ਪਟਿਆਲਾ, 2 ਨਵੰਬਰ, 2016 : ਪੰਜਾਬ ਭਰ 'ਚ ਆਰਥਿਕ ਤੰਗੀ ਦੇ ਚਲਦਿਆ ਕਿਸਾਨਾਂ ਵੱਲੋਂ ਆਤਮਹੱਤਿਆ ਰੁਕਣ ਸਰਕਾਰ ਵੱਲੋਂ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ। ਪਿੰਡ ਕਕਰਾਲਾ ਵਿਖੇ 35 ਸਾਲ ਦੇ ਗੁਰਮੇਲ ਸਿੰਘ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਇਸ ਲਈ ਸਮਾਪਤ ਕਰ ਲਈ ਕਿ ਕਰਜ਼ ਦਾ ਬੋਜ ਚੱਕਦੇ-ਚੱਕਦੇ ਉਸਦੀ 14 ਕਿੱਲੇ ਜਮੀਨ ਵੀ ਵਿਕ ਗਈ ਪਰ ਉਸਦਾ ਕਰਜ਼ ਖ਼ਤਮ ਨਹੀਂ ਹੋਇਆ। ਦੂਸਰਾ ਜਮੀਨ ਵਿਕ ਜਾਣ ਨਾਲ ਉਸਦਾ ਵਿਆਹ ਵੀ ਨਹੀਂ ਸੀ ਹੋ ਰਿਹਾ ਜਿਸਨੂੰ ਨਾ ਸਾਹਾਰਦੇ ਹੋਏ ਕਿਸਾਨ ਗੁਰਮੇਲ ਸਿੰਘ ਨੇ ਮੌਤ ਨੂੰ ਗਲੇ ਲਗਾਉਣਾ ਸਹੀ ਸਮਜਿਆ।
ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ, ਗੁਰਮੇਲ ਸਿੰਘ ਕੋਲ ਦੱਸ ਸਾਲ ਪਹਿਲਾਂ 14 ਕਿੱਲੇ ਜ਼ਮੀਨ ਸੀ ਪਰ ਜਿੰਵੇਂ-ਜਿੰਵੇਂ ਸਮਾਂ ਗੁਜਰਦਾ ਰਿਹਾ ਉਵੇਂ ਹੀ ਉਨ੍ਹਾਂ ਦੀ ਜ਼ਮੀਨ ਕਰਜ਼ ਕਾਰਨ ਵਿਕਦੀ ਰਹੀ। ਆਤਮਹੱਤਿਆ ਦੀ ਖ਼ਬਰ ਸੁਣਦੇ ਹੀ ਨਾਭਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ 174 ਦੀ ਕਾਰਵਾਈ ਕੀਤੀ। ਇਸ ਮੌਕੇ ਐਸ.ਐਚ.ਓ ਦਵਿੰਦਰ ਸਿੰਘ ਨੇ ਦੱਸਿਆ ਕਿ, ਜ਼ਮੀਨ ਵਿਕਣ ਅਤੇ ਵਿਆਹ ਨਾ ਹੋਣ ਦੇ ਕਾਰਨ ਕਿਸਾਨ ਨੇ ਆਤਮਹੱਤਿਆ ਕੀਤੀ ਹੈ ਅਤੇ ਉਨ੍ਹਾਂ ਵਲੋਂ ਕਾਰਵਾਈ ਕਰ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ, ਸੂਬੇ ਭਰ ਦੇ ਕਿਸਾਨਾਂ 'ਤੇ 70 ਹਜਾਰ ਕਰੋੜ ਦਾ ਕਰਜ਼ਾ ਉਨ੍ਹਾਂ ਦੇ ਜ਼ੀਵਨ ਦੇ ਨਾਲ-ਨਾਲ ਉਨ੍ਹਾਂ ਦੀ ਆਰਥਿਕਤਾ ਦੇ ਲਈ ਵੱਡੀ ਚਣੋਤੀ ਬਣਕੇ ਉਭਰਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਵੱਲੋਂ ਆਤਮਹੱਤਿਆਂ ਕਰਨ ਦੀਆਂ ਵਾਰਦਾਤਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ ਹਨ। ਇਕ ਅਨੁਮਾਨ ਦੇ ਅਨੁਸਾਰ ਸਮੁੱਚੇ ਦੇਸ਼ ਦੀ ਗੱਲ ਕਰੀਏ ਤਾਂ 3 ਲੱਖ ਤੋਂ ਜਿਆਦਾ ਕਿਸਾਨ ਆਰਥਿਕ ਮੰਦਹਾਲੀ ਦੇ ਕਾਰਨ ਆਤਮਹੱਤਿਆ ਦਾ ਰਸਤਾ ਅਪਣਾ ਚੁੱਕੇ ਹਨ। ਰਾਜਨੀਤਕ ਪਾਰਟੀਆਂ ਨੂੰ ਹੁਣ ਚਾਹੀਦਾ ਹੈ ਕਿ, ਉਹ ਵੱਡੇ-ਵੱਡੇ ਦਾਅਵੇ ਛੱਡ ਇਨ੍ਹਾਂ ਕਿਸਾਨਾਂ ਲਈ ਸਾਰਥਕ ਕਦਮ ਚੁੱਕਣ, ਜਿਸ ਨਾਲ ਹਜ਼ਾਰਾਂ ਕਿਸਾਨਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ।