ਨਵੀਂ ਦਿੱਲੀ, 28 ਨਵੰਬਰ 2020 - ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨਾਲ ਫੋਨ 'ਤੇ ਗੱਲਬਾਤ ਕੀਤੀ। ਜੋਗਿੰਦਰ ਸਿੰਘ ਉਗਰਾਹਾਂ ਨੇ ਮੀਡੀਆ ਨਾਲ ਫੋਨ ਰਾਹੀਂ ਲਾਈਵ ਗੱਲ ਕਰਦਿਆਂ ਇਹ ਬਿਆਨ ਦਿੱਤਾ।
ਉਨ੍ਹਾਂ ਕਿਹਾ ਕਿ ਭਾਜਪਾ ਲੀਡਰ ਸੁਰਜੀਤ ਕੁਮਾਰ ਜਿਆਣੀ ਦੀ ਕਾਲ ਆਈ ਕਿ ਅਮਿਤ ਸ਼ਾਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਜਿਸ ਤੋਂ ਬਾਅਦ ਅਮਿਤ ਸ਼ਾਹ ਦਾ ਖੁਦ ਉਨ੍ਹਾਂ ਨੂੰ ਫੋਨ ਆਇਆ।
ਉਗਰਾਹਾਂ ਦੀ ਜੋ ਅਮਿਤ ਸ਼ਾਹ ਨਾਲ ਗੱਲ ਹੋਈ, ਉਸਨੂੰ ਹੇਠ ਪੜ੍ਹੋ, ਜੋ ਕਿ ਜੋਗਿੰਦਰ ਸਿੰਘ ਉਗਰਾਹਾਂ ਨੇ ਖੁਦ ਮੀਡੀਆ ਚੈਨਲ ਨੂੰ ਲਾਈਵ ਹੋ ਕੇ ਫੋਨ 'ਤੇ ਦੱਸੀ।
"ਅਮਿਤ ਸ਼ਾਹ ਨੇ ਕਿਹਾ ਕਿ ਤੁਹਾਨੂੰ ਬੁਰਾੜੀ ਦਾ ਮੈਦਾਨ ਪ੍ਰਦਰਸ਼ਨ ਲਈ ਦਿੱਤਾ ਗਿਆ ਹੈ ਤੁਸੀਂ ਉਥੇ ਜਾ ਕੇ ਪ੍ਰਦਰਸ਼ਨ ਕਰ ਸਕਦੇ ਹੋ। ਤੁਹਾਡਾ ਉਥੇ ਬਾਥਰੂਮ ਵਗੈਰਾ ਆਦਿ ਦਾ ਪ੍ਰਬੰਧ ਕੀਤਾ ਹੋਇਆ ਹੈ। ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੀ ਮੰਗ ਸਿਰਫ ਜੰਤਰ ਮੰਤਰ ਹੈ। ਅਮਿਤ ਸ਼ਾਹ ਨੇ ਕਿਹਾ ਕਿ ਉਥੇ ਜਗ੍ਹਾ ਬਹੁਤ ਥੋੜ੍ਹੀ ਹੈ ਤੇ ੨-੪ ਹਜ਼ਾਰ ਲੋਕ ਹੀ ਬੈਠ ਸਕਦੇ ਨੇ। ਫੇਰ ਅਸੀਂ ਕਿਹਾ ਕਿ ਸਾਨੂੰ ਉਹੀ ਦਿਉ, ਅਸੀਂ ਉਥੇ ਹੀ ਪ੍ਰਦਰਸ਼ਨ ਕਰਨਾ। ਜੇ ਤੁਸੀਂ ਨਹੀਂ ਉਹ ਜਗ੍ਹਾ ਦੇ ਸਕਦੇ ਤੇ ਫਿਰ ਜਿੱਥੇ ਤੁਹਾਡੀ ਪੁਲਿਸ ਸਾਨੂੰ ਰੋਕੇਗੀ, ਉਥੇ ਹੀ ਡਟ ਕੇ ਬੈਠ ਜਾਵਾਂਗੇ।"