ਅਸ਼ੋਕ ਵਰਮਾ
ਮਾਨਸਾ, 2 ਦਸੰਬਰ 2020 - ਪਿਛਲੇ ਸਮੇਂ ਤੋਂ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਤੇ ਮਰੋ ਦੀ ਨੀਤੀ ਤਹਿਤ ਦਿੱਲੀ ਵਿਖੇ ਲਾਏ ਗਏ ਪੱਕੇ ਮੋਰਚੇ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਦਾ ਅਹਿਦ ਲਿਆ ਹੈ ਅਤੇ ਮੋਰਚਾ ਜਿੱਤਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰੇਲਵੇ ਸਟੇਸ਼ਨ ਕੋਲ ਚੱਲ ਰਹੇ ਕਿਸਾਨ ਅੰਦੋਲਨ ਤਹਿਤ 63ਵੇਂ ਦਿਨ ਵਿੱਚ ਚੱਲ ਰਹੇ ਧਰਨੇ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕੀਤਾ।
ਇਸ ਸਮੇਂ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇਸ਼ ਦਾ ਨਾ ਹੋ ਕੇ ਪੂਰੀ ਦੁਨੀਆ ਦਾ ਅੰਦੋਲਨ ਬਣ ਚੁੱਕਾ ਹੈ ਅਤੇ ਇਸ ਦੀ ਜਿੱਤ ਲਈ ਦੁਨੀਆ ਭਰ ਦੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸਹਿਯੋਗ ਤੇ ਸਮਰਥਨ ਮਿਲ ਰਿਹਾ ਹੈ। ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਆਗੂ ਦਰਸ਼ਨ ਪੰਧੇਰ, ਜਮਹੂਰੀ ਕਿਸਾਨ ਸਭਾ ਦੇ ਛੱਜੂ ਰਾਮ ਰਿਸ਼ੀ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਧੰਨਾ ਮੱਲ ਗੋਇਲ, ਬੀ.ਕੇ.ਯੂ ਡਕੌਂਦਾ ਦੇ ਮੱਖਣ ਸਿੰਘ ਉੱਡਤ, ਕ੍ਰਾਂਤੀਕਾਰੀ ਕਿਸਾਨ ਸਭਾ ਦੇ ਭਜਨ ਸਿੰਘ ਘੁੰਮਣ, ਪੰਜਾਬ ਕਿਸਾਨ ਸਭਾ ਦੇ ਸਵਰਨ ਸਿੰਘ ਬੋੜਾਵਾਲ ਅਤੇ ਮਜਦੂਰ ਮੁਕਤੀ ਮੋਰਚਾ ਦੇ ਗੁਰਮੀਤ ਸਿੰਘ ਨੰਦਗੜ੍ਹ ਆਗੂਆਂ ਨੇ ਸੰਬੋਧਨ ਕੀਤਾ। ਇਸ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਰਤਨ ਭੋਲਾ ਵੱਲੋਂ ਨਿਭਾਈ ਗਈ।