ਲੰਬੀ, 23 ਅਕਤੂਬਰ, 2016 : ਸੋਲਰ ਲਾਈਟਾਂ ਲਾਉਣ ਦੇ ਮੁੱਦੇ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਦੇ ਪਿੰਡ ਮਾਹਣੀਖੇੜਾ ਵਿੱਚ ਅਕਾਲੀ ਸਮਰਥਕ ਆਪਸ ਵਿੱਚ ਹੀ ਭਿੜ ਗਏ। ਤਕਰਾਰ ਇਸ ਕਦਰ ਹੋਇਆ ਕਿ ਦੋਵਾਂ ਧੜਿਆਂ ਵਿੱਚ ਗੋਲੀ ਵੀ ਚੱਲੀ ਜਿਸ ਕਾਰਨ ਪੰਜ ਵਿਅਕਤੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵਿੱਚ ਸੋਲਰ ਲਾਈਟਾਂ ਲੱਗ ਰਹੀਆਂ ਸਨ। ਇਸ ਦੌਰਾਨ ਕੁਲਵਿੰਦਰ ਸਿੰਘ ਪੂਨੀਆ ਅਤੇ ਹੋਰ ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਪੰਚਾਇਤ ਪੱਖਪਾਤ ਵਾਲਾ ਰਵੱਈਆ ਅਖ਼ਤਿਆਰ ਕਰ ਕੇ ਆਪਣੇ ਚਹੇਤਿਆਂ ਦੇ ਘਰਾਂ ਦੇ ਅੱਗੇ ਲਾਈਟਾਂ ਲਵਾ ਰਹੀ ਹੈ। ਇਸ ਸਬੰਧੀ ਵਿਵਾਦ ਭਖਣ ’ਤੇ ਅਕਾਲੀ ਸਰਪੰਚ ਗੁਰ ਅੰਮ੍ਰਿਤ ਸਿੰਘ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪੁੱਜ ਗਿਆ ਜਿੱਥੇ ਦੋਵੇਂ ਧਿਰਾਂ ਵਿੱਚ ਪਹਿਲਾਂ ਬਹਿਸ ਹੋਈ ਅਤੇ ਫਿਰ ਨੌਬਤ ਗੋਲੀਆਂ ਤੱਕ ਆ ਗਈ।
ਦੂਜੇ ਪਾਸੇ ਪਿੰਡ ਦੇ ਸਰਪੰਚ ਦਾ ਦੋਸ਼ ਹੈ ਕਿ ਉਨ੍ਹਾਂ ਦਾ ਸਮਰਥਕ ਰਣਦੀਪ ਸਿੰਘ ਟਰੈਕਟਰ-ਟਰਾਲੀ ’ਤੇ ਸੋਲਰ ਲਾਈਟਾਂ ਦਾ ਸਾਮਾਨ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਸ਼ਾਮਖੇੜਾ ਰੋਡ ’ਤੇ ਦਰਜਨ ਤੋਂ ਵੱਧ ਵਿਅਕਤੀਆਂ ਨੇ ਟਰੈਕਟਰ ਰੋਕ ਲਿਆ ਅਤੇ ਉਸ ਨਾਲ ਝਗੜਾ ਕਰਨ ਲੱਗੇ। ਸਰਪੰਚ ਨੇ ਦੱਸਿਆ ਕਿ ਬੰਦੂਕਾਂ ਨਾਲ ਲੈਸ ਦੂਜੇ ਧੜੇ ਨੇ ਰਣਦੀਪ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ। ਹੱਥ ’ਤੇ ਗੋਲੀ ਲੱਗਣ ਕਰ ਕੇ ਰਣਦੀਪ ਜ਼ਖ਼ਮੀ ਹੋ ਗਿਆ। ਸਰਪੰਚ ਅਨੁਸਾਰ ਜਦੋਂ ਉਨ੍ਹਾਂ ਦੇ ਸਮਰਥਕ ਮੌਕੇ ਉੱਤੇ ਪਹੁੰਚ ਤਾਂ ਉਨ੍ਹਾਂ ਉੱਤੇ ਵੀ ਗੋਲੀਆਂ ਚਲਾ ਦਿੱਤੀਆਂ ਗਈਆਂ ,ਜਿਸ ਕਾਰਨ ਰਾਜਵਿੰਦਰ ਸਿੰਘ ਦੀ ਲੱਤ ਵਿੱਚ ਗੋਲੀ ਵੱਜੀ। ਗੁਰ ਅੰਮ੍ਰਿਤ ਸਿੰਘ ਨੇ ਸੋਲਰ ਲਾਈਟਾਂ ਦੇ ਕਾਰਜ ਵਿੱਚ ਵਿਤਕਰੇ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਦੂਜੀ ਧਿਰ ਦੇ ਕੁਲਵਿੰਦਰ ਸਿੰਘ ਪੂਨੀਆ ਨੇ ਦੱਸਿਆ ਕਿ ਸਰਪੰਚ ਧੜੇ ਦੇ ਰਣਦੀਪ ਸਿੰਘ ਨੇ ਕਥਿਤ ਤੌਰ ’ਤੇ ਆਪਣੇ ਰਿਵਾਲਵਰ ਨਾਲ ਫਾਇਰ ਕੀਤਾ। ਇਸ ਕਾਰਨ ਉਨ੍ਹਾਂ ਦੇ ਦੋ ਸਮਰਥਕ ਜ਼ਖਮੀ ਹੋਏ ਹਨ।