ਫਾਈਲ ਫੋਟੋ I
ਚੰਡੀਗੜ੍ਹ, 3 ਨਵੰਬਰ, 2016 : ਕਾਂਗਰਸ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਤੇ ਪਹਿਲਾਂ ਤੋਂ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਚੱਲ ਰਹੇ ਹਨ ਅਤੇ ਹੁਣ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਦਾ ਵੀ ਨਾਂਅ ਸਾਹਮਣੇ ਆਇਆ ਹੈ। ਚੋਣ ਪ੍ਰਚਾਰ ਕਮੇਟੀ ਦੇ ਮੁਖੀ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸੀਬੀਆਈ ਵੱਲੋਂ ਕੀਤੀ ਗਈ ਛਾਣਬੀਣ ਤੋਂ ਇਹ ਖੁਲਾਸਾ ਹੋਇਆ ਹੈ ਕਿ ਵੀਐਮਐਸ ਕਾਲਜ ਜੋ ਕਿ ਅਸ਼ਵਨੀ ਸੇਖੜੀ ਦਾ ਹੈ, ਇਸ ਕਾਲਜ ਦੀ ਮੈਨੇਜਮੈਂਟ ਵੱਲੋਂ ਦਲਿਤ ਵਿਦਿਆਰਥੀਆਂ ਲਈ ਜਾਰੀ ਵਜੀਫਾ ਰਾਸ਼ੀ ਨੂੰ ਹੜਪ ਲਿਆ ਗਿਆ ਹੈ।
ਮਾਨ ਨੇ ਕਿਹਾ ਕਿ ਦਲਿਤ ਭਾਈਚਾਰੇ ਨਾਲ ਹੋਈ ਇਸ ਧਾਂਦਲੀ ਵਿੱਚ ਸੇਖੜੀ ਆਪਣਾ ਸਪਸ਼ਟੀਕਰਨ ਦੇਣ।
ਇੱਥੇ ਇਹ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਲਈ ਜਾਰੀ ਵਜੀਫਾ ਰਾਸ਼ੀ ਦੀ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਨਿਜੀ ਕਾਲਜ ਪ੍ਰਬੰਧਕਾਂ ਨਾਲ ਮਿਲ ਕੇ ਦੁਰਵਰਤੋਂ ਕਰਨ ਬਾਰੇ ਵਿਜਿਲੈਂਸ ਬਿਓਰੋ ਨੇ ਜਾਂਚ ਕਰ ਰਹੀ ਹੈ। ਵਿਜੀਲੈਂਸ ਬਿਓਰੇ ਨੂੰ ਮਿਲੀ ਇੱਕ ਗੁਪਤ ਸ਼ਿਕਾਇਤ ਉਤੇ ਵੀਐਮਐਸ ਕਾਲਜ ਦੇ ਖਿਲਾਫ ਸੀਬੀਆਈ ਨੇ ਕਾਰਵਾਈ ਕੀਤੀ। ਸੀਬੀਆਈ ਨੇ ਜਾਂਚ ਵਿੱਚ ਪਾਇਆ ਕਿ ਕਾਲਜ ਮੈਨੇਜਮੈਂਨ ਨੇ ਤਕਨੀਕੀ ਸਿੱਖਿਆ ਵਿਭਾਗ ਨਾਲ ਮਿਲ ਕੇ ਦਲਿਤ ਵਿਦਿਆਰਥੀਆਂ ਲਈ ਆਈ ਵਜੀਫਾ ਰਾਸ਼ੀ ਹੜਪ ਲਈ, ਜਦਕਿ ਦਲਿਤ ਵਿਦਿਆਰਥੀ ਹਾਲੇ ਵੀ ਕਾਲਜ ਦੀਆਂ ਫੀਸਾਂ ਭਰ ਰਹੇ ਸਨ।
ਇਹ ਕਾਲਜ ਬਟਾਲਾ ਤੋਂ ਵਿਧਾਇਕ ਅਸ਼ਵਨੀ ਸੇਖੜੀ ਦਾ ਹੈ ਅਤੇ ਉਨਾਂ ਦੇ ਪਿਤਾ ਵਿਸ਼ਵਾਮਿੱਤਰ ਸੇਖੜੀ ਤੋਂ ਉਨਾਂ ਦੇ ਨਾਂਅ ਹੋਇਆ ਹੈ। ਸੇਖੜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਹਨ ਅਤੇ ਨਲ ਹੀ ਪਾਰਟੀ ਮਾਮਲਿਆਂ ਬਾਰੇ ਗੁਜਰਾਤ ਦੇ ਇੰਚਾਰਜ ਹਨ।
ਮਾਨ ਨੇ ਕਿਹਾ ਕਿ ਸੇਖੜੀ ਆਪਣੇ ਸਿਆਸੀ ਆਕਾ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀਆਂ ਪੈੜਾਂ ਉਤੇ ਚੱਲ ਰਹੇ ਹਨ, ਜਿਨਾਂ ਉਤੇ ਲੁਧਿਆਣਾ ਸਿਟੀ ਸਕੈਮ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਘੋਟਾਲੇ ਜਿਹੇ ਆਰੋਪ ਲੱਗੇ ਹੋਏ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਉਤੇ ਵੀ ਵਿਦੇਸ਼ੀ ਬੈਂਕਾਂ ਵਿੱਚ ਕਾਲਾ ਧਨ ਜਮਾ ਕਰਨ ਦੇ ਦੋਸ਼ ਹਨ। ਉਨਾਂ ਕਿਹਾ ਕਿ ਇਸ ਬਾਰੇ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਦੋ ਵਾਰੀ ਤਲਬ ਵੀ ਕੀਤਾ ਗਿਆ ਹੈ।