ਕੁਲਵਿੰਦਰ ਸਿੰਘ
ਅੰਮ੍ਰਿਤਸਰ, 12 ਜਨਵਰੀ 2021 - ਆਮ ਆਦਮੀ ਪਾਰਟੀ ਦੇ ਪੰਜਾਬ ਜੋਇੰਟ ਸੇਕ੍ਰੇਟਰੀ ਅਸ਼ੋਕ ਕੁਮਾਰ,ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਸ.ਪਰਮਿੰਦਰ ਸਿੰਘ ਸੇਠੀ,ਅੰਮ੍ਰਿਤਸਰ ਦਿਹਾਤੀ ਸਹ ਪ੍ਰਧਾਨ ਮੈਡਮ ਸੀਮਾ ਸੋਢੀ,ਜਿਲ੍ਹਾ ਸਕੱਤਰ ਸ.ਇਕਬਾਲ ਸਿੰਘ ਭੁੱਲਰ ਸਹ-ਪ੍ਰਧਾਨ ਕਿਸਾਨ ਵਿੰਗ ਪੰਜਾਬ ਸ.ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ 13 ਜਨਵਰੀ ਨੂੰ ਲੋਹੜੀ ਦੀ ਸ਼ਾਮ ਇਸ ਵਾਰ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸਾਡਾ ਅੰਨਦਾਤਾ ਆਪਣੀ ਹੋਂਦ ਬਚਾਉਣ ਨੂੰ ਲੈ ਕੇ ਕੇਂਦਰ ਦੇ ਖੇਤੀ ਬਾਰੇ ਕਾਲੇ ਕਾਨੂੰਨਾਂ ਖਿਲਾਫ ਕੜਾਕੇ ਦੀ ਠੰਢ ਵਿੱਚ ਦਿੱਲੀ ਦੇ ਬਰਾਡਰ ਉੱਤੇ ਦਿਨ ਰਾਤ ਅੰਦੋਲਨ ਕਰ ਰਿਹਾ ਹੈ।
ਇਸ ਅੰਦੋਲਨ ਵਿਚ ਡੱਟੇ ਹੋਏ 60 ਦੇ ਕਰੀਬ ਕਿਸਾਨ ਭਰਾ ਸ਼ਹੀਦੀਆਂ ਪਾ ਗਏ ਹਨ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਦਿੱਲੀ ਦੀ ਸਰਹੱਦ ਉੱਤੋਂ ਰੋਜ਼ਾਨਾਂ ਸ਼ਹੀਦਾਂ ਦੀਆਂ ਲਾਸ਼ਾਂ ਆ ਰਹੀਆਂ ਹਨ। ਇਕ ਪਾਸੇ ਪੰਜਾਬ ਦੇ ਕਿਸਾਨ ਦਾ ਪੁੱਤ ਦੇਸ਼ ਦੀ ਸਰਹੱਦ ਉੱਤੇ ਦੁਸ਼ਮਣ ਦੇਸ਼ਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਰਿਹਾ ਹੈ, ਦੂਜੇ ਪਾਸੇ ਸਾਡੇ ਹੀ ਦੇਸ਼ ਦੇ ਹਾਕਮ ਖਿਲਾਫ ਲੋਕਤੰਤਰਿਕ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਸ਼ਹੀਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦਾ ਹਾਕਮ ਅੰਨਾ, ਬੋਲਾ ਅਤੇ ਗੂੰਗਾ ਹੋ ਚੁੱਕਿਆ ਹੈ ਜੋ ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਮੁੱਠੀਭਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਿਹਾ ਹੈ।
ਪਰਮਿੰਦਰ ਸਿੰਘ ਸੇਠੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਪੰਜਾਬ ਦੇ ਹਰ ਪਿੰਡ, ਸ਼ਹਿਰ, ਮੁਹੱਲੇ, ਗਲੀ ਵਿੱਚ ਲੋਹੜੀ ਦੀ ਸਾਮ ਨੂੰ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣਗੇ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਦਿਲਦਰ ਰੂਪੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
ਉਨ੍ਹਾਂ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਇਸ ਵਾਰ ਲੋਹੜੀ ਵਾਲੇ ਦਿਨ ਵੀ ਆਪਣਾ ਤਿਉਹਾਰ ਮੰਨਾਉਂਦੇ ਹੋਏ ਕਿਸਾਨ ਅੰਦੋਲਨ ਦਾ ਹਿੱਸਾ ਬਣਨ। ਇਸ ਵਾਰ ਲੋਹੜੀ ਦੀ ਅੱਗ ਵਿੱਚ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਸਾਡੇ ਕਿਸਾਨ ਭੈਣ-ਭਰਾ, ਬਜ਼ੁਰਗ ਖੁੱਲ੍ਹੇ ਅਸਮਾਨ ਹੇਠ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਖਿਲਾਫ ਸੰਘਰਸ਼ ਵਿੱਚ ਡੱਟੇ ਹੋਇਆ ਨੂੰ ਡੇਢ ਮਹੀਨਾ ਹੋ ਚੁੱਕਿਆ ਹੈ। ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ ਦੇ ਆਗੂ ਕਿਸਾਨਾਂ ਖਿਲਾਫ ਝੂਠੀ ਬਿਆਨਬਾਜ਼ੀ, ਦੂਸ਼ਣਬਾਜੀ ਕਰਕੇ ਮਾਨਸਿਕ ਪੀੜਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਮੋਦੀ ਸਰਕਾਰ ਸਾਰੇ ਦੇਸ਼ ਦਾ ਪੇਟ ਭਰਨ ਵਾਲੇ ਅੰਨਦਾਤਾ ਦੀ ਗੱਲ ਸੁਣਦੀ ਹੋਈ ਤੁਰੰਤ ਕਾਲੇ ਕਾਨੂੰਨਾਂ ਨੂੰ ਵਾਪਸ ਲੈਂਦੀ, ਪ੍ਰੰਤੂ ਅੰਬਾਨੀ-ਅੰਡਾਨੀ ਦੇ ਵਿਚੋਲੇ ਵਜੋਂ ਭੂਮਿਕਾ ਨਿਭਾਉਂਦੇ ਹੋਏ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੱਕੜਬਾਜ਼ ਪ੍ਰਧਾਨ ਮੰਤਰੀ ਤੁਰੰਤ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਤੋਂ ਤੁਰੰਤ ਮੁਆਫੀ ਮੰਗਣ।
ਮੈਡਮ ਸੀਮਾ ਸੋਢੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਡੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ, ਇਹ ਬਹੁਤ ਹੀ ਨਾਜ਼ੁਕ ਸਮਾਂ ਹੈ ਕਿ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਮੋਦੀ ਸਰਕਾਰ ਵੀ ਲੋਕਾਂ ਦੀ ਆਵਾਜ਼ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਸੰਵਿਧਾਨ ਰਾਹੀਂ ਮਿਲੇ ਹੋਏ ਰੋਸ ਪ੍ਰਦਰਸ਼ਨ ਕਰਨ ਦੇ ਹੱਕਾਂ ਨੂੰ ਵੀ ਖੋਹਿਆ ਜਾ ਰਿਹਾ ਹੈ।