ਚੰਡੀਗੜ੍ਹ, 4 ਨਵੰਬਰ, 2016 : ਸ੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਦੇ ਪੰਜਾਬ ਕਾਂਗਰਸ 'ਚ ਸ਼ਾਮਿਲ ਹੋਣ ਤੋਂ ਇਕ ਦਿਨ ਬਾਅਦ ਸੱਤਾਧਾਰੀ ਪਾਰਟੀ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ, ਜਿਸਦੇ ਭੁਲੱਥ (ਕਪੂਰਥਲਾ) ਦੇ ਪ੍ਰਧਾਨ ਰਣਜੀਤ ਸਿੰਘ 'ਰਾਣਾ' ਕਰੀਬ 10 ਸਾਲਾਂ ਦੇ ਅੰਤਰਾਲ ਤੋਂ ਬਾਅਦ ਕਾਂਗਰਸ 'ਚ ਵਾਪਿਸ ਆ ਗਏ।
ਇਸ ਲੜੀ ਹੇਠ 2004 'ਚ ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲੇ ਰਾਣਾ ਨੇ ਅਪਰਾਧਿਕ ਸਿਆਸਤ ਦੇ ਬ੍ਰਾਂਡ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋਣ ਤੋਂ ਬਾਅਦ ਪਾਰਟੀ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਦਾ ਕਾਂਗਰਸ 'ਚ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸ਼ੁੱਕਰਵਾਰ ਇਥੇ ਜ਼ਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸੀਨੀਅਰ ਮੀਤ ਪ੍ਰਧਾਨ ਤੇ ਪੰਜਾਬ ਟਰੱਕ ਆਪ੍ਰੇਟਰਜ਼ ਯੂਨੀਅਨ ਦੇ ਪ੍ਰੈਸ ਸਕੱਤਰ ਰਾਣਾ ਨੇ ਮਹਿਸੂਸ ਕੀਤਾ ਹੈ ਕਿ ਮੌਜ਼ੂਦਾ ਹਾਲਾਤਾਂ 'ਚ ਕਾਂਗਰਸ ਹੀ ਸੱਤਾਧਾਰੀ ਪਾਰਟੀ ਦਾ ਇਕੋਮਾਤਰ ਵਿਕਲਪ ਹੈ।
ਰਾਣਾ ਨੇ ਕਿਹਾ ਕਿ ਅਕਾਲੀ ਦਲ ਨੇ ਕਦੇ ਖੁਸ਼ਹਾਲ ਸੂਬੇ ਰਹੇ ਪੰਜਾਬ ਨੂੰ ਪੂਰੀ ਤਰ੍ਹਾਂ ਅਰਾਜਕਤਾ, ਅਪਰਾਧੀਕਰਨ ਦੀ ਸਥਿਤੀ 'ਚ ਧਕੇਲ ਦਿੱਤਾ ਹੈ ਅਤੇ ਇਸ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸੂਬੇ ਦਾ ਆਰਥਿਕ ਪੱਧਰ ਪੂਰੀ ਤਰ੍ਹਾਂ ਨਾਲ ਡਿੱਗ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਹੀ ਸੂਬੇ ਨੂੰ ਬਰਬਾਦੀ ਤੋਂ ਬਚਾ ਸਕਦੀ ਹੈ।