ਅਸ਼ੋਕ ਵਰਮਾ
- ਪੁਲਿਸ ਤੇ ਲਾਠੀਚਾਰਜ ਕਰਨ ਦੇ ਦੋਸ਼
ਬਠਿੰਡਾ, 25 ਦਸੰਬਰ 2020 - ਭਾਰਤੀ ਜੰਤਾ ਪਾਰਟੀ ਨੇ ਅੱਜ ਬਠਿੰਡਾ ’ਚ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ 110ਵੇਂ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦਾ ਕਿਸਾਨਾਂ ਵੱਲੋਂ ਵਿਰੋਧ ਕਰਨ ਖਿਲਾਫ ਅੱਜ ਬੀਜੇਪੀ ਆਗੂਆਂ ਨੇ ਜਿਲਾ ਪ੍ਰਧਾਨ ਵਿਨੋਦ ਬਿੰਟਾ ਦੀ ਅਗਵਾਈ ਹੇਠ ਸੜਕ ਤੇ ਧਰਨਾ ਲਾਇਆ। ਇਸ ਮੌਕੇ ਭਾਜਪਾ ਆਗੂਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ। ਬੀਜੇਪੀ ਲੀਡਰਸ਼ਿਪ ਨੇ ਦੋਸ਼ ਲਾਏ ਕਿ ਉਹਨਾਂ ਦੇ ਸਮਾਗਮ ਤੇ ਇਹ ਹਮਲਾ ਸਰਕਾਰ ਦੀ ਸ਼ਹਿ ਤੇ ਹੋਇਆ ਹੈ ਜਿਸ ਕਰਕੇ ਪੁਲਿਸ ਤਮਾਸ਼ਬੀਨ ਬਣੀ ਰਹੀ। ਇਸ ਮੌਕੇ ਭਾਜਪਾ ਦੇ ਜਿਲਾ ਪ੍ਰਧਾਨ ਵਿਨੋਦ ਬਿੰਟਾ ਨੇ ਧਰਨਾਕਾਰੀਆਂ ਨੂੰ ਗੁੰਡੇ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਪੁਲਿਸ ਨੇ ਭਾਰਤੀ ਜੰਤਾ ਪਾਰਟੀ ਦੇ ਲੀਡਰਾਂ ਨੂੰ ਸੁਰੱਖਿਆ ਦੇਣ ਦੀ ਥਾਂ ਉਲਟਾ ਉਹਨਾਂ ਤੇ ਲਾਠੀਆਂ ਚਲਾਈਆਂ ਹਨ।
ਉਹਨਾਂ ਆਖਿਆ ਕਿ ਪੁਲਿਸ ਨੇ ਔਰਤ ਆਗੂਆਂ ਦੇ ਡੰਡੇ ਮਾਰੇ ਅਤੇ ਬਦਸਲੂਕੀ ਕੀਤੀ ਹੈ। ਉਹਨਾਂ ਸਵਾਲ ਕੀਤਾ ਕਿ ਜਦੋਂ ਪੁਲਿਸ ਵੱਡੇ ਵੱਡੇ ਬੈਰੀਕੇਡ ਲਾਕੇ ਸਖਤ ਸੁਰੱਖਿਆ ਦਾ ਦਾਅਵਾ ਕਰਦੀ ਸੀ ਤਾਂ ਲੋਕ ਅੰਦਰ ਕਿਸ ਤਰਾਂ ਦਾਖਲ ਹੋ ਗਏ। ਉਹਨਾਂ ਆਖਿਆ ਕਿ ਸੈਂਕੜੇ ਲੋਕਾਂ ਦਾ ਅੰਦਰ ਆਉਣਾ ਤੇ ਪੁਲਿਸ ਦੀ ਹਾਜਰੀ ’ਚ ਹਜਰੀ ’ਚ ਕੁਰਸੀਆਂ ਤੋੜਨਾ ਪੁਲਿਸ ਪ੍ਰਸ਼ਾਸ਼ਨ ਦੀ ਕਥਿਤ ਮਿਲੀਭੁਗਤ ਨਹੀਂ ਤਾਂ ਹੋਰ ਕੀ ਹੈ। ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਭਾਜਪਾ ਆਗੂ ਅਸ਼ੋਕ ਭਾਰਤੀ ਦਾ ਕਹਿਣਾ ਸੀ ਕਿ ਪੁਲਿਸ ਮੁਲਾਜਮਾਂ ਨੇ ਉਹਨਾਂ ਦੇ ਡ:ਗਾਂ ਮਾਰੀਆਂ ਹਨ ਜਦੋਂਕਿ ਰਵਿੰਦਰ ਕੁਮਾਰ ਦੇ ਆਗੂ ਦੇ ਇੱਕ ਹਸਪਤਾਲ ਚੋਂ ਚਾਰ ਟਾਂਕੇ ਲਾਉਣੇ ਪਏ ਹਨ।
ਮਹਿਲਾ ਮੋਰਚਾ ਦੀ ਸੂਬਾ ਆਗੂ ਕਿਰਨ ਜਿੰਦਲ ਨੇ ਦੱਸਿਆ ਕਿ ਉਹਨਾਂ ਦੀ ਬਾਂਹ ਤੇ ਸੱਟ ਲੱਗੀ ਹੈ। ਮਹਿਲਾ ਮੋਰਚਾ ਦੀ ਜਿਲਾ ਪਧਾਨ ਮਮਤਾ ਜੈਨ ਨੇ ਵੀ ਪੁਲਿਸ ਨੇ ਅਜਿਹੇ ਦੋਸ਼ ਲਾਏ ਹਨ। ਭਾਜਪਾ ਆਗੂ ਦਲਜੀਤ ਸਿੰਘ ਖੁਰਮੀ ਨੇ ਕਿਹਾ ਕਿ ਪੁਲਿਸ ਕਾਰਵਾਈ ਕਰੇ ਕਿਉਂਕਿ ਇਹ ਸਭ ਅਫਸਰਾਂ ਸਾਹਮਣੇ ਹੋਇਆ ਹੈ। ਇਸ ਮੌਕੇ ਯੁਵਾ ਮੋਰਚਾ ਦੇ ਸੂਬਾ ਸਕੱਤਰ ਆਸ਼ੂਤੋਸ਼ ਸ਼ਰਮਾ ਅਤੇ ਜਿਲਾ ਪ੍ਰਧਾਨ ਸੰਦੀਪ ਅਗਰਵਾਲ ਨੇ ਵੀ ਪੁਲਿਸ ਦੇ ਵਤੀਰੇ ਤੇ ਸਵਾਲ ਚੁੱਕੇ। ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬ ’ਚ ਜੰਗਲ ਰਾਜ ਹੋ ਗਿਆ ਹੈ ਅਤੇ ਪੁਲਿਸ ਭਾਜਪਾ ਆਗੂਆਂ ਨੂੰ ਸੁਰੱਖਿਆ ਦੇਣ ਦੀ ਥਾਂ ਕੁੱਟਦੀ ਨਜ਼ਰ ਆ ਰਹੀ ਹੈ। ਉਹਨਾਂ ਹਮਲਾਵਰਾਂ ਅਤੇ ਭਾਜਪਾ ਨੇਤਾਵਾਂ ਨਾਲ ਬਦਸਲੂਕੀ ਕਰਨ ਵਾਲੇ ਪੁਲਿਸੋ ਮੁਲਾਜਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਕੋਈ ਲਾਠੀਚਾਰਜ ਨਹੀਂ: ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਬੀਜੇਪੀ ਵੱਲੋਂ ਲਾਏ ਦੋਸ਼ਾਂ ’ਚ ਕੋਈ ਸਚਾਈ ਨਹੀਂ ਹੈ। ਉਹਨਾਂ ਆਖਿਆ ਕਿ ਪੁਲਿਸ ਨੇ ਕਿਸੇ ਤੇ ਕੋਈ ਲਾਠੀਚਾਰਜ ਨਹੀਂ ਕੀਤਾ ਬਲਕਿ ਮੁਲਾਜਮਾਂ ਨੇ ਤਾਂ ਉਹਨਾਂ ਨੂੰ ਬਚਾਇਆ ਹੈ।
ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀਆਂ
ਇਸ ਤੋਂ ਪਹਿਲਾਂ ਅੱਜ ਭਾਜਪਾ ਦੀ ਲੀਡਰਸ਼ਿਪ ਨੇ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਹਨਾਂ ਦੇ 110ਵੇਂ ਜਨਮ ਦਿਹਾੜੇ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਉਹਨਾਂ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਕਰਾਰ ਦਿੱਤਾ। ਆਗੂਆਂ ਨੇ ਕਿ ਸ੍ਰੀ ਵਾਜਪਾਈ ਨੂੰ ਭਾਰਤ ਦੇ ਵਿਕਾਸ ਅਤੇ ਸਮਰਪਣ ਭਾਵਨਾ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਲ ਜਿਲਾ ਇੰਚਾਰਜ ਵਿਨੋਦ ਗੁਪਤਾ ਤੋਂ ਇਲਾਵਾ ਜਿਲਾ ਪ੍ਰਧਾਨ ਵਿਨੋਦ ਬਿੰਟਾ,ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਅਸ਼ੋਕ ਭਾਰਤੀ,ਸਾਬਕਾ ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ, ਜਿਲਾ ਮੀਤ ਪ੍ਰਧਾਨ ਅਸ਼ੋਕ ਬਾਲਿਆਂ ਵਾਲੀ, ਸਕੱਤਰ ਵਰਿੰਦਰ ਸ਼ਰਮਾ, ਮਨੀਸ਼ ਸ਼ਰਮਾ ਮੰਡਲ ਪ੍ਰਧਾਨ ਨਰੇਸ਼ ਮਹਿਤਾ,ਜੈਅੰਤ ਸ਼ਰਮਾ,ਮਦਨ ਲਾਲ ਗੁਪਤਾ ਤੇ ਮੰਡਲ ਪ੍ਰਧਾਨ ਸੁਖਬੀਰ ਚੌਧਰੀ ,ਸੰਦੀਪ ਅਗਰਵਾਲ ਅਤੇ ਆਸ਼ੂਤੋਸ਼ ਸ਼ਰਮਾ ਸਮੇਤ ਵੱਡੀ ਗਿਣਤੀ ਆਗੂ ਹਾਜਰ ਸਨ।