ਹੁਸ਼ਿਆਰਪੁਰ, 4 ਅਕਤੂਬਰ, 2016 : ਹੁਸ਼ਿਆਰਪੁਰ ਸਮੇਤ ਪੂਰੇ ਪੰਜਾਬ ਵਿੱਚ 'ਪੰਮੀ ਅੰਟੀ' ਦੀ ਬੇਹੱਦ ਚਰਚਾ ਹੋ ਰਹੀ ਹੈ। ਇਹ ਚਰਚਾ ਹੋਵੇ ਵੀ ਕਿਉਂ ਨਾ, ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਦਾ ਉਪਰਾਲਾ ਜੋ ਨਿਵੇਕਲਾ ਕੀਤਾ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੇ ਉਦਮ ਸਦਕਾ ਇਕ ਅਜਿਹਾ ਵੀਡੀਓ ਕਲਿੱਪ ਜਾਰੀ ਕੀਤਾ ਗਿਆ ਹੈ, ਜਿਸ ਵਿੱਚ 'ਪੰਮੀ ਅੰਟੀ' ਵਲੋਂ ਨੌਜਵਾਨਾਂ ਨੂੰ ਵੋਟ ਬਣਵਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। ਇਹ ਵੀਡੀਓ ਕਲਿੱਪ ਜਦੋਂ ਹੀ ਜਾਰੀ ਕੀਤਾ ਗਿਆ, ਤਾਂ ਹੁਸ਼ਿਆਰਪੁਰ ਜਿਲ੍ਹੇ ਸਮੇਤ ਪੂਰੇ ਪੰਜਾਬ ਵਿੱਚ ਇਹ ਕਲਿੱਪ ਵਾਇਰਲ ਹੋ ਗਿਆ, ਜਿਥੇ ਇਸ ਕਲਿੱਪ ਸਬੰਧੀ ਨੌਜਵਾਨਾਂ ਨੂੰ ਜਾਗਰੂਕਤਾ ਪ੍ਰਦਾਨ ਹੋ ਰਹੀ ਹੈ, ਉਥੇ ਡਿਪਟੀ ਕਮਿਸ਼ਨਰ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ।
ਇਕ ਮਿੰਟ ਦੋ ਸੈਕੰਡ ਦੀ ਵੀਡੀਓ ਵਿੱਚ 'ਪੰਮੀ ਅੰਟੀ' ਨੂੰ ਸ਼ਾਰਦਾ ਭੈਣਜੀ ਦਾ ਹੁਸ਼ਿਆਰਪੁਰ ਤੋਂ ਫੋਨ ਆਉਂਦਾ ਹੈ, ਜਿਸ 'ਤੇ 'ਪੰਮੀ ਅੰਟੀ' ਉਤਸੁਕਤਾ ਨਾਲ ਕਹਿੰਦੀ ਹੈ ਕਿ ਬਰਥ ਡੇ, ਬਬਲੀ ਦਾ ਬਰਥ ਡੇ ਹੈ....ਕਿੰਨੇ ਸਾਲ ਦੀ ਹੋ ਗਈ... 18 ਸਾਲ ਦੀ ? ਕੀ ਗਿਫ਼ਟ ਕਰ ਰਹੇ ਹੋ? ਸੂਟ? ਹਰ ਵਾਰ ਸੂਟ ਬਣਵਾਉਂਦੇ ਹੋ... ਭੈਣਜੀ ਇਸ ਵਾਰ ਵੋਟਰ ਕਾਰਡ ਬਣਵਾਓ... ਬੂਥ ਲੈਵਲ ਆਫਿਸਰ ਕੋਲ ਜਾਓ। ਜੇ ਨਹੀਂ ਜਾ ਸਕਦੇ, ਤਾਂ www.nvsp.in 'ਤੇ ਆਨ ਲਾਈਨ ਅਪਲਾਈ ਕਰੋ, 7 ਅਕਤੂਬਰ ਤੋਂ ਪਹਿਲਾਂ.... ਹੁਸ਼ਿਆਰਪੁਰ ਡੀ.ਸੀ. ਨੇ ਇਨੀਸ਼ਇਏਟਵ ਲਿਆ ਹੈ... ਸੂਟ ਤਾਂ ਫ਼ਿਰ ਬਣਦੇ ਰਹਿਣਗੇ.. ਵੋਟਰ ਆਈ ਕਾਰਡ ਬਣਵਾਓ...ਨਾਲ ਹੀ ਭੈਣਜੀ ਉਸ ਦੀਆਂ ਫਰੈਂਡਸ ਨੂੰ ਵੀ ਵੋਟ ਆਈ ਕਾਰਡ ਬਣਾਉਣ ਲਈ ਕਹੋ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਸਵੀਪ ਪ੍ਰੋਜੈਕਟ ਤਹਿਤ ਨੌਜਵਾਨਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਪ੍ਰੇਰਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਕਤ ਵੀਡੀਓ ਕਲਿੱਪ ਵੀ ਅਜਿਹਾ ਹੀ ਇਕ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਵੀਡੀਓ ਕਲਿੱਪ ਨੂੰ ਸੋਸ਼ਲ ਮੀਡੀਆ ਅਤੇ ਕੇਬਲ ਟੀ.ਵੀ. ਜ਼ਰੀਏ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਤਾਂ ਜੋ ਉਹ ਵੋਟ ਬਣਾਉਣ ਨੂੰ ਤਰਜ਼ੀਹ ਦੇਣ। ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ 18 ਸਾਲ ਜਾਂ ਵੱਧ ਦੀ ਉਮਰ ਦੇ ਨੌਜਵਾਨ 7 ਅਕਤੂਬਰ ਤੋਂ ਪਹਿਲਾਂ ਆਪਣੇ ਇਲਾਕੇ ਦੇ ਬੂਥ ਲੈਵਲ ਅਫਸਰ ਕੋਲ ਵੋਟ ਬਣਾਉਣ ਲਈ ਪਹੁੰਚ ਕਰਨ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮਜ਼ 'ਤੇ ਵੀ ਵੋਟ ਬਣਾਉਣ ਸਬੰਧੀ ਮੈਸਜ਼ ਦਿੱਤਾ ਜਾ ਰਿਹਾ ਹੈ, ਜੋ ਪੈਸੇ ਕਢਵਾਉਣ ਤੋਂ ਪਹਿਲਾਂ ਸਕਰੀਨ 'ਤੇ ਪੜ੍ਹਿਆ ਜਾ ਸਕਦਾ ਹੈ।