ਚੰਡੀਗੜ, 20 ਅਕਤੂਬਰ, 2016 : ਮੀਡੀਆ ’ਚ ਆਈਆਂ ਉਨਾਂ ਰਿਪੋਰਟਾਂ ਕਿ ‘ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਉਮੀਦਵਾਰ ਚੁਣਨ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਦੇ ਦਿੱਤੇ ਹਨ’, ਉੱਤੇ ਹੱਸਦਿਆਂ ਆਮ ਆਦਮੀ ਪਾਰਟੀ (ਆਪ) ਦੇ ਐਮ.ਪੀ. ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਇਹ ਗੱਲ ਕੋਈ ਨਵੀਂ ਨਹੀਂ ਹੈ, ਕਿ ਇਹ ਪਾਰਟੀ ਤਾਂ ‘ਬਾਦਲ ਐਂਡ ਸੰਨ ਪ੍ਰਾਈਵੇਟ ਲਿਮਿਟੇਡ ਕੰਪਨੀ’ ਵਾਂਗ ਹੀ ਚਲਦੀ ਹੈ।
ਮਾਨ ਨੇ ਕਿਹਾ,‘‘ਅਕਾਲੀ ਦਲ ਵਿੱਚ ਤਾਂ ਇਹ ਸਪੱਸ਼ਟ ਹੀ ਹੈ ਕਿ ਤੁਹਾਨੂੰ ਆਪਣੇ ਸਾਰੇ ਅਧਿਕਾਰ ਸੁਖਬੀਰ ਬਾਦਲ ਸਾਹਮਣੇ ਸਮਰਪਿਤ ਕਰਨੇ ਪੈਂਦੇ ਹਨ ਕਿਉਕਿ ਕਿਸੇ ਵੀ ਹੋਰ ਅਕਾਲੀ ਆਗੂ ’ਚ ਇੰਨੀ ਜੁੱਰਅਤ ਨਹੀਂ ਹੈ ਕਿ ਉਹ ਬਾਦਲਾਂ ਦੇ ਫ਼ੈਸਲੇ ’ਤੇ ਕੋਈ ਕਿੰਤੂ-ਪ੍ਰੰਤੂ ਕਰ ਸਕੇ।’’
ਮਾਨ ਨੇ ਅੱਗੇ ਕਿਹਾ ਕਿ ‘‘ਸ਼੍ਰੋਮਣੀ ਅਕਾਲੀ ਦਲ ਤਾਂ ਬਿਲਕੁਲ ਹੀ ‘ਬਾਦਲ ਐਂਡ ਸੰਨ ਪ੍ਰਾਈਵੇਟ ਲਿਮਿਟੇਡ ਕੰਪਨੀ’ ਵਾਂਗ ਚਲਾਈ ਜਾ ਰਹੀ ਹੈ, ਜਿੱਥੇ ਕਿਸੇ ਹੋਰ ਅਕਾਲੀ ਢੀਂਡਸਾ(ਢੀਂਡਸਿਆਂ), ਚੰਦੂਮਾਜਰਾ (ਚੰਦੂਮਾਜਰਿਆਂ) ਅਤੇ ਤੋਤਾ (ਤੋਤਿਆਂ) ਨੂੰ ਆਪਣਾ ਕੋਈ ਸੁਝਾਅ ਦੇਣ ਦਾ ਬਿਲਕੁਲ ਵੀ ਕੋਈ ਅਧਿਕਾਰ ਨਹੀਂ ਹੈ ਕਿ ਉਹ ਸੁਖਬੀਰ ਬਾਦਲ ਦੇ ਕਿਸੇ ਫ਼ੈਸਲੇ ਖ਼ਿਲਾਫ਼ ਆਪਣਾ ਕੋਈ ਇਤਰਾਜ਼ ਪੇਸ਼ ਕਰ ਸਕਣ।’’
ਪੰਜਾਬ ਵਿੱਚ ਸਾਰਿਆਂ ਨੂੰ ਇਹ ਗੱਲ ਚੰਗੀ ਤਰਾਂ ਪਤਾ ਹੈ ਕਿ ਸਿੱਖਾਂ ਦੀ ਸਰਬਉੱਚ ਸੰਸਥਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ (ਐਸ.ਜੀ.ਪੀ.ਸੀ.) ਦੇ ਪ੍ਰਧਾਨ ਤੱਕ ਦਾ ਨਾਂਅ ਵੀ ਇਸ ਸੰਸਥਾ ਦੇ ਆਮ ਇਜਲਾਸ ਦੌਰਾਨ ਸੁਖਬੀਰ ਬਾਦਲ ਵੱਲੋਂ ਭੇਜੇ ‘ਬੰਦ ਲਿਫ਼ਾਫ਼ੇ’ ’ਚੋਂ ਹੀ ਬਾਹਰ ਆਉਂਦਾ ਹੈ।