦੱਸ ਸਾਲਾ ਦੌਰਾਨ ਇਸ ਸਰਕਾਰ ਨੇ ਕੁਝ ਨਹੀਂ ਕੀਤਾ ਹੈ।
ਚੰਨੀ ਨੇ ਸਰਕਾਰ ਨੂੰ ਚੇਤਵਾਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੀਆਂ ਸੜਕਾਂ ਨੂੰ ਰਿਪੇਅਰ ਕਰਨ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ, ਨਹੀਂ ਤਾਂ, ਆਉਂਦਿਆਂ ਦਿਨਾਂ 'ਚ ਉਹ ਸਰਕਾਰ ਖਿਲਾਫ ਵੱਡੇ ਪੱਧਰ 'ਤੇ ਅੰਦੋਲਨ ਛੇੜਨਗੇ। ਚੰਨੀ ਨੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਸੂਬੇ 'ਚ ਕਾਂਗਰਸ ਦੀ ਸਰਕਾਰ ਬਣਾਉਂਦਿਆਂ ਪੰਥਕ ਪਾਰਟੀ ਅਗਵਾਉਣ ਵਾਲੇ ਅਕਾਲੀ ਦਲ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਕਾਂਗਰਸ ਸਰਕਾਰ ਹਲਕੇ ਦਾ ਸਰਬਵੱਖੀ ਵਿਕਾਸ ਪੁਖਤਾ ਕਰੇਗੀ।