ਅੰਮ੍ਰਿਤਸਰ, 20 ਅਕਤੂਬਰ, 2016 : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਦੇ ਨਿਸ਼ਾਨੇ ਅਤੇ ਪੰਥਕ ਹਿੱਤਾਂ ਦੀ ਮਜ਼ਬੂਤੀ ਲਈ ਇੱਕ ਮਹੱਤਵਪੂਰਨ ਫੈਸਲਾ ਕਰਦਿਆਂ ਦਲ ਖ਼ਾਲਸਾ ਨਾਲ ਚੱਲਣ ਦਾ ਸਿਧਾਂਤਕ ਫੈਸਲਾ ਲਿਆ । ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦਸਿਆ ਕਿ ਏਕਤਾ ਦੇ ਐਲਾਨ ਤੋਂ ਪਹਿਲਾਂ ਦੋਨਾਂ ਜਥੇਬੰਦੀਆਂ ਦੇ ਆਗੂਆਂ ਨੇ ਅਕਾਲ ਤਖਤ ਸਾਹਿਬ ਅਤੇ ਜੂਨ 84 ਦੇ ਸ਼ਹੀਦਾਂ ਦੇ ਸਥਾਨ ਵਿਖੇ ਅਰਦਾਸ ਕੀਤੀ, ਇਕਰਾਰਨਾਮੇ ਤੇ ਦਸਤਖਤ ਕੀਤੇ ਅਤੇ ਗੁਰੂ ਸਾਹਿਬਾਨ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਦਲ ਖਾਲਸਾ ਦੇ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਇਸ ਫੈਸਲੇ ਦਾ ਸਿਹਰਾ ਦਲ ਖਾਲਸਾ ਦੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਅਤੇ ਮੁੱਖ ਸਲਾਹਕਾਰ ਭਾਈ ਦਲਜੀਤ ਸਿੰਘ ਖ਼ਾਲਸਾ ਨੂੰ ਜਾਂਦਾ ਹੈ ਜਿਨਾਂ ਦੀ ਪ੍ਰਰੇਣਾ ਸਦਕਾ ਇਹ ਏਕਤਾ ਨੇਪਰੇ ਚੜੀ ਹੈ। ਉਹਨਾਂ ਕਿਹਾ ਕਿ ਇਹ ਫੈਸਲਾ ਵੀ ਕੀਤਾ ਗਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕਮਾਂਡ ਨਿਰੋਲ ਵਿਦਿਆਰਥੀਆਂ ਦੇ ਹੱਥਾਂ ਵਿੱਚ ਮੁੜ ਸੌਂਪੀ ਜਾਵੇਗੀ ਅਤੇ ਇਸ ਦਾ ਨਵਾਂ ਜਥੇਬੰਦਕ ਢਾਂਚਾ 14 ਮਾਰਚ 2017 ਨੂੰ ਹੋਂਦ ਵਿੱਚ ਲਿਆਂਦਾ ਜਾਵੇਗਾ ਅਤੇ ਡੈਲੀਗੇਟ ਇਜਲਾਸ ਵਿੱਚ ਨਵੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਨਵਾਂ ਢਾਂਚਾ ਹੋਂਦ ਵਿੱਚ ਆਉਣ ਤੱਕ ਉਹ (ਪੀਰਮੁਹੰਮਦ) ਫੈਡਰੇਸ਼ਨ ਦੇ ਕਾਰਜਕਾਰੀ ਮੁੱਖੀ ਵਜੋਂ ਹੀ ਸੇਵਾ ਨਿਭਾਉਣਗੇ ਅਤੇ 14 ਮਾਰਚ ਨੂੰ ਫੈਡਰੇਸ਼ਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਉਪਰੰਤ ਉਹ ਦਲ ਖ਼ਾਲਸਾ ਵਿੱਚ ਸ਼ਾਮਿਲ ਹੋਕੇ ਪੰਥਕ ਸੇਵਾ ਜਾਰੀ ਰੱਖਣਗੇ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਜੋ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ ਨੇ ਦਸਿਆ ਕਿ ਸਿੱਖ ਕੌਮ ਦੀ ਨਿਆਰੀ ਹੋਂਦ-ਹਸਤੀ ਨੂੰ ਕਾਇਮ ਰੱਖਣ, ਸ਼ਬਦ-ਗੁਰੂ ਦੇ ਸਿਧਾਂਤ ਨੂੰ ਦ੍ਰਿੜ ਕਰਵਾਉਣ ਅਤੇ ਪੰਜਾਬ ਦੀ ਪ੍ਰਭੂਸੱਤਾ ਅਤੇ ਆਜ਼ਾਦੀ (ਖ਼ਾਲਿਸਤਾਨ) ਲਈ ਚੱਲ ਰਹੇ ਸੰਘਰਸ਼ ਨੂੰ ਦ੍ਰਿੜਤਾ ਅਤੇ ਸੁਹਿਰਦਤਾ ਨਾਲ ਜਾਰੀ ਰਖਿਆ ਜਾਵੇਗਾ ਅਤੇ ਭਾਰਤੀ ਸਿਸਟਮ ਅਧੀਨ ਹੋਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਵੀ ਕੀਤਾ ਗਿਆ ਹੈ। ਉਹਨਾਂ ਆਗੂਆਂ ਨੇ ਕਿਹਾ ਕਿ ਸਿੱਖੀ ਸਿਧਾਂਤ ਦੀ ਪਹਿਰੇਦਾਰੀ ਅਤੇ ਖਾਲਿਸਤਾਨ ਸੰਘਰਸ਼ ਲਈ ਸ਼ਹੀਦ ਹੋਣ ਵਾਲੇ ਸਮੂੰਹ ਸਿੰਘਾਂ-ਸਿੰਘਣੀਆਂ ਅਤੇ ਨਜ਼ਰਬੰਦ ਜੁਝਾਰੂ ਯੋਧਿਆਂ ਦੇ ਅਧੂਰੇ ਕਾਰਜਾਂ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਰਹਾਂਗੇ।
ਇਸ ਮੌਕੇ ਫੈਡਰੇਸ਼ਨ ਆਗੂ ਡਾ ਕਾਰਜ ਸਿੰਘ ਧਰਮ ਸਿੰਘ ਵਾਲਾ, ਗੁਰਮੱਖ ਸਿੰਘ ਸੰਧੂ, ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ, ਗੁਰਦੀਪ ਸਿੰਘ, ਦਲ ਖਾਲਸਾ ਦੇ ਰਣਬੀਰ ਸਿੰਘ, ਕੁਲਦੀਪ ਸਿੰਘ, ਨੋਬਲਜੀਤ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ, ਗੁਰਨਾਮ ਸਿੰਘ, ਹਰਜੋਤ ਸਿੰਘ ਅਤੇ ਗਗਨਦੀਪ ਸਿੰਘ ਆਦਿ ਹਾਜ਼ਿਰ ਸਨ।