ਚੰਡੀਗੜ੍ਹ, 7 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਐਨ.ਡੀ.ਟੀ.ਵੀ ਉਪਰ ਪ੍ਰਸਤਾਵਿਤ ਇਕ ਦਿਨ ਦੀ ਰੋਕ ਉਪਰ ਹੋਲਡ ਕੀਤੇ ਜਾਣ ਨੂੰ ਲੋਕਤਾਂਤਰਿਕ ਤਾਕਤਾਂ ਦੀ ਜਿੱਤ ਕਰਾਰ ਦਿੰਦਿਆਂ ਇਸਦਾ ਸਵਾਗਤ ਕੀਤਾ ਹੈ।
ਇਥੇ ਜ਼ਾਰੀ ਬਿਆਨ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਨੂੰ ਰੋਕ ਦੇ ਤਾਨਾਸ਼ਾਹੀ ਤੇ ਮਨਮਾਨੇ ਫੈਸਲੇ ਖਿਲਾਫ ਵੱਡੇ ਪੱਧਰ 'ਤੇ ਉੱਠ ਖੜ੍ਹੇ ਹੋਏ ਵਿਰੋਧ ਅੱਗੇ ਘੁਟਨੇ ਟੇਕਣ ਲਈ ਮਜ਼ਬੂਰ ਹੋਣਾ ਪੈ ਗਿਆ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਸੀ ਕਿ ਜੇ ਸਰਕਾਰ ਵੱਲੋਂ ਰੋਕ ਦੇ ਤਾਨਾਸ਼ਾਹੀ ਆਦੇਸ਼ ਨੂੰ ਵਾਪਿਸ ਨਾ ਲਿਆ ਗਿਆ, ਤਾਂ ਪਾਰਟੀ 9 ਨਵੰਬਰ ਨੂੰ ਰੋਕ ਖਿਲਾਫ ਦਿਨ ਭਰ ਪ੍ਰਦਰਸ਼ਨ ਕਰੇਗੀ। ਹਾਲਾਂਕਿ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਭਾਵੇਂ ਧਰਨੇ ਦਾ ਪ੍ਰੋਗਰਾਮ ਵਾਪਿਸ ਲੈ ਲਿਆ ਗਿਆ, ਲੇਕਿਨ ਜੇਕਰ ਭਵਿੱਖ 'ਚ ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ ਲੋਕਤਾਂਤਰਿਕ ਸੰਸਥਾਵਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸਨੂੰ ਇਸੇ ਤਰ੍ਹਾਂ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਅਜਿਹੇ ਅੱਤਿਆਚਾਰੀ ਕਦਮਾਂ ਨਾਲ ਅੱਗੇ ਨਹੀਂ ਵੱਧਣ ਦਿੱਤਾ ਜਾਵੇਗਾ।
ਇਸ ਪ੍ਰਸਤਾਵਿਤ ਰੋਕ ਨੂੰ ਕੈਪਟਨ ਅਮਰਿੰਦਰ ਨੇ ਪੰਜਾਬ 'ਚ ਬਾਦਲ ਸਰਕਾਰ ਵੱਲੋਂ ਮੀਡੀਆ ਨੂੰ ਦਬਾਉਣ ਲਈ ਕੀਤੇ ਜਾਂਦੇ ਅੱਤਿਆਚਾਰ ਦੇ ਬਰਾਬਰ ਕਰਾਰ ਦਿੱਤਾ ਸੀ, ਜੋ ਮੋਦੀ ਸਰਕਾਰ ਵੱਲੋਂ ਦੇਸ਼ 'ਚ ਲੋਕਤੰਤਰ ਦੀ ਅਜ਼ਾਦ ਅਵਾਜ਼ ਨੂੰ ਦਬਾਉਣ ਲਈ ਕੀਤੀ ਗਈ ਕੋਸ਼ਿਸ਼ ਸੀ।
ਕੈਪਟਨ ਅਮਰਿੰਦਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੀ ਸੱਤਾ 'ਚ ਆਉਣ 'ਤੇ ਮੀਡੀਆ ਨੂੰ ਅਜਿਹੇ ਦਬਾਆਂ 'ਚੋਂ ਕੱਢਣ ਲਈ ਤੁਰੰਤ ਕਦਮ ਚੁੱਕੇਗੀ ਅਤੇ ਸਾਰੇ ਟੀ.ਵੀ ਚੈਨਲਾਂ ਤੇ ਹੋਰਨਾਂ ਮੀਡੀਆ ਸੰਗਠਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਵਿਕਾਸ ਕਰਨ ਲਈ ਬੇਹਤਰ ਮਾਹੌਲ ਦਿੱਤਾ ਜਾਵੇਗਾ।
ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਐਨ.ਡੀ.ਟੀ.ਵੀ ਦਾ ਮਾਮਲਾ ਮੋਦੀ ਸਰਕਾਰ ਦੀਆਂ ਅੱਖਾਂ ਨੂੰ ਖੋਲ੍ਹਣ ਵਾਲਾ ਹੋਣਾ ਚਾਹੀਦਾ ਹੈ, ਜਿਸਨੂੰ ਅਜਿਹੇ ਲੋਕਤੰਤਰ ਵਿਰੋਧੀ ਕਦਮ ਨਹੀਂ ਚੁੱਕਣੇ ਚਾਹੀਦੇ ਹਨ। ਲੋਕ ਉਨ੍ਹਾਂ ਦੀ ਅਜ਼ਾਦੀ ਨੂੰ ਖਤਮ ਕਰਨ ਸਬੰਧੀ ਅਜਿਹੇ ਕਿਸੇ ਵੀ ਕਦਮ ਨੂੰ ਸਹਿਣ ਨਹੀਂ ਕਰਨਗੇ।