ਚੰਡੀਗੜ੍ਹ, 7 ਨਵੰਬਰ, 2016 : ਆਮ ਆਦਮੀ ਪਾਰਟੀ (ਆਪ) ਨੇ ਬਾਦਲ ਸਰਕਾਰ ਉਤੇ ਦੋਸ਼ ਲਗਾਇਆ ਹੈ ਕਿ ਸੁਤੰਤਰਤਾ ਸੈਨਾਨੀਆਂ ਅਤੇ ਉਨਾਂ ਦੇ ਪਰਿਵਾਰਾਂ ਦੇ ਨਾਂਅ ਉਤੇ ਅਕਾਲੀ-ਭਾਜਪਾ ਗਠਜੋੜ ਵੱਲੋਂ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ਜੰਗ-ਏ-ਆਜਾਦੀ ਯਾਦਗਾਰ ਦੇ ਸਮਾਰੋਹ ਵਿੱਚ ਸੁਤੰਤਰਤਾ ਸੈਨਾਨੀਆਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਸੱਦ ਦਿੱਤਾ ਗਿਆ, ਮੁੱਖ ਮੰਤਰੀ ਬਾਦਲ ਸਿਰਫ ਉਨਾਂ ਨੂੰ ਭਾਸ਼ਣ ਦਿੰਦੇ ਰਹੇ, ਜਦਕਿ ਉਨਾਂ ਲਈ ਕੋਈ ਵੀ ਐਲਾਨ ਨਾ ਹੋਣਾ ਇਹ ਦਰਸਾਉਂਦਾ ਹੈ ਕਿ ਬਾਦਲਾਂ ਨੂੰ ਅਜਾਦੀ ਘੁਲਾਟੀਆਂ ਨਾਲ ਕੋਈ ਸਾਰੋਕਾਰ ਨਹੀਂ, ਬਲਕਿ ਉਨਾਂ ਦੀ ਆੜ ਹੇਠ ਵੋਟਾਂ ਬਟੋਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।
ਵੜੈਚ ਨੇ ਕਿਹਾ ਕਿ ਜਦੋਂ ਸਰਕਾਰ ਦੀ ਬੇਰੁਖੀ ਦੇ ਖਿਲਾਫ ਸੁਤੰਤਰਤਾ ਸੈਨਾਨੀਆਂ ਅਤੇ ਉਨਾਂ ਦੇ ਪਰਿਵਾਰ ਵਾਲਿਆਂ ਨੇ ਧਰਨਾ ਲਗਾਇਆ ਤਾਂ ਮੁੱਖ ਮੰਤਰੀ ਬਾਦਲ ਦਾ ਇਹ ਫਰਜ ਬਣਦਾ ਸੀ ਕਿ ਉਨਾਂ ਦੀਆਂ ਮੁਸ਼ਕਿਲਾਂ ਸੁਣਦੇ। ਉਨਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਤਾਂ ਕੀ, ਉਨਾਂ ਦਾ ਕੋਈ ਵਜੀਰ ਜਾਂ ਹੋਰ ਅਕਾਲੀ ਆਗੂ ਵੀ ਪ੍ਰਦਰਸ਼ਨਕਾਰੀਆਂ ਨੂੰ ਧਰਵਾਸਾ ਦੇਣ ਨਹੀਂ ਪਹੁੰਚਿਆ, ਜਿਸ ਤੋਂ ਬਾਦਲਾਂ ਦੀ ਮਾਨਸਿਕਤਾ ਉਭਰ ਕੇ ਲੋਕਾਂ ਸਾਹਮਣੇ ਆ ਗਈ ਹੈ ਕਿ ਉਹ ਸਿਰਫ ਲੋਕਾਂ ਨੂੰ ਸਬਜਬਾਗ ਵਿਖਾਉਣ ਵਾਲੇ ਭਾਸ਼ਣ ਦਿੰਦੇ ਹਨ ਅਤੇ ਜਦੋਂ ਉਨਾਂ ਵੱਲੋਂ ਕੀਤੇ ਵਾਅਦਿਆਂ ਨੂੰ ਲੋਕ ਯਾਦ ਕਰਵਾਉਂਦੇ ਹਨ, ਤਾਂ ਉਨਾਂ ਕੋਲ ਮੂੰਹ ਛੁਪਾ ਕੇ ਭੱਜਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੁੰਦਾ। ਵੜੈਚ ਨੇ ਕਿਹਾ ਕਿ ਯਾਦਗਾਰ ਉਤੇ ਤਾਂ 200 ਕਰੋੜ ਰੁਪਇਆ ਖਰਚ ਦਿੱਤਾ ਗਿਆ, ਪਰ ਜਿਨਾਂ ਲਈ ਇਹ ਯਾਦਗਾਰ ਬਣਾਈ ਗਈ ਹੈ, ਉਨਾਂ ਨੂੰ ਦਿੱਤੇ ਮੰਗਾਂ ਦੇ ਭਰੋਸੇ ਤੋਂ ਸਰਕਾਰ ਹੁਣ ਭੱਜ ਰਹੀ ਹੈ। ਇਨਾਂ ਵਿੱਚ ਮੁਫਤ ਬੱਸ ਪਾਸ ਅਤੇ ਟੋਲ ਟੈਕਸ ਮੁਆਫੀ ਤੋਂ ਇਲਾਵਾ 45 ਸਾਲ ਪੁਰਾਣੀ ਸੁਤੰਤਰਤਾ ਸੈਨਾਨੀ ਪੈਨਸ਼ਨ ਨੀਤੀ ਨੂੰ ਬਦਲਣ ਦੀ ਮੰਗ ਸ਼ਾਮਿਲ ਸੀ। ਵੜੈਚ ਨੇ ਕਿਹਾ ਕਿ ਇਸਤੋਂ ਮੰਦਭਾਗਾ ਹੋਰ ਕੀ ਹੋ ਸਕਦਾ ਹੈ ਕਿ ਸੁਤੰਤਰਤਾ ਸੈਨਾਨੀਆਂ ਲਈ 1950 ਵਿੱਚ ਕੇਂਦਰ ਵੱਲੋਂ ਚੱਪੜਚਿੜੀ ਵਿੱਚ ਅਲਾਟ ਕੀਤੀ 650 ਏਕੜ ਜਮੀਨ ਨੂੰ ਪੰਜਾਬ ਸਰਕਾਰ ਦਬਾ ਕੇ ਬੈਠੀ ਹੈ।
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸਮਾਰੋਹ ਦੌਰਾਨ ਸਟੇਜ ਉਤੇ ਹੀ ਬਾਦਲ ਖਿਲਾਫ ਨਾਅਰੇਬਜੀ ਹੋਣ ਲੱਗ ਪਈ ਅਤੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੇ ਸਨਮਾਨ ਵਿੱਚ ਮਿਲੀਆਂ ਲੋਈਆਂ ਵੀ ਸੁੱਟ ਦਿੱਤੀਆਂ, ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਲੋਕ ਹੁਣ ਬਾਦਲਾਂ ਦੀ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾਈ ਬੈਠੇ ਹਨ। ਵੜੈਚ ਨੇ ਭਰੋਸਾ ਦਿੱਤਾ ਕਿ 2017 ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸੁਤੰਤਰਤਾ ਸੈਨਾਨੀਆਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ, ਜਿਸਨੂੰ ਹੁਣ ਤੱਕ ਪਿਛਲੀਆਂ ਸਰਕਾਰਾਂ ਅੱਖੋਂ-ਪਰੋਖੇ ਕਰਦੀਆਂ ਰਹੀਆਂ ਹਨ। ਵੜੈਚ ਨੇ ਕਿਹਾ ਕਿ ਇਨਾਂ ਅਜਾਦੀ ਘੁਲਾਟੀਆਂ ਕਾਰਨ ਹੀ ਅਸੀਂ ਆਜਾਦੀ ਦੀ ਨਿੱਘ ਮਾਣ ਰਹੇ ਹਾਂ ਅਤੇ ਇਨਾਂ ਦੀ ਘਾਲਣਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।