ਰਾਜਿੰਦਰ ਕੁਮਾਰ
ਦੋਹਾ ਕਤਰ ਚ ਬੈਠੇ ਪੰਜਾਬੀ ਭਾਈਚਾਰਾ ਪ੍ਰਦਰਸ਼ਨ ਕਰਦੇ ਹੋਏ
ਬੰਗਾ : 28 ਦਸੰਬਰ:- ਭਾਰਤ ਸਰਕਾਰ ਵੱਲ਼ੋਂ ਲਾਗੂ ਕੀਤੇ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਆਲ ਇੰਡੀਆ ਕਿਸਾਨ ਸਾਂਝਾ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਦੇਸ਼ਾਂ-ਵਿਦੇਸ਼ਾਂ 'ਚ ਬੈਠੇ ਪੰਜਾਬੀ ਵੀ ਕਿਸਾਨਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰ ਰਹੇ ਹਨ। ਅਮਰੀਕਾ, ਕੈਨੇਡਾ, ਇੰਗਲੈਂਡ ਮੁਲਕਾਂ ਦੇ ਨਾਲ ਨਾਲ ਅਰਬ ਮੁਲਕ ਦੋਹਾ ਕਤਰ ਵਿਚ ਵੀ ਗਏ ਪੰਜਾਬੀਆਂ ਵੱਲੋ ਵੀ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਵਾਸੀ ਪੰਜਾਬੀਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਹੁਣ ਸਿਰਫ ਕਿਸਾਨਾਂ ਦੀ ਨਹੀਂ ਰਹਿ ਗਈ ਹੁਣ ਹਰ ਵਰਗ ਦੀ ਲੜਾਈ ਬਣ ਗਈ ਹੈ। ਇਸ ਕਿਸਾਨੀ ਸ਼ੰਘਰਸ਼ ਵਿਚ ਵਿਦੇਸ਼ਾਂ ਵਿਚ ਗਏ ਪੰਜਾਬੀ ਵੀ ਸਮੂਹ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਹ ਵੀ ਕਿਸਾਨਾਂ ਦੇ ਪੁੱਤਰ ਹਨ । ਪ੍ਰਵਾਸੀ ਪੰਜਾਬੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਅਣਦੇਖਾ ਕਰਨਾ ਸਭ ਤੋਂ ਵੱਡੀ ਗਲਤੀ ਹੋਏਗੀ। ਉਨ੍ਹਾਂ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਪੰਜਾਬ, ਹਰਿਆਣਾ, ਯੂ ਪੀ ਅਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਠੰਢੀਆਂ ਰਾਤਾਂ ਕੱਟ ਰਹੇ ਹਨ, ਪਰ ਦੂਜੇ ਪਾਸੇ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਦੀ ਬਜਾਏ ਆਪਣੇ ਘਟੀਆ ਖੇਤੀ ਕਾਨੂੰਨਾਂ ਦੇ ਲਾਭ ਦੱਸਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਇਹ ਤਿੰਨੋ ਕਾਨੂੰਨ ਕਿਸੇ ਵੀ ਪੱਖੋਂ ਕਿਸਾਨਾਂ ਦੇ ਹੱਕ ’ਚ ਨਹੀਂ ਹਨ ਅਤੇ ਮੌਜੂਦਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ’ਤੇ ਕਿਸਾਨਾਂ ਨੂੰ ਆਪਣੇ ਹੀ ਖੇਤਾਂ ’ਚ ਹੀ ਗੁਲਾਮ ਬਨਾਉਣਾ ਚਾਹੁੰਦੀ ਹੈ। ਇਸ ਮੋਦੀ ਸਰਕਾਰ ਦਾ ਐਨੇ ਵੱਡੇ ਜਨ ਅੰਦੋਲਨ ਨਾਲ ਪਹਿਲੀ ਵਾਰ ਵਾਹ ਪਿਆ ਹੈ ਜਿਸ ਕਾਰਨ ਇਹ ਸਰਕਾਰ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ । ਵੱਖ-ਵੱਖ ਬੁਲਾਰਿਆਂ ਨੇ ਭਾਰਤ ਸਰਕਾਰ ਦੇ ਕਿਸਾਨਾਂ ਤੇ ਥੋਪੇ ਇਨ੍ਹਾਂ ਕਾਨੂੰਨਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਰੱਦ ਕਰਨ ਦੀ ਮੰਗ ਕੀਤੀ । ਇਸ ਮੌਕੇ ਉਹਨਾਂ ਨੇ ਹੱਥਾਂ ਵਿਚ ਕਿਸਾਨਾਂ ਦੀ ਹਮਦਰਦੀ ਵਾਲੇ ਬੋਰਡ ਫੜਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪੰਜਾਬ ਦੀ ਕਿਸਾਨੀ ਲਹਿਰ ਦੇ ਇਤਿਹਾਸਕ ਪਿਛੋਕੜ ਬਾਰੇ ਵੀ ਚਰਚਾ ਕੀਤੀ ਗਈ । ਇਸ ਪ੍ਰਦਰਸ਼ਨ ਮੌਕੇ ਪ੍ਰੀਤਪਾਲ ਸਿੰਘ ਸੰਧੂ, ਜਸਵੀਰ ਸਿੰਘ, ਫਤਿਹ ਸਿੰਘ, ਅਰਸ਼ਦ ਮੁੰਹਮਦ, ਦਲਵਿੰਦਰ ਸਿੰਘ, ਬਲਵਿੰਦਰ ਸਿੰਘ ਹਰਿਆਣਾ, ਗਿੱਲ਼ ਸਾਬ, ਗੁਰਮੀਤ ਸਿੰਘ, ਕੁਲਦੀਪ ਸਿੰਘ, ਸੇਵਾ ਸਿੰਘ, ਹਰਦਿਆਲ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।